ਕਟਕ ਦੇ SCB ਹਸਪਤਾਲ ’ਚ ਅੱਗ ਦਾ ਕਹਿਰ: ICU ’ਚ 10 ਮਰੀਜ਼ਾਂ ਦੀ ਮੌਤ

ਕਟਕ ਦੇ SCB ਹਸਪਤਾਲ ’ਚ ਅੱਗ ਦਾ ਕਹਿਰ: ICU ’ਚ 10 ਮਰੀਜ਼ਾਂ ਦੀ ਮੌਤ

ਭੁਵਨੇਸ਼ਵਰ: ਉੜੀਸਾ ਦੇ ਕਟਕ ਸਥਿਤ ਸਰਕਾਰੀ ਐੱਸ.ਸੀ.ਬੀ. ਮੈਡੀਕਲ ਕਾਲਜ ਅਤੇ ਹਸਪਤਾਲ ਦੇ ਟਰਾਮਾ ਕੇਅਰ ਆਈ.ਸੀ.ਯੂ. (ICU) ਵਿੱਚ ਸੋਮਵਾਰ ਤੜਕੇ ਭਿਆਨਕ ਅੱਗ ਲੱਗਣ ਕਾਰਨ 10 ਮਰੀਜ਼ਾਂ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਸਵੇਰੇ ਤੜਕਸਾਰ 2:30 ਤੋਂ 3:00 ਵਜੇ ਦੇ ਦਰਮਿਆਨ ਵਾਪਰਿਆ, ਜਿਸ ਸਮੇਂ ਜ਼ਿਆਦਾਤਰ ਮਰੀਜ਼ ਗਹਿਰੀ ਨੀਂਦ ਵਿੱਚ ਸਨ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਮਰੀਜ਼ਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਹਸਪਤਾਲ ਦੇ 11 ਮੁਲਾਜ਼ਮ ਵੀ ਬੁਰੀ ਤਰ੍ਹਾਂ ਝੁਲਸ ਗਏ।

ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਸਥਾਨਕ ਪੁਲੀਸ ਅਤੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤੇ, ਜਿਸ ਦੌਰਾਨ 23 ਮਰੀਜ਼ਾਂ ਨੂੰ ਸੁਰੱਖਿਅਤ ਦੂਜੇ ਵਾਰਡਾਂ ਵਿੱਚ ਤਬਦੀਲ ਕੀਤਾ ਗਿਆ। ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਸਿਹਤ ਮੰਤਰੀ ਮੁਕੇਸ਼ ਮਹਾਲਿੰਗ ਦੇ ਨਾਲ ਹਸਪਤਾਲ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੀੜਤਾਂ ਦਾ ਹਾਲ-ਚਾਲ ਜਾਣਿਆ। ਮੁੱਖ ਮੰਤਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ-ਸਰਕਟ ਮੰਨਿਆ ਜਾ ਰਿਹਾ ਹੈ। ਉਨ੍ਹਾਂ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਸੱਤ ਗੰਭੀਰ ਮਰੀਜ਼ਾਂ ਦੀ ਮੌਤ ਦੂਜੇ ਆਈ.ਸੀ.ਯੂ. ਵਿੱਚ ਸ਼ਿਫਟ ਕਰਨ ਦੌਰਾਨ ਹੋਈ, ਜਦੋਂਕਿ ਤਿੰਨ ਹੋਰਾਂ ਨੇ ਬਾਅਦ ਵਿੱਚ ਦਮ ਤੋੜ ਦਿੱਤਾ।ਸੂਬਾ ਸਰਕਾਰ ਨੇ ਇਸ ਮੰਦਭਾਗੀ ਘਟਨਾ ਵਿੱਚ ਜਾਨ ਗੁਆਉਣ ਵਾਲੇ ਮਰੀਜ਼ਾਂ ਦੇ ਵਾਰਸਾਂ ਲਈ 25-25 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਜ਼ਖਮੀਆਂ ਦੇ ਮੁਫ਼ਤ ਤੇ ਬਿਹਤਰ ਇਲਾਜ ਦੇ ਸਖ਼ਤ ਨਿਰਦੇਸ਼ ਦਿੱਤੇ ਹਨ।

Share: