ਹੈਦਰਾਬਾਦ: ਭਾਰਤੀ ਮਹਿਲਾ ਹਾਕੀ ਟੀਮ ਨੇ 2026 ਦੇ ਐਫਆਈਐਚ (FIH) ਹਾਕੀ ਵਰਲਡ ਕੱਪ ਕੁਆਲੀਫਾਇਰ ਦੇ ਸੈਮੀਫਾਈਨਲ ਵਿੱਚ ਇਟਲੀ ਨੂੰ 1-0 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਹੈਦਰਾਬਾਦ ਦੇ ਜੀ.ਐਮ.ਸੀ. ਬਾਲਾਯੋਗੀ ਹਾਕੀ ਸਟੇਡੀਅਮ ਵਿੱਚ ਖੇਡੇ ਗਏ ਰੋਮਾਂਚਕ ਮੁਕਾਬਲੇ ਵਿੱਚ ਭਾਰਤ ਵੱਲੋਂ ਮਨੀਸ਼ਾ ਚੌਹਾਨ ਨੇ 40ਵੇਂ ਮਿੰਟ ਵਿੱਚ ਇੱਕੋ-ਇੱਕ ਫੈਸਲਾਕੁਨ ਗੋਲ ਕੀਤਾ। ਹੁਣ ਭਾਰਤ ਦਾ ਮੁਕਾਬਲਾ ਸ਼ਨਿਚਰਵਾਰ ਨੂੰ ਫਾਈਨਲ ਮੈਚ ਵਿੱਚ ਇੰਗਲੈਂਡ ਦੀ ਟੀਮ ਨਾਲ ਹੋਵੇਗਾ।
ਖੇਡ ਦੇ ਪਹਿਲੇ ਹਿੱਸੇ ਵਿੱਚ ਦੋਵਾਂ ਟੀਮਾਂ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ ਅਤੇ ਦੋਵੇਂ ਪਾਸਿਓਂ ਗੋਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਕੋਈ ਵੀ ਸਫਲ ਨਹੀਂ ਹੋ ਸਕਿਆ। ਦੂਜੇ ਕੁਆਰਟਰ ਵਿੱਚ ਭਾਰਤੀ ਟੀਮ ਨੇ ਆਪਣੀ ਖੇਡ ਵਿੱਚ ਤੇਜ਼ੀ ਲਿਆਂਦੀ ਅਤੇ ਲਗਾਤਾਰ ਹਮਲੇ ਕੀਤੇ। ਭਾਰਤ ਨੂੰ ਕਈ ਪੈਨਲਟੀ ਕਾਰਨਰ ਮਿਲੇ ਪਰ ਇਟਲੀ ਦੇ ਗੋਲਕੀਪਰ ਅਤੇ ਡਿਫੈਂਡਰਾਂ ਨੇ ਸ਼ਾਨਦਾਰ ਬਚਾਅ ਕਰਦੇ ਹੋਏ ਭਾਰਤ ਨੂੰ ਗੋਲ ਕਰਨ ਤੋਂ ਰੋਕੀ ਰੱਖਿਆ। 40ਵੇਂ ਮਿੰਟ ਵਿੱਚ ਮਨੀਸ਼ਾ ਚੌਹਾਨ ਨੇ ਪੈਨਲਟੀ ਕਾਰਨਰ ਨੂੰ ਡਰੈਗਫਲਿੱਕ ਰਾਹੀਂ ਗੋਲ ਵਿੱਚ ਬਦਲ ਕੇ ਭਾਰਤ ਨੂੰ 1-0 ਦੀ ਲੀਡ ਦਿਵਾਈ।
ਮੈਚ ਦੇ ਆਖਰੀ ਮਿੰਟਾਂ ਵਿੱਚ ਇਟਲੀ ਦੀ ਟੀਮ ਨੇ ਵਾਪਸੀ ਲਈ ਪੂਰੀ ਵਾਹ ਲਾਈ ਅਤੇ 59ਵੇਂ ਮਿੰਟ ਵਿੱਚ ਉਨ੍ਹਾਂ ਨੂੰ ਇੱਕ ਅਹਿਮ ਪੈਨਲਟੀ ਕਾਰਨਰ ਵੀ ਮਿਲਿਆ ਪਰ ਭਾਰਤੀ ਡਿਫੈਂਸ ਨੇ ਮਜ਼ਬੂਤੀ ਨਾਲ ਡਟ ਕੇ ਉਨ੍ਹਾਂ ਦੀ ਹਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਗੋਲਕੀਪਰ ਬਿਚੂ ਦੇਵੀ ਖਾਰੀਬਾਮ ਨੇ ਵੀ ਕੁਝ ਅਹਿਮ ਬਚਾਅ ਕਰਕੇ ਜਿੱਤ ਵਿੱਚ ਵੱਡਾ ਯੋਗਦਾਨ ਪਾਇਆ। ਹੁਣ ਭਾਰਤੀ ਟੀਮ 14 ਮਾਰਚ ਨੂੰ ਸ਼ਾਮ 7:30 ਵਜੇ ਇੰਗਲੈਂਡ ਵਿਰੁੱਧ ਫਾਈਨਲ ਖੇਡੇਗੀ ਜਿੱਥੇ ਉਨ੍ਹਾਂ ਦੀ ਨਜ਼ਰ ਖਿਤਾਬ ’ਤੇ ਹੋਵੇਗੀ।
