ਟਰੰਪ ਨੇ ਇਰਾਨ ਦੇ ਊਰਜਾ ਪਲਾਂਟਾਂ ’ਤੇ ਹਮਲੇ 6 ਅਪਰੈਲ ਤੱਕ ਰੋਕੇ

ਟਰੰਪ ਨੇ ਇਰਾਨ ਦੇ ਊਰਜਾ ਪਲਾਂਟਾਂ ’ਤੇ ਹਮਲੇ 6 ਅਪਰੈਲ ਤੱਕ ਰੋਕੇ

ਦੁਬਈ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਹ ਇਰਾਨ ਦੇ ਊਰਜਾ ਬੁਨਿਆਦੀ ਢਾਂਚੇ ‘ਤੇ ਹਮਲੇ 6 ਅਪਰੈਲ ਤੱਕ ਰੋਕ ਰਹੇ ਹਨ ਅਤੇ ਤਹਿਰਾਨ ਨੂੰ ਹੋਰਮੁਜ਼ ਜਲਮਾਰਗ  ਮੁੜ ਖੋਲ੍ਹਣ ਲਈ 10 ਦਿਨ ਦੀ ਮੋਹਲਤ ਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਜੰਗ ਖ਼ਤਮ ਕਰਨ ਲਈ ਗੱਲਬਾਤ ‘ਬਹੁਤ ਵਧੀਆ’ ਚੱਲ ਰਹੀ ਹੈ। ਇਹ ਕਦਮ ਟਰੰਪ ਦੀ ਪਿਛਲੀ ਉਸ ਚਿਤਾਵਨੀ ਤੋਂ ਪਿੱਛੇ ਹਟਣ ਦਾ ਸੰਕੇਤ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਜੇ ਮਹੱਤਵਪੂਰਨ ਸਮੁੰਦਰੀ ਰਸਤਾ ਬੰਦ ਰਿਹਾ ਤਾਂ ਅਮਰੀਕਾ ਇਰਾਨ ਦੇ ਊਰਜਾ ਪਲਾਂਟਾਂ ਨੂੰ ਨਿਸ਼ਾਨਾ ਬਣਾਏਗਾ। ਦੂਜੇ ਪਾਸੇ ਇਰਾਨ ਨੇ ਧਮਕੀ ਦਿੱਤੀ ਹੈ ਕਿ ਜੇ ਅਮਰੀਕਾ ਅਜਿਹੀ ਕਾਰਵਾਈ ਕਰਦਾ ਹੈ, ਤਾਂ ਉਹ ਖੇਤਰੀ ਬੁਨਿਆਦੀ ਢਾਂਚੇ, ਜਿਸ ਵਿੱਚ ਪਾਣੀ ਸਾਫ਼ ਕਰਨ ਵਾਲੇ ਪਲਾਂਟ (desalination facilities) ਸ਼ਾਮਲ ਹਨ, ‘ਤੇ ਜਵਾਬੀ ਹਮਲਾ ਕਰੇਗਾ। ਤਹਿਰਾਨ ਵੱਲੋਂ ਟਰੰਪ ਦੀ 15-ਨੁਕਾਤੀ ਜੰਗਬੰਦੀ ਯੋਜਨਾ ਨੂੰ ਖਾਰਜ ਕੀਤੇ ਜਾਣ ਦੇ ਇੱਕ ਦਿਨ ਬਾਅਦ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਇਰਾਨ ਸਮਝੌਤਾ ਕਰਨ ਲਈ ਤਰਲੇ ਪਾ ਰਿਹਾ ਹੈ ਅਤੇ ਉਨ੍ਹਾਂ ਦੇ ਨੇਤਾਵਾਂ ਨੂੰ ਗੱਲਬਾਤ ਲਈ ਜਲਦੀ ਗੰਭੀਰ ਹੋਣ ਦੀ ਅਪੀਲ ਕੀਤੀ। ਟਰੰਪ ਦਾ ਇਹ ਐਲਾਨ ਸੋਸ਼ਲ ਮੀਡੀਆ ਰਾਹੀਂ ਉਸ ਸਮੇਂ ਆਇਆ ਜਦੋਂ ਅਮਰੀਕੀ ਸ਼ੇਅਰ ਬਾਜ਼ਾਰਾਂ ਵਿੱਚ ਭਾਰੀ ਗਿਰਾਵਟ ਦੇਖੀ ਗਈ ਅਤੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਆਇਆ, ਕਿਉਂਕਿ ਵਾਲ ਸਟ੍ਰੀਟ ਵਿੱਚ ਜੰਗ ਦੇ ਖ਼ਤਮ ਹੋਣ ਦੀਆਂ ਉਮੀਦਾਂ ਮੁੜ ਧੁੰਦਲੀਆਂ ਹੁੰਦੀਆਂ ਦਿਖਾਈ ਦਿੱਤੀਆਂ।

ਇਸ ਭਿਆਨਕ ਜੰਗ ਨੇ ਹੁਣ ਤੱਕ ਇਰਾਨ ਵਿੱਚ 1,900 ਤੋਂ ਵੱਧ, ਲਿਬਨਾਨ ਵਿੱਚ ਲਗਪਗ 1,100, ਇਜ਼ਰਾਈਲ ਵਿੱਚ 22 ਅਤੇ ਅਮਰੀਕਾ ਦੇ 13 ਫੌਜੀ ਜਵਾਨਾਂ ਸਮੇਤ ਖਾੜੀ ਖੇਤਰ ਵਿੱਚ ਕਈ ਨਾਗਰਿਕਾਂ ਦੀ ਜਾਨ ਲੈ ਲਈ ਹੈ, ਜਦਕਿ ਲਿਬਨਾਨ ਅਤੇ ਇਰਾਨ ਵਿੱਚ ਲੱਖਾਂ ਲੋਕ ਬੇਘਰ ਹੋ ਚੁੱਕੇ ਹਨ।

ਆਰਥਿਕ ਮੋਰਚੇ ‘ਤੇ ਸੰਯੁਕਤ ਰਾਸ਼ਟਰ ਅਤੇ ਓ ਈ ਸੀ ਡੀ (OECD) ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਹ ਜੰਗ ਲੰਬੀ ਖਿੱਚੀ ਗਈ ਤਾਂ ਇਸ ਨਾਲ ਵਿਸ਼ਵ ਪੱਧਰ ‘ਤੇ ਮਹਿੰਗਾਈ ਵਧੇਗੀ; ਅਮਰੀਕਾ ਵਿੱਚ ਮਹਿੰਗਾਈ ਦਰ 4.2 ਫੀਸਦੀ ਤੱਕ ਪਹੁੰਚਣ ਦਾ ਖਦਸ਼ਾ ਹੈ। ਊਰਜਾ ਸੰਕਟ ਦੇ ਮੱਦੇਨਜ਼ਰ ਸਪੇਨ ਵਰਗੇ ਦੇਸ਼ਾਂ ਨੇ ਟੈਕਸਾਂ ਵਿੱਚ ਕਟੌਤੀ ਕੀਤੀ ਹੈ। ਫਰਾਂਸ ਨੇ ਦੱਸਿਆ ਕਿ ਹੋਰਮੁਜ਼ ਜਲਮਾਰਗ ਨੂੰ ਮੁੜ ਖੋਲ੍ਹਣ ਲਈ 35 ਦੇਸ਼ਾਂ ਦੀ ਫੌਜੀ ਗੱਲਬਾਤ ਚੱਲ ਰਹੀ ਹੈ ਤਾਂ ਜੋ ਸਮੁੰਦਰੀ ਆਵਾਜਾਈ ਨੂੰ ਸੁਰੱਖਿਅਤ ਬਣਾਇਆ ਜਾ ਸਕੇ।

Share: