ਅੰਮ੍ਰਿਤਸਰ: ਪੰਜਾਬ ਪੁਲੀਸ ਨੇ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਅੰਮ੍ਰਿਤਸਰ ’ਚ ਤਾਇਨਾਤ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੇ ਖ਼ੁਦਕੁਸ਼ੀ ਮਾਮਲੇ ਵਿੱਚ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਦੋ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਕੇਸ ਅੰਮ੍ਰਿਤਸਰ ਦੇ ਥਾਣਾ ਰਣਜੀਤ ਐਵੇਨਿਊ ਦੀ ਪੁਲੀਸ ਨੇ ਲੰਘੀ ਦੇਰ ਰਾਤ ਮ੍ਰਿਤਕ ਗਗਨਦੀਪ ਦੀ ਪਤਨੀ ਉਪਿੰਦਰ ਕੌਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਪੁਲੀਸ ਨੇ ਲਾਲਜੀਤ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਪੀ ਏ ਦਿਲਬਾਗ ਸਿੰਘ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਹੈ।
ਆਪਣੀ ਸ਼ਿਕਾਇਤ ਵਿੱਚ ਗਗਨਦੀਪ ਸਿੰਘ ਰੰਧਾਵਾ ਦੀ ਪਤਨੀ ਉਪਿੰਦਰ ਕੌਰ ਨੇ ਦੱਸਿਆ ਕਿ ਅਕਤੂਬਰ 2025 ਵਿੱਚ ਵਿਭਾਗ ਨੇ ਕੁਝ ਟੈਂਡਰ ਕੱਢੇ ਸਨ ਜਿਨ੍ਹਾਂ ਲਈ ਲਾਲਜੀਤ ਸਿੰਘ ਭੁੱਲਰ ਦੇ ਪਿਤਾ ਨੇ ਵੀ ਅਪਲਾਈ ਕੀਤਾ ਸੀ। ਇਹ ਟੈਂਡਰ ਕਿਸੇ ਹੋਰ ਨੂੰ ਮਿਲ ਗਏ ਸਨ ਪਰ ਹੁਣ ਲਾਲਜੀਤ ਭੁੱਲਰ ਟੈਂਡਰ ਰੱਦ ਕਰ ਕੇ ਉਸ ਦੇ ਪਿਤਾ ਦੇ ਹੱਕ ਵਿੱਚ ਜਾਰੀ ਕਰਨ ਲਈ ਦਬਾਅ ਪਾ ਰਹੇ ਸਨ। ਇਸ ਸਬੰਧ ਵਿੱਚ ਉਸ ਦੇ ਪਤੀ ਨੂੰ ਕਈ ਵਾਰ ਡਰਾਇਆ-ਧਮਕਾਇਆ ਵੀ ਗਿਆ ਅਤੇ 13 ਮਾਰਚ ਨੂੰ ਉਸ ਦੇ ਪਤੀ ਨੂੰ ਪੱਟੀ ਸੱਦਿਆ ਗਿਆ, ਜਿੱਥੇ ਉਸ ਦੀ ਕਥਿਤ ਕੁੱਟ-ਮਾਰ ਕੀਤੀ ਗਈ ਅਤੇ ਜ਼ਲੀਲ ਵੀ ਕੀਤਾ ਗਿਆ। ਇਸ ਦੀ ਜਾਣਕਾਰੀ ਉਸ ਦੇ ਪਤੀ ਨੇ ਉਸ ਨੂੰ ਵੀ ਦਿੱਤੀ ਸੀ। 13 ਮਾਰਚ ਨੂੰ ਵਾਪਰੀ ਘਟਨਾ ਸਮੇਂ ਲਾਲਜੀਤ ਸਿੰਘ ਭੁੱਲਰ, ਉਸ ਦਾ ਪਿਤਾ, ਪੀ ਏ ਤੇ ਕੁਝ ਹੋਰ ਅਣਪਛਾਤੇ ਵਿਅਕਤੀ ਉੱਥੇ ਹਾਜ਼ਰ ਸਨ।ਉਪਿੰਦਰ ਕੌਰ ਦੀ ਪਤਨੀ ਨੇ ਦੋਸ਼ ਲਾਇਆ ਕਿ ਉਸ ਦਿਨ ਉਸ ਦੇ ਪਤੀ ਦੇ ਸਿਰ ’ਤੇ ਪਿਸਤੌਲ ਰੱਖ ਕੇ ਗ਼ਲਤ ਬਿਆਨੀ ਵਾਲੀ ਵੀਡੀਓ ਵੀ ਬਣਵਾਈ ਗਈ ਸੀ। ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ ਜਿਸ ਕਾਰਨ ਉਸ ਦਾ ਪਤੀ ਪ੍ਰੇਸ਼ਾਨ ਰਹਿੰਦਾ ਸੀ ਅਤੇ 21 ਮਾਰਚ ਨੂੰ ਸਵੇਰੇ 5.30 ਵਜੇ ਉਸ ਦੇ ਪਤੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ।
ਗ਼ੌਰਤਲਬ ਹੈ ਕਿ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਆਗੂ ਤੇ ਸਮਰਥਕ ਮ੍ਰਿਤਕ ਗਗਨਦੀਪ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅਤੇ ਸਬੰਧਤ ਸਾਬਕਾ ਮੰਤਰੀ ਖ਼ਿਲਾਫ਼ ਕੇਸ ਦਰਜ ਕਰਵਾਉਣ ਦੀ ਮੰਗ ਨੂੰ ਲੈ ਕੇ ਦੇਰ ਰਾਤ ਤੱਕ ਥਾਣੇ ਵਿੱਚ ਬੈਠੇ ਰਹੇ ਸਨ। ਇਨ੍ਹਾਂ ਵਿੱਚ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਪ੍ਰਤਾਪ ਸਿੰਘ ਬਾਜਵਾ, ਸੁਨੀਲ ਜਾਖੜ ਤੇ ਹੋਰ ਆਗੂ ਸ਼ਾਮਲ ਸਨ।
ਲਾਲਜੀਤ ਭੁੱਲਰ ਤੇ ਪਿਤਾ ਰੂਪੋਸ਼ ਹੋਏ
ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਅਧਿਕਾਰੀ ਗਗਨਦੀਪ ਸਿੰਘ ਰੰਧਾਵਾ ਦੀ ਖ਼ੁਦਕੁਸ਼ੀ ਮਾਮਲੇ ’ਚ ਕੇਸ ਦਰਜ ਹੋਣ ਮਗਰੋਂ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਸਮੇਤ ਤਿੰਨੇ ਮੁਲਜ਼ਮ ਰੂਪੋਸ਼ ਹੋ ਗਏ ਹਨ। ਸਾਬਕਾ ਜੇਲ੍ਹ ਮੰਤਰੀ ਲਾਲਜੀਤ ਸਿੰਘ, ਉਸ ਦੇ ਪਿਤਾ ਸੁਖਦੇਵ ਸਿੰਘ ਅਤੇ ਸਾਬਕਾ ਮੰਤਰੀ ਦੇ ਪੀ ਏ ਦਿਲਬਾਗ ਸਿੰਘ ਦਾ ਫੋਨ ਬੰਦ ਆ ਰਿਹਾ ਹੈ। ਅਹਿਮ ਸੂਤਰਾਂ ਅਨੁਸਾਰ ਦਿਲਬਾਗ ਸਿੰਘ ਦੇ ਦਿੱਲੀ ’ਚ ਹੋਣ ਦੀ ਸੰਭਾਵਨਾ ਹੈ; ਭੁੱਲਰ ਪਿਉ-ਪੁੱਤ ਦੇ ਪੰਜਾਬ ਤੋਂ ਬਾਹਰ ਹੋਣ ਦੀ ਗੱਲ ਕਹੀ ਜਾ ਰਹੀ ਹੈ।
ਸਾਬਕਾ ਮੰਤਰੀ ਭੁੱਲਰ ਦੀ ਪੱਟੀ ਸ਼ਹਿਰ ਦੇ ਵਾਰਡ ਨੰਬਰ ਸੱਤ ’ਚ ਰਿਹਾਇਸ਼ ਹੈ, ਜਿੱਥੋਂ ਇਹ ਦੋਵੇਂ ਪਿਉ-ਪੁੱਤ ਕੱਲ੍ਹ ਤੋਂ ਹੀ ਗ਼ਾਇਬ ਹਨ। ਬਾਕੀ ਪਰਿਵਾਰਕ ਮੈਂਬਰ ਪੱਟੀ ’ਚ ਹੀ ਦੱਸੇ ਜਾ ਰਹੇ ਹਨ। ਅੱਜ ਲਾਲਜੀਤ ਭੁੱਲਰ ਦਾ ਦਫ਼ਤਰ ਵੀ ਖੁੱਲ੍ਹਿਆ ਹੋਇਆ ਸੀ। ਹਲਕਾ ਪੱਟੀ ਦੇ ਕੁਝ ਸਰਪੰਚਾਂ ਨੇ ਸਾਬਕਾ ਮੰਤਰੀ ਨੂੰ ਬੇਕਸੂਰ ਦਸਦਿਆਂ ਸੋਸ਼ਲ ਮੀਡੀਆ ’ਤੇ ਵੀਡੀਓ ਵੀ ਸਾਂਝੀ ਕੀਤੀ ਹੈ। ਸੂਤਰ ਦੱਸਦੇ ਹਨ ਕਿ ਪੁਲੀਸ ਇਨ੍ਹਾਂ ਤਿੰਨਾਂ ਜਣਿਆਂ ਦਾ ਥਹੁ ਪਤਾ ਰੱਖਣ ਲਈ ਕੋਸ਼ਿਸ਼ ਕਰ ਰਹੀ ਹੈ।
ਚਰਚੇ ਹਨ ਕਿ ‘ਆਪ’ ਸਾਬਕਾ ਮੰਤਰੀ ਨੂੰ ਪੁਲੀਸ ਤਫ਼ਤੀਸ਼ ’ਚ ਸ਼ਾਮਲ ਹੋਣ ਲਈ ਆਖ ਸਕਦੀ ਹੈ ਪਰ ਪਾਰਟੀ ਨੇ ਹਾਲੇ ਤੱਕ ਇਸ ਮਾਮਲੇ ’ਤੇ ਕੋਈ ਆਖ਼ਰੀ ਫ਼ੈਸਲਾ ਨਹੀਂ ਕੀਤਾ ਹੈ। ਸਾਬਕਾ ਮੰਤਰੀ ਭੁੱਲਰ ਸਮੇਤ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਹੋਣ ਮਗਰੋਂ ਹੁਣ ਪੰਜਾਬ ਸਰਕਾਰ ’ਤੇ ਵਿਰੋਧੀ ਧਿਰਾਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਦਬਾਅ ਬਣਾਉਣਾ ਸ਼ੁਰੂ ਕੀਤਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਗੌਤਮ ਜੈਨ ਨੇ 19 ਮਾਰਚ ਨੂੰ ਤਿੰਨ ਜ਼ਿਲ੍ਹਾ ਮੈਨੇਜਰਾਂ ਦੇ ਤਬਾਦਲੇ ਕੀਤੇ ਸਨ ਜਿਨ੍ਹਾਂ ’ਚ ਗਗਨਦੀਪ ਸਿੰਘ ਰੰਧਾਵਾ ਨੂੰ ਅੰਮ੍ਰਿਤਸਰ ਤੋਂ ਬਦਲ ਕੇ ਮੁੱਖ ਦਫ਼ਤਰ ਦੀ ਕਲੇਮ ਬਰਾਂਚ ’ਚ ਲਾਇਆ ਗਿਆ ਸੀ। ਮਰਹੂਮ ਰੰਧਾਵਾ ਨੇ ਮੈਨੇਜਿੰਗ ਡਾਇਰੈਕਟਰ ਨੂੰ 14 ਮਾਰਚ ਨੂੰ ਪੱਤਰ ਲਿਖ ਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਾਏ ਜਾ ਰਹੇ ਦਬਾਅ ਦੇ ਹਵਾਲੇ ਨਾਲ ਅੰਮ੍ਰਿਤਸਰ ਤੋਂ ਬਦਲੀ ਕਰਨ ਲਈ ਕਿਹਾ ਸੀ। ਉਨ੍ਹਾਂ ਮਾਨਸਿਕ ਦਬਾਅ ਜ਼ਿਆਦਾ ਹੋਣ ਕਰ ਕੇ ਅੰਮ੍ਰਿਤਸਰ/ਤਰਨ ਤਾਰਨ ਜ਼ਿਲ੍ਹੇ ’ਚ ਨੌਕਰੀ ਕਰਨ ਤੋਂ ਅਸਮੱਰਥਾ ਜ਼ਾਹਿਰ ਕੀਤੀ ਸੀ। ਸੂਤਰ ਦੱਸਦੇ ਹਨ ਕਿ ਵੇਅਰ ਹਾਊਸ ਦੇ ਮੈਨੇਜਿੰਗ ਡਾਇਰੈਕਟਰ ਤਰਫ਼ੋਂ ਇਸ ਮਾਮਲੇ ਬਾਰੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਜਾਣੂ ਨਹੀਂ ਕਰਾਇਆ ਗਿਆ ਅਤੇ ਮਰਹੂਮ ਰੰਧਾਵਾ ਦੀ ਪੰਜ ਦਿਨਾਂ ਮਗਰੋਂ ਬਦਲੀ ਕੀਤੀ ਗਈ।
ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਯੂਨੀਅਨਾਂ ਵੀ ਮਾਮਲੇ ’ਚ ਨਿੱਤਰੀਆਂ ਹਨ। ਸਮੂਹ ਖ਼ਰੀਦ ਏਜੰਸੀਆਂ ਦੀ ਤਾਲਮੇਲ ਕਮੇਟੀ ਨੇ ਉਦੋਂ ਤੱਕ ਤੱਕ ਕੰਮ ਪੂਰਨ ਤੌਰ ’ਤੇ ਠੱਪ ਰੱਖਣ ਦਾ ਫ਼ੈਸਲਾ ਕੀਤਾ ਹੈ ਜਦੋਂ ਤੱਕ ਪੀੜਤ ਪਰਿਵਾਰ ਸੰਤੁਸ਼ਟੀ ਜ਼ਾਹਰ ਨਹੀਂ ਕਰਦਾ। ਡੀ ਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਅਤੇ ਜਨਰਲ ਸਕੱਤਰ ਨਰਿੰਦਰ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ’ਚ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇ।
ਗ੍ਰਿਫ਼ਤਾਰੀ ਮਗਰੋਂ ਹੀ ਸਸਕਾਰ ਕਰੇਗਾ ਪਰਿਵਾਰ
ਖ਼ੁਦਕੁਸ਼ੀ ਕਰਨ ਵਾਲੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਨੇ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਹੋਣ ਤੱਕ ਉਸ ਦਾ ਪੋਸਟਮਾਰਟਮ ਨਾ ਕਰਾਉਣ ਦਾ ਐਲਾਨ ਕੀਤਾ ਹੈ। ਰੰਧਾਵਾ ਦੀ ਪਤਨੀ ਉਪਿੰਦਰ ਕੌਰ ਨੇ ਕਿਹਾ, ‘‘ਅਸੀਂ ਪਹਿਲਾਂ ਇਨਸਾਫ਼ ਚਾਹੁੰਦੇ ਹਾਂ। ਸਾਬਕਾ ਮੰਤਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਲਾਸ਼ ਦਾ ਪੋਸਟਮਾਰਟਮ ਅਤੇ ਸਸਕਾਰ ਕੀਤਾ ਜਾਵੇਗਾ।’’ ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਗੰਭੀਰ ਹੁੰਦੀ ਤਾਂ ਐੱਫ ਆਈ ਆਰ ਦਰਜ ਕਰਨ ਵਿੱਚ ਦੇਰ ਨਾ ਕਰਦੀ। ਆਪਣੀ ਅਤੇ ਪਰਿਵਾਰ ਦੀ ਜਾਨ ਖ਼ਤਰੇ ’ਚ ਹੋਣ ਦਾ ਖ਼ਦਸ਼ਾ ਜ਼ਾਹਿਰ ਕਰਦਿਆਂ ਉਪਿੰਦਰ ਕੌਰ ਨੇ ਤੁਰੰਤ ਪੁਲੀਸ ਸੁਰੱਖਿਆ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਪਰਿਵਾਰ ਨੂੰ ਕੁਝ ਹੁੰਦਾ ਹੈ ਤਾਂ ਉਸ ਲਈ ‘ਆਪ’ ਸਰਕਾਰ ਜ਼ਿੰਮੇਵਾਰ ਹੋਵੇਗੀ।

