ਬੰਗਾਲ: ਅਧਿਕਾਰੀਆਂ ਦੀ ਬਦਲੀ ਨੇ ਸਿਆਸਤ ਭਖਾਈ

ਬੰਗਾਲ: ਅਧਿਕਾਰੀਆਂ ਦੀ ਬਦਲੀ ਨੇ ਸਿਆਸਤ ਭਖਾਈ

ਕੋਲਕਾਤਾ/ਨਵੀਂ ਦਿੱਲੀ: ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਇਕ ਦਿਨ ਬਾਅਦ ਹੀ ਚੋਣ ਕਮਿਸ਼ਨ ਨੇ ਮੁੱਖ ਸਕੱਤਰ ਅਤੇ ਡੀ ਜੀ ਪੀ ਸਮੇਤ ਸਿਖਰਲੇ ਅਧਿਕਾਰੀਆਂ ਨੂੰ ਅਹੁਦਿਆਂ ਤੋਂ ਲਾਂਭੇ ਕਰ ਦਿੱਤਾ। ਸਿਵਲ ਅਤੇ ਪੁਲੀਸ ਅਧਿਕਾਰੀਆਂ ਨੂੰ ਹਟਾਉਣ ਮਗਰੋਂ ਭਾਜਪਾ ਅਤੇ ਪੱਛਮੀ ਬੰਗਾਲ ਦੀ ਹੁਕਮਰਾਨ ਧਿਰ ਤ੍ਰਿਣਮੂਲ ਕਾਂਗਰਸ ਦੇ ਆਗੂ ਮਿਹਣੋ-ਮਿਹਣੀ ਹੋ ਗਏ ਹਨ। ਇਸ ਮੁੱਦੇ ’ਤੇ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਅੱਜ ਰਾਜ ਸਭਾ ’ਚੋਂ ਵਾਕਆਊਟ ਕੀਤਾ। ਚੋਣ ਕਮਿਸ਼ਨ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੱਲੋਂ ਪੱਛਮੀ ਬੰਗਾਲ ’ਚ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਾਉਣ ਦੇ ਦਿੱਤੇ ਗਏ ਭਰੋਸੇ ਤਹਿਤ ਹੀ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਹਨ, ਹਟਾਏ ਅਧਿਕਾਰੀਆਂ ਨੂੰ ਚੋਣਾਂ ਨਾਲ ਸਬੰਧਤ ਕਿਸੇ ਵੀ ਅਹੁਦੇ ’ਤੇ ਤਾਇਨਾਤ ਨਹੀਂ ਕੀਤਾ ਜਾਵੇਗਾ।

ਚੋਣ ਕਮਿਸ਼ਨ ਨੇ ਐਤਵਾਰ ਦੇਰ ਰਾਤ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਨੰਦਿਨੀ ਚੱਕਰਵਰਤੀ ਤੇ ਗ੍ਰਹਿ ਸਕੱਤਰ ਜਗਦੀਸ਼ ਪ੍ਰਸਾਦ ਮੀਨਾ ਅਤੇ ਸੋਮਵਾਰ ਨੂੰ ਜਾਰੀ ਹੁਕਮਾਂ ਤਹਿਤ ਸੂਬੇ ਦੇ ਡੀ ਜੀ ਪੀ ਪਿਯੂਸ਼ ਪਾਂਡੇ ਤੇ ਕੋਲਕਾਤਾ ਦੇ ਪੁਲੀਸ ਕਮਿਸ਼ਨਰ ਸੁਪ੍ਰਤਿਮ ਸਰਕਾਰ ਨੂੰ ਹਟਾ ਦਿੱਤਾ। ਕਮਿਸ਼ਨ ਨੇ ਉੱਤਰੀ ਬੰਗਾਲ ਵਿਕਾਸ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਸੂਬੇ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਹੈ। ਚੋਣ ਕਮਿਸ਼ਨ ਨੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਸਕੱਤਰ ਸੰਘਮਿੱਤਰਾ ਘੋਸ਼ ਨੂੰ ਗ੍ਰਹਿ ਸਕੱਤਰ ਲਾਇਆ ਹੈ। ਇਸੇ ਤਰ੍ਹਾਂ ਘੁਸਪੈਠ ਵਿਰੋਧੀ ਬਲ ਦੇ ਏ ਡੀ ਜੀ ਸਿੱਧਨਾਥ ਗੁਪਤਾ ਨੂੰ ਡੀ ਜੀ ਪੀ ਅਤੇ ਅਜੈ ਕੁਮਾਰ ਨੰਦ ਨੂੰ ਕੋਲਕਾਤਾ ਪੁਲੀਸ ਕਮਿਸ਼ਨਰ ਬਣਾਇਆ ਹੈ। ਕਮਿਸ਼ਨ ਨੇ ਏ ਡੀ ਜੀ (ਅਮਨ ਕਾਨੂੰਨ) ਵਿਨੀਤ ਗੋਇਲ ਦੀ ਥਾਂ ’ਤੇ ਅਜੈ ਮੁਕੁੰਦ ਰਾਨਾਡੇ ਨੂੰ ਕਾਰਜਭਾਰ ਸੌਂਪਿਆ ਹੈ।

ਤ੍ਰਿਣਮੂਲ ਕਾਂਗਰਸ ਦੇ ਆਗੂ ਡੈਰੇਕ ਓ’ਬ੍ਰਾਇਨ ਨੇ ਅਧਿਕਾਰੀਆਂ ਨੂੰ ਹਟਾਉਣ ਦਾ ਮੁੱਦਾ ਰਾਜ ਸਭਾ ’ਚ ਸਿਫਰਕਾਲ ਦੌਰਾਨ ਚੁੱਕਿਆ। ਉਨ੍ਹਾਂ ਇਸ ਫ਼ੈਸਲੇ ਦੇ ਵਿਰੋਧ ’ਚ ਸਦਨ ’ਚੋਂ ਵਾਕਆਊਟ ਕੀਤਾ। ਪਾਰਟੀ ਦੀ ਇਕ ਹੋਰ ਆਗੂ ਸੌਗਾਤਾ ਰੌਏ ਨੇ ਅਧਿਕਾਰੀਆਂ ਦੇ ਤਬਾਦਲੇ ਨੂੰ ਗਲਤ ਕਰਾਰ ਦਿੱਤਾ। ਤ੍ਰਿਣਮੂਲ ਦੇ ਸੰਸਦ ਮੈਂਬਰ ਕੀਰਤੀ ਆਜ਼ਾਦ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਭਾਜਪਾ ਦੀ ਜਥੇਬੰਦੀ ਵਜੋਂ ਕੰਮ ਕਰ ਰਿਹਾ ਹੈ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਦੋਸ਼ ਲਾਇਆ ਕਿ ਜਿਨ੍ਹਾਂ ਸੂਬਿਆਂ ’ਚ ਭਾਜਪਾ ਦੀਆਂ ਸਰਕਾਰਾਂ ਨਹੀਂ ਹਨ, ਉਥੇ ਅਧਿਕਾਰੀਆਂ ਨੂੰ ਰੁਟੀਨ ’ਚ ਹਟਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ’ਚ ਭਾਜਪਾ ਦੀ ਸਰਕਾਰ ਹੈ ਪਰ ਉਥੇ ਚੋਣਾਂ ਦੌਰਾਨ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ ਜਦਕਿ ਅਧਿਕਾਰੀਆਂ ਦੀ ਕਈ ਵਾਰ ਸ਼ਿਕਾਇਤ ਕੀਤੀ ਜਾਂਦੀ ਹੈ।

ਇਸ ਦੌਰਾਨ, ਭਾਜਪਾ ਨੇ ਪੱਛਮੀ ਬੰਗਾਲ ਚੋਣਾਂ ਲਈ 144 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਵਿਰੋਧੀ ਧਿਰ ਦੇ ਆਗੂ ਸ਼ੁਵੇਂਦੂ ਅਧਿਕਾਰੀ ਨੂੰ ਦੋ ਸੀਟਾਂ ਨੰਦੀਗ੍ਰਾਮ ਅਤੇ ਭਵਾਨੀਪੁਰ ਤੋਂ ਮੈਦਾਨ ’ਚ ਉਤਾਰਿਆ ਗਿਆ ਹੈ ਅਤੇ ਉਹ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸਿੱਧੀ ਟੱਕਰ ਦੇਣਗੇ। ਖੱਬੇ ਮੋਰਚੇ ਨੇ ਵੀ 192 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ।

Share: