ਖਿਡਾਰੀਆਂ ਲਈ ਖੇਡਾਂ ਦੇ ਨਾਲ-ਨਾਲ ਪੜ੍ਹਾਈ ਵੀ ਜ਼ਰੂਰੀ: ਸਿੰਧੂ

ਖਿਡਾਰੀਆਂ ਲਈ ਖੇਡਾਂ ਦੇ ਨਾਲ-ਨਾਲ ਪੜ੍ਹਾਈ ਵੀ ਜ਼ਰੂਰੀ: ਸਿੰਧੂ

ਗੁਰੂਗ੍ਰਾਮ: ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਅਤੇ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀ ਵੀ ਸਿੰਧੂ ਨੇ ਅੱਜ ਉਭਰਦੇ ਖਿਡਾਰੀਆਂ ਨੂੰ ਖੇਡਾਂ ਦੇ ਨਾਲ-ਨਾਲ ਪੜ੍ਹਾਈ ਜਾਰੀ ਰੱਖਣ ਦੀ ਵੀ ਸਲਾਹ ਦਿੱਤੀ ਹੈ। ਡੀ ਪੀ ਐੱਸ ਇੰਟਰਨੈਸ਼ਨਲ ਸਕੂਲ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਿੰਧੂ ਨੇ ਕਿਹਾ ਕਿ ਖੇਡਾਂ ਵਿੱਚ ਕਰੀਅਰ ਬਣਾਉਣ ਲਈ ਪੜ੍ਹਾਈ ਨੂੰ ਅਣਗੌਲਿਆਂ ਕਰਨਾ ਜੋਖ਼ਮ ਭਰਿਆ ਹੋ ਸਕਦਾ ਹੈ। ਇੱਕ ਵੀ ਗੰਭੀਰ ਸੱਟ ਖਿਡਾਰੀ ਦਾ ਕਰੀਅਰ ਖ਼ਤਮ ਕਰ ਸਕਦੀ ਹੈ। ਸਾਬਕਾ ਆਲਮੀ ਚੈਂਪੀਅਨ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ 2015 ਵਿੱਚ ਖੱਬੇ ਪੈਰ ਦੇ ਸਟ੍ਰੈੱਸ ਫਰੈਕਚਰ ਕਾਰਨ ਉਹ ਛੇ ਮਹੀਨੇ ਖੇਡ ਤੋਂ ਦੂਰ ਰਹੀ ਸੀ। ਉਸ ਸਮੇਂ ਉਸ ਦੇ ਮਨ ਵਿੱਚ ਡਰ ਪੈਦਾ ਹੋ ਗਿਆ ਸੀ ਕਿ ਉਹ ਦੁਬਾਰਾ ਖੇਡ ਸਕੇਗੀ ਜਾਂ ਨਹੀਂ। ਹਾਲਾਂਕਿ, ਉਸ ਨੇ ਹਿੰਮਤ ਨਹੀਂ ਹਾਰੀ ਅਤੇ 2016 ਦੀਆਂ ਰੀਓ ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਸਿੰਧੂ ਨੇ ਕਿਹਾ, ‘‘ਤੁਸੀਂ 45, 50 ਜਾਂ 60 ਸਾਲ ਦੀ ਉਮਰ ਤੱਕ ਉੱਚ ਪੱਧਰ ’ਤੇ ਨਹੀਂ ਖੇਡ ਸਕਦੇ। ਇਕ ਦਿਨ ਤੁਹਾਨੂੰ ਖੇਡ ਤੋਂ ਸੰਨਿਆਸ ਲੈਣਾ ਹੀ ਪਵੇਗਾ ਪਰ ਵਿੱਦਿਆ ਹਮੇਸ਼ਾ ਤੁਹਾਡੇ ਨਾਲ ਰਹੇਗੀ।’’ ਉਸ ਨੇ ਦੱਸਿਆ ਕਿ ਉਸ ਨੇ ਖੁਦ ਖੇਡਾਂ ਦੇ ਨਾਲ ਐੱਮ ਬੀ ਏ ਦੀ ਪੜ੍ਹਾਈ ਪੂਰੀ ਕੀਤੀ ਹੈ। ਉਸ ਨੇ ਕਿਹਾ ਕਿ ਸੱਟਾਂ ਬਾਰੇ ਕੁਝ ਪਤਾ ਨਹੀਂ ਹੁੰਦਾ, ਇਹ ਕਦੇ ਵੀ ਲੱਗ ਸਕਦੀਆਂ ਹਨ, ਇਸ ਲਈ ਜ਼ਿੰਦਗੀ ਵਿੱਚ ਦੂਜਾ ਬਦਲ (ਪੜ੍ਹਾਈ) ਤਿਆਰ ਰੱਖਣਾ ਚਾਹੀਦਾ ਹੈ।

Share: