ਬਰਲਿਨ: ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਮੁਤਾਬਕ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 6.1 ਮਾਪੀ ਗਈ ਹੈ। ਵਿਗਿਆਨੀਆਂ ਨੇ ਦੱਸਿਆ ਹੈ ਕਿ ਇਹ ਭੂਚਾਲ ਜ਼ਮੀਨ ਦੇ ਅੰਦਰ ਸਿਰਫ਼ 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ, ਜਿਸ ਕਾਰਨ ਇਸ ਦੇ ਝਟਕੇ ਕਾਫ਼ੀ ਤੇਜ਼ ਸਨ। ਜਦੋਂ ਭੂਚਾਲ ਧਰਤੀ ਦੀ ਸਤਿਹ ਦੇ ਨੇੜੇ ਘੱਟ ਡੂੰਘਾਈ ‘ਤੇ ਆਉਂਦਾ ਹੈ ਤਾਂ ਉਹ ਜ਼ਿਆਦਾ ਖ਼ਤਰਨਾਕ ਸਾਬਤ ਹੁੰਦਾ ਹੈ। ਅਜਿਹੇ ਭੂਚਾਲਾਂ ਦੀਆਂ ਲਹਿਰਾਂ ਨੂੰ ਉੱਪਰ ਤੱਕ ਪਹੁੰਚਣ ਲਈ ਬਹੁਤ ਘੱਟ ਦੂਰੀ ਤੈਅ ਕਰਨੀ ਪੈਂਦੀ ਹੈ, ਜਿਸ ਨਾਲ ਇਮਾਰਤਾਂ ਨੂੰ ਨੁਕਸਾਨ ਪਹੁੰਚਣ ਅਤੇ ਜਾਨੀ-ਮਾਲੀ ਨੁਕਸਾਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਭੂਚਾਲ ਤੋਂ ਬਾਅਦ ਹੁਣ ਆਫਟਰਸ਼ੌਕਸ (ਭੂਚਾਲ ਤੋਂ ਬਾਅਦ ਆਉਣ ਵਾਲੇ ਹਲਕੇ ਝਟਕੇ) ਆਉਣ ਦੀ ਸੰਭਾਵਨਾ ਵੀ ਬਣੀ ਹੋਈ ਹੈ।
ਕੀ ਹੈ ਪ੍ਰਸ਼ਾਂਤ ਮਹਾਂਸਾਗਰ ਦਾ ‘ਰਿੰਗ ਆਫ ਫਾਇਰ’?
ਦੁਨੀਆ ਦੇ ਲਗਪਗ 90% ਭੂਚਾਲ ਪ੍ਰਸ਼ਾਂਤ ਮਹਾਂਸਾਗਰ ਦੇ ਇਸੇ ਇਲਾਕੇ ਵਿੱਚ ਆਉਂਦੇ ਹਨ ਜਿਸ ਨੂੰ ਰਿੰਗ ਆਫ ਫਾਇਰ ਕਿਹਾ ਜਾਂਦਾ ਹੈ। ਇਹ ਲਗਪਗ 40,000 ਕਿਲੋਮੀਟਰ ਲੰਬਾ ਇਲਾਕਾ ਹੈ ਜਿੱਥੇ ਧਰਤੀ ਦੇ ਅੰਦਰਲੀਆਂ ਪਲੇਟਾਂ ਆਪਸ ਵਿੱਚ ਟਕਰਾਉਂਦੀਆਂ ਰਹਿੰਦੀਆਂ ਹਨ। ਦੁਨੀਆ ਦੇ ਸਭ ਤੋਂ ਵੱਡੇ ਭੂਚਾਲ ਵੀ ਇਸੇ ਪੱਟੀ ਵਿੱਚ ਆਉਂਦੇ ਹਨ। ਅੰਕੜਿਆਂ ਮੁਤਾਬਕ ਦੁਨੀਆ ਵਿੱਚ ਹਰ ਸਾਲ ਲਗਪਗ 5 ਲੱਖ ਭੂਚਾਲ ਆਉਂਦੇ ਹਨ, ਜਿਨ੍ਹਾਂ ਵਿੱਚੋਂ ਲਗਭਗ 100 ਭੂਚਾਲ ਅਜਿਹੇ ਹੁੰਦੇ ਹਨ ਜੋ ਭਾਰੀ ਤਬਾਹੀ ਮਚਾ ਸਕਦੇ ਹਨ।

