ਪਾਕਿਸਤਾਨੀ ਨਾਗਰਿਕਤਾ ਅਤੇ ਜਾਸੂਸੀ ਦੇ ਮਾਮਲੇ ’ਚ ਮਹਿਲਾ ਗ੍ਰਿਫਤਾਰ, ਧੀ ਖ਼ਿਲਾਫ਼ ਮਾਮਲਾ ਦਰਜ

ਮੇਰਠ (ਯੂਪੀ): ਮੇਰਠ ਪੁਲੀਸ ਨੇ ਪਾਕਿਸਤਾਨ ਦੀ ਆਈ ਐੱਸ ਆਈ (ISI) ਲਈ ਜਾਸੂਸੀ ਕਰਨ ਅਤੇ ਯੋਗ ਨਾਗਰਿਕਤਾ ਤੋਂ ਬਿਨਾਂ ਦੇਸ਼ ਵਿੱਚ ਰਹਿਣ ਦੇ ਦੋਸ਼ ਵਿੱਚ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸਦੀ ਧੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲੀਸ ਅਨੁਸਾਰ ਦਿੱਲੀ ਗੇਟ ਥਾਣਾ ਖੇਤਰ ਦੀ ਰਹਿਣ ਵਾਲੀ ਰੁਕਸਾਨਾ ਨੇ ਸੀਨੀਅਰ ਪੁਲੀਸ ਕਪਤਾਨ ਅਤੇ ਵਧੀਕ ਪੁਲੀਸ ਕਪਤਾਨ (ਸ਼ਹਿਰ) ਨੂੰ ਸ਼ਿਕਾਇਤ ਦਿੱਤੀ ਸੀ,ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਜਾਲੀ ਕੋਠੀ ਦੀ ਨਾਦਿਰ ਅਲੀ ਬਿਲਡਿੰਗ ਵਿੱਚ ਰਹਿਣ ਵਾਲੀ ਸਾਬਾ ਫਰਹਤ 1988 ਵਿੱਚ ਪਾਕਿਸਤਾਨ ਗਈ ਸੀ ਅਤੇ ਉੱਥੇ ਇੱਕ ਪਾਕਿਸਤਾਨੀ ਨਾਗਰਿਕ ਫਰਹਤ ਮਸੂਦ ਨਾਲ ਵਿਆਹ ਕਰ ਲਿਆ ਸੀ। 

ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਸਦੀ ਧੀ ਐਮਨ ਫਰਹਤ,ਜਿਸਦਾ ਜਨਮ 1993 ਵਿੱਚ ਪਾਕਿਸਤਾਨ ਵਿੱਚ ਹੋਇਆ ਸੀ,ਨੂੰ ਪਾਕਿਸਤਾਨੀ ਪਾਸਪੋਰਟ ‘ਤੇ ਭਾਰਤ ਲਿਆਂਦਾ ਗਿਆ ਸੀ ਅਤੇ ਬਾਅਦ ਵਿੱਚ ਇੱਥੇ ਇੱਕ ਸਕੂਲ ਵਿੱਚ ਦਾਖਲ ਕਰਵਾਇਆ ਗਿਆ ਸੀ,ਪਰ ਉਸਨੂੰ ਕਦੇ ਵੀ ਭਾਰਤੀ ਨਾਗਰਿਕਤਾ ਨਹੀਂ ਦਿੱਤੀ ਗਈ ਸੀ।  ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਮਹਿਲਾ ਨੇ ਆਪਣੀ ਧੀ ਲਈ ਪਾਸਪੋਰਟ ਪ੍ਰਾਪਤ ਕਰਨ ਲਈ ਜਾਅਲੀ ਦਸਤਾਵੇਜ਼ ਤਿਆਰ ਕੀਤੇ ਸਨ ਅਤੇ ਆਪਣੇ ਨਾਮ ‘ਤੇ ਦੋ ਵੱਖ-ਵੱਖ ਪਛਾਣ ਦਸਤਾਵੇਜ਼ ਬਣਾਏ ਸਨ। ਪੁਲੀਸ ਨੇ ਦੱਸਿਆ ਕਿ ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਦੋਵੇਂ ਮਹਿਲਾਵਾਂ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ISI) ਲਈ ਜਾਸੂਸੀ ਕਰ ਰਹੀਆਂ ਸਨ ਅਤੇ ਗੁਪਤ ਜਾਣਕਾਰੀ ਇਕੱਠੀ ਕਰ ਰਹੀਆਂ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੇ ਸੋਮਵਾਰ ਨੂੰ ਸਾਬਾ ਫਰਹਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਐਸਐਸਪੀ ਅਵਿਨਾਸ਼ ਪਾਂਡੇ ਨੇ ਦੱਸਿਆ ਕਿ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਵਧੀਕ ਪੁਲੀਸ ਕਪਤਾਨ (ਸ਼ਹਿਰ) ਵੱਲੋਂ ਕੀਤੀ ਗਈ ਜਾਂਚ ਵਿੱਚ ਉਨ੍ਹਾਂ ਦੇ ਕਬਜ਼ੇ ਵਿੱਚੋਂ ਜਾਅਲੀ ਦਸਤਾਵੇਜ਼ ਮਿਲੇ ਹਨ,ਜਿਸ ਤੋਂ ਬਾਅਦ ਸ਼ਨਿਚਰਵਾਰ ਨੂੰ ਦਿੱਲੀ ਗੇਟ ਥਾਣੇ ਵਿੱਚ ਭਾਰਤੀ ਨਿਆ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮਹਿਲਾਵਾਂ ਖ਼ਿਲਾਫ਼ ਐੱਫ ਆਈ ਆਰ ਦਰਜ ਕੀਤੀ ਗਈ ਸੀ।

Share: