ਕਾਠਮੰਡੂ/ਕੋਲਕਾਤਾ: ਟਰਕਿਸ਼ ਏਅਰਲਾਈਨਜ਼ ਦੇ ਯਾਤਰੀ ਜਹਾਜ਼ ਦੇ ਸੱਜੇ ਇੰਜਣ ਨੂੰ ਅੱਜ ਦੁਪਹਿਰ ਸਮੇਂ ਅੱਗ ਲੱਗ ਗਈ ਜਿਸ ਕਾਰਨ ਕਾਠਮੰਡੂ ਦੇ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ’ਤੇ ਹਫੜਾ-ਦਫੜੀ ਪੈ ਗਈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
ਟਰਕਿਸ਼ ਏਅਰਲਾਈਨਜ਼ ਦੀ ਉਡਾਣ ਨੰਬਰ ਟੀ ਐੱਚ ਵਾਈ-727 ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ ਇਸਤਾਂਬੁਲ ਲਈ ਰਵਾਨਾ ਹੋਈ ਸੀ। ਜਹਾਜ਼ ਨੇ ਸਥਾਨਕ ਸਮੇਂ ਅਨੁਸਾਰ ਦੁਪਹਿਰ 1.28 ਵਜੇ ਉਡਾਣ ਭਰੀ। ਉਡਾਣ ਭਰਨ ਦੇ ਮਹਿਜ਼ ਚਾਰ ਮਿੰਟਾਂ ਦੇ ਅੰਦਰ ਹੀ ਜਹਾਜ਼ ਦੇ ਸੱਜੇ ਇੰਜਣ ਵਿੱਚ ਅੱਗ ਲੱਗ ਗਈ। ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ਦੇ ਜਨਰਲ ਮੈਨੇਜਰ ਟੇਕਨਾਥ ਸਿਟੌਲਾ ਨੇ ਏ ਐੱਨ ਆਈ ਨੂੰ ਫੋਨ ’ਤੇ ਦੱਸਿਆ, ‘‘ਟਰਕਿਸ਼ ਏਅਰਲਾਈਨਜ਼ ਦੇ ਜਹਾਜ਼ ਦੇ ਸੱਜੇ ਇੰਜਣ ਨੂੰ ਉਡਾਣ ਭਰਨ ਦੇ ਚਾਰ ਮਿੰਟਾਂ ਦੇ ਅੰਦਰ ਹੀ ਅੱਗ ਲੱਗ ਗਈ।’’ ਅੱਗ ਲੱਗਣ ਤੋਂ ਬਾਅਦ ਜਹਾਜ਼ ਕੋਲਕਾਤਾ ਵੱਲ ਮੋੜ ਦਿੱਤਾ ਗਿਆ, ਜਿੱਥੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਅਧਿਕਾਰੀ ਅਨੁਸਾਰ, ਪਾਇਲਟਾਂ ਨੇ ਜਹਾਜ਼ ਨੂੰ ਕਾਠਮੰਡੂ ਦੇ ਪੱਛਮ ਵੱਲ ਮੋੜ ਦਿੱਤਾ ਅਤੇ ਸੱਜਾ ਇੰਜਣ ਬੰਦ ਕਰ ਦਿੱਤਾ। ਉਨ੍ਹਾਂ ਲਗਪਗ 10 ਮਿੰਟ ਤੱਕ ਜਹਾਜ਼ ਨੂੰ ਹਵਾ ਵਿੱਚ ਹੀ ਰੋਕ ਕੇ ਰੱਖਿਆ। ਇਹ ਟਰਕਿਸ਼ ਏਅਰਲਾਈਨਜ਼ ਦਾ ਏ 330-303 ਸੀਰੀਜ਼ ਦਾ ਵੱਡਾ ਜਹਾਜ਼ ਸੀ। ਜਹਾਜ਼ ਵਿੱਚ 225 ਯਾਤਰੀ ਸਵਾਰ ਸਨ। ਕਾਠਮੰਡੂ ਪੋਸਟ ਅਨੁਸਾਰ, ਚਾਲਕ ਦਲ ਦੇ 11 ਮੈਂਬਰਾਂ ਸਣੇ ਜਹਾਜ਼ ਵਿੱਚ ਕੁੱਲ 236 ਵਿਅਕਤੀ ਸਵਾਰ ਸਨ। ਇੰਜਣ ਨੂੰ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ਨੂੰ ਲਗਪਗ 15 ਮਿੰਟਾਂ ਲਈ ਬੰਦ ਕਰ ਦਿੱਤਾ ਗਿਆ ਸੀ। ਉੱਧਰ, ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ਦੇ ਡਾਇਰੈਕਟਰ ਨੇ ਪੁਸ਼ਟੀ ਕੀਤੀ ਕਿ ਕਾਠਮੰਡੂ ਤੋਂ ਇਸਤਾਂਬੁਲ ਜਾ ਰਹੀ ਉਡਾਣ ਦੀ ਕੋਲਕਾਤਾ ਹਵਾਈ ਅੱਡੇ ਵਿਖੇ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
