ਟੀ-20 ਵਿਸ਼ਵ ਕੱਪ: ਪੀ ਸੀ ਬੀ ਖ਼ਿਲਾਫ਼ ਅਦਾਲਤ ਜਾ ਸਕਦੇ ਨੇ ਪ੍ਰਸਾਰਕ

ਕਰਾਚੀ/ਨਵੀਂ ਦਿੱਲੀ: ਕੌਮਾਂਤਰੀ ਕ੍ਰਿਕਟ ਕੌਂਸਲ ਨੇ ਪਾਕਿਸਤਾਨ ਕਿ੍ਰਕਟ ਬੋਰਡ ਨੂੰ ਚਿਤਾਵਨੀ ਦਿੱਤੀ ਹੈ ਕਿ ਭਾਰਤ ਖ਼ਿਲਾਫ਼ 15 ਫਰਵਰੀ ਨੂੰ ਹੋਣ ਵਾਲੇ ਟੀ-20 ਵਿਸ਼ਵ ਕੱਪ ਮੈਚ ਦੇ ਬਾਈਕਾਟ ਕਾਰਨ ਉਸ ਨੂੰ ਟੂਰਨਾਮੈਂਟ ਦੇ ਅਧਿਕਾਰਿਤ ਪ੍ਰਸਾਰਕ ਜੀਓਸਟਾਰ ਵੱਲੋਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਜਾਣਕਾਰੀ ਪੀ ਸੀ ਬੀ ਦੇ ਸੂਤਰ ਨੇ ਦਿੱਤੀ। ਪਾਕਿਸਤਾਨ ਨੇ ਆਪਣੀ ਸਰਕਾਰ ਦੇ ਨਿਰਦੇਸ਼ ’ਤੇ 15 ਫਰਵਰੀ ਨੂੰ ਕੋਲੰਬੋ ਵਿੱਚ ਭਾਰਤ ਖ਼ਿਲਾਫ਼ ਹੋਣ ਵਾਲੇ ਮੈਚ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ; ਹਾਲਾਂਕਿ ਉਸ ਨੇ ਇਸ ਫ਼ੈਸਲੇ ਦੇ ਕਾਰਨਾਂ ਸਬੰਧੀ ਅਜੇ ਤੱਕ ਰਸਮੀ ਤੌਰ ’ਤੇ ਆਈ ਸੀ ਸੀ ਨੂੰ ਜਾਣਕਾਰੀ ਨਹੀਂ ਦਿੱਤੀ। ਇਹ ਖ਼ਬਰ ਏਜੰਸੀ ਪਹਿਲਾਂ ਹੀ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਦੇ ਚੁੱਕੀ ਹੈ ਕਿ ਆਈ ਸੀ ਸੀ ਪਾਕਿਸਤਾਨ ਦਾ ਸਾਲਾਨਾ 3.5 ਕਰੋੜ ਡਾਲਰ ਰੋਕ ਸਕਦੀ ਹੈ ਤੇ ਇਸ ਨਾਲ ਪ੍ਰਸਾਰਕਾਂ ਦੀ ਅਦਾਇਗੀ ਕਰ ਸਕਦੀ ਹੈ।

ਭਾਰਤ-ਪਾਕਿ ਮੈਚ ਜੰਗ ਵਾਂਗ ਪੇਸ਼ ਕੀਤਾ ਜਾਂਦੈ: ਉਮਰ

ਜੰਮੂ: ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਟੀ-20 ਵਿਸ਼ਵ ਕੱਪ ਵਿੱਚ ਭਾਰਤ ਖ਼ਿਲਾਫ਼ ਮੈਚ ਤੋਂ ਪਾਕਿਸਤਾਨ ਦਾ ਨਾਮ ਵਾਪਸ ਲੈਣਾ ਖੇਡਾਂ ਅਤੇ ਸਿਆਸਤ ਦਰਮਿਆਨ ਗੁੰਝਲਦਾਰ ਅੰਤਰ-ਸਬੰਧਾਂ ਦਾ ਨਤੀਜਾ ਹੈ। ਕ੍ਰਿਕਟ ਪ੍ਰੇਮੀ ਅਬਦੁੱਲਾ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਖੇਡ ਨੂੰ ਸਿਆਸੀ ਮਸਲਿਆਂ ਨਾਲ ਜੋੜਨ ਦੇ ਹਮੇਸ਼ਾ ਮਾੜੇ ਨਤੀਜੇ ਨਿਕਲਦੇ ਹਨ। ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅਸੀਂ ਹੁਣ ਖੇਡ ਅਤੇ ਸਿਆਸਤ ਦਰਮਿਆਨ ਫ਼ਰਕ ਕਰਨਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਵਾਰ-ਵਾਰ, ਮੀਡੀਆ ਰਾਹੀਂ, ਜਦੋਂ ਵੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੋਈ ਮੈਚ ਹੁੰਦਾ ਹੈ ਤਾਂ ਇਸ ਨੂੰ ਜੰਗ ਵਾਂਗ ਪੇਸ਼ ਕੀਤਾ ਜਾਂਦਾ ਹੈ। ਤੁਸੀਂ ਇਸ ਨੂੰ ਕਦੇ ਵੀ ਆਮ ਮੈਚ ਵਾਂਗ ਪੇਸ਼ ਨਹੀਂ ਕਰਦੇ।’’

Share: