ਸ਼ੇਅਰ ਬਾਜ਼ਾਰ: ਲਗਾਤਾਰ ਤੀਜੇ ਦਿਨ ਵਧੇ Sensex ਅਤੇ Nifty

ਸ਼ੇਅਰ ਬਾਜ਼ਾਰ: ਲਗਾਤਾਰ ਤੀਜੇ ਦਿਨ ਵਧੇ Sensex ਅਤੇ Nifty

ਮੁੰਬਈ: ਭਾਰਤੀ ਸ਼ੇਅਰ ਬਾਜ਼ਾਰ ਵਿੱਚ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਤੇਜ਼ੀ ਦੇਖਣ ਨੂੰ ਮਿਲੀ। ਏਸ਼ਿਆਈ ਬਾਜ਼ਾਰਾਂ ਵਿੱਚ ਹਾਂ-ਪੱਖੀ ਰੁਝਾਨ ਅਤੇ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਖ਼ਰੀਦਦਾਰੀ ਕਾਰਨ ਸੈਂਸੈਕਸ ਅਤੇ ਨਿਫਟੀ ਦੋਵੇਂ ਹੀ ਵਧ ਕੇ ਖੁੱਲ੍ਹੇ। ਕਾਰੋਬਾਰ ਦੀ ਸ਼ੁਰੂਆਤ ਵਿੱਚ ਬੀਐਸਈ (BSE) ਸੈਂਸੈਕਸ 247.01 ਅੰਕ ਜਾਂ 0.29 ਫੀਸਦੀ ਦੇ ਉਛਾਲ ਨਾਲ 84,312.76 ਦੇ ਪੱਧਰ ’ਤੇ ਪੁੱਜਿਆ ਜਦਕਿ ਐਨਐਸਈ (NSE) ਨਿਫਟੀ ਵੀ 80.25 ਅੰਕਾਂ ਦੀ ਤੇਜ਼ੀ ਨਾਲ 25,947.55 ’ਤੇ ਕਾਰੋਬਾਰ ਕਰਦਾ ਦੇਖਿਆ ਗਿਆ।

ਸੈਂਸੈਕਸ ਦੀਆਂ ਪ੍ਰਮੁੱਖ 30 ਕੰਪਨੀਆਂ ਵਿੱਚੋਂ ਟਾਈਟਨ, ਐਕਸਿਸ ਬੈਂਕ, ਟੀਸੀਐਸ (TCS), ਸਨ ਫਾਰਮਾ, ਰਿਲਾਇੰਸ ਇੰਡਸਟਰੀਜ਼ ਅਤੇ ਟਾਟਾ ਸਟੀਲ ਵਰਗੇ ਵੱਡੇ ਸ਼ੇਅਰਾਂ ਵਿੱਚ ਖ਼ਰੀਦਦਾਰੀ ਦੇਖੀ ਗਈ। ਹਾਲਾਂਕਿ, ਬਜਾਜ ਫਾਇਨਾਂਸ, ਐਚਸੀਐਲ ਟੈਕਨਾਲੋਜੀ, ਐਸਬੀਆਈ (SBI) ਅਤੇ ਐਚਡੀਐਫਸੀ (HDFC) ਬੈਂਕ ਵਰਗੇ ਸ਼ੇਅਰਾਂ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FII) ਨੇ ਸੋਮਵਾਰ ਨੂੰ ਲਗਪਗ 2,254.64 ਕਰੋੜ ਰੁਪਏ ਦੇ ਸ਼ੇਅਰ ਖ਼ਰੀਦੇ, ਜਿਸ ਨਾਲ ਬਾਜ਼ਾਰ ਮਜ਼ਬੂਤ ਹੋਇਆ।

ਕੌਮਾਂਤਰੀ ਪੱਧਰ ’ਤੇ ਵੀ ਹਾਲਾਤ ਸਾਜ਼ਗਾਰ ਨਜ਼ਰ ਆ ਰਹੇ ਹਨ। ਜਾਪਾਨ, ਹਾਂਗਕਾਂਗ ਅਤੇ ਦੱਖਣੀ ਕੋਰੀਆ ਦੇ ਬਾਜ਼ਾਰਾਂ ਵਿੱਚ ਤੇਜ਼ੀ ਰਹੀ, ਜਦਕਿ ਅਮਰੀਕੀ ਦੇ ਬਾਜ਼ਾਰ ਵੀ ਸੋਮਵਾਰ ਨੂੰ ਵਾਧੇ ਨਾਲ ਬੰਦ ਹੋਏ ਸਨ। ਇਸ ਦੇ ਨਾਲ ਹੀ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੀ ਮਾਮੂਲੀ ਗਿਰਾਵਟ ਦੇਖੀ ਗਈ ਹੈ, ਜਿਸ ਨਾਲ ਭਾਰਤੀ ਬਾਜ਼ਾਰ ਨੂੰ ਰਾਹਤ ਮਿਲੀ ਹੈ। ਮਾਹਰਾਂ ਅਨੁਸਾਰ ਜੇਕਰ ਵਿਦੇਸ਼ੀ ਨਿਵੇਸ਼ਕਾਂ ਦੀ ਖ਼ਰੀਦਦਾਰੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਬਾਜ਼ਾਰ ਵਿੱਚ ਹੋਰ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ।

Share: