ਬਰਲਿਨ: ਟਰਾਂਸਪੇਰੈਂਸੀ ਇੰਟਰਨੈਸ਼ਨਲ ਨੇ ਵਿਸ਼ਵ ਭਰ ਵਿੱਚ ਭ੍ਰਿਸ਼ਟਾਚਾਰ ਦੀ ਸਥਿਤੀ ਨੂੰ ਬਿਆਨ ਕਰਦਾ ਭ੍ਰਿਸ਼ਟਾਚਾਰ ਧਾਰਨਾ ਸੂਚਕ ਅੰਕ (ਸੀ ਪੀ ਆਈ)-2025 ਜਾਰੀ ਕੀਤਾ ਹੈ ਜੋ ਦੁਨੀਆ ਭਰ ਦੇ ਲੋਕਤੰਤਰੀ ਦੇਸ਼ਾਂ ਵਿੱਚ ਭ੍ਰਿਸ਼ਟਾਚਾਰ ਵਧਣ ਵੱਲ ਇਸ਼ਾਰਾ ਕਰਦਾ ਹੈ। ਰਿਪੋਰਟ ਮੁਤਾਬਕ 100 ’ਚੋਂ 89 ਅੰਕ ਲੈ ਕੇ ਡੈਨਮਾਰਕ ਦੁਨੀਆ ਦਾ ਸਭ ਤੋਂ ਘੱਟ ਭ੍ਰਿਸ਼ਟ ਦੇਸ਼ ਰਿਹਾ। ਇਸ ਤੋਂ ਬਾਅਦ ਫਿਨਲੈਂਡ ਅਤੇ ਸਿੰਗਾਪੁਰ ਦਾ ਨੰਬਰ ਆਉਂਦਾ ਹੈ। ਦੂਜੇ ਪਾਸੇ, ਸੋਮਾਲੀਆ ਅਤੇ ਦੱਖਣੀ ਸੂਡਾਨ ਮਹਿਜ਼ 9-9 ਅੰਕਾਂ ਨਾਲ ਸੂਚੀ ਵਿੱਚ ਸਭ ਤੋਂ ਹੇਠਾਂ ਹਨ। ਵੈਨੇਜ਼ੁਏਲਾ ਦੀ ਹਾਲਤ ਵੀ ਕਾਫੀ ਖਰਾਬ ਹੈ। ਸੂਚਕ ਅੰਕ ਅਨੁਸਾਰ ਦੁਨੀਆ ਦੇ ਜ਼ਿਆਦਾਤਰ ਦੇਸ਼ ਭ੍ਰਿਸ਼ਟਾਚਾਰ ਨਾਲ ਨਜਿੱਠਣ ਵਿੱਚ ਨਾਕਾਮ ਰਹੇ ਹਨ। ਸਰਵੇਖਣ ਵਾਲੇ 182 ’ਚੋਂ 122 ਮੁਲਕਾਂ ਦਾ ਸਕੋਰ 50 ਤੋਂ ਵੀ ਘੱਟ ਹੈ। ਨਿਊਜ਼ੀਲੈਂਡ, ਕੈਨੇਡਾ, ਬਰਤਾਨੀਆ ਅਤੇ ਫਰਾਂਸ ਵਰਗੇ ਵਿਕਸਤ ਲੋਕਤੰਤਰਾਂ ਦੇ ਅੰਕਾਂ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਰਿਪੋਰਟ ਵਿੱਚ ਅਮਰੀਕਾ ਦੀ ਸਥਿਤੀ ਬਾਰੇ ਗੰਭੀਰ ਚਿੰਤਾ ਜਤਾਈ ਗਈ ਹੈ। ਰਾਸ਼ਟਰਪਤੀ ਡੋਨਲਡ ਟਰੰਪ ਦੇ ਦੂਜੇ ਕਾਰਜਕਾਲ ਦੇ ਪਹਿਲੇ ਸਾਲ ਦੌਰਾਨ ਅਮਰੀਕਾ ਦਾ ਸਕੋਰ ਘਟ ਕੇ 64 ਰਹਿ ਗਿਆ ਹੈ। ਰੂਸ 22 ਅੰਕਾਂ ਨਾਲ ਬੇਹੱਦ ਭ੍ਰਿਸ਼ਟ ਮੁਲਕਾਂ ਦੀ ਸੂਚੀ ਵਿੱਚ ਬਰਕਰਾਰ ਹੈ।
Posted inGermany
ਸੋਮਾਲੀਆ ਤੇ ਦੱਖਣੀ ਸੂਡਾਨ ਸਭ ਤੋਂ ਭ੍ਰਿਸ਼ਟ ਮੁਲਕ

