ਰਣਜੀ ਟਰਾਫੀ: ਜੰਮੂ ਕਸ਼ਮੀਰ ਨੇ ਕਰਨਾਟਕ ’ਤੇ ਸ਼ਿਕੰਜਾ ਕੱਸਿਆ

ਰਣਜੀ ਟਰਾਫੀ: ਜੰਮੂ ਕਸ਼ਮੀਰ ਨੇ ਕਰਨਾਟਕ ’ਤੇ ਸ਼ਿਕੰਜਾ ਕੱਸਿਆ

ਹੁਬਲੀ: ਰਣਜੀ ਟਰਾਫੀ ਦੇ ਫਾਈਨਲ ਮੁਕਾਬਲੇ ਵਿੱਚ ਜੰਮੂ ਕਸ਼ਮੀਰ ਨੇ ਅੱਠ ਵਾਰ ਦੇ ਚੈਂਪੀਅਨ ਕਰਨਾਟਕ ’ਤੇ ਸ਼ਿਕੰਜਾ ਕੱਸ ਲਿਆ ਹੈ। ਅੱਜ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਕਰਨਾਟਕ ਨੇ 5 ਵਿਕਟਾਂ ਦੇ ਨੁਕਸਾਨ ’ਤੇ 220 ਦੌੜਾਂ ਬਣਾਈਆਂ, ਪਰ ਉਹ ਹਾਲੇ ਵੀ ਜੰਮੂ ਕਸ਼ਮੀਰ ਦੇ ਪਹਿਲੀ ਪਾਰੀ ਦੇ 584 ਦੌੜਾਂ ਦੇ ਵੱਡੇ ਸਕੋਰ ਤੋਂ 364 ਦੌੜਾਂ ਪਿੱਛੇ ਹੈ।

ਜੰਮੂ ਕਸ਼ਮੀਰ ਦੇ ਤੇਜ਼ ਗੇਂਦਬਾਜ਼ ਆਕਿਬ ਨਬੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਕਰਨਾਟਕ ਦੇ ਸਿਖਰਲੇ ਬੱਲੇਬਾਜ਼ਾਂ ਨੂੰ ਟਿਕਣ ਨਹੀਂ ਦਿੱਤਾ। ਉਸ ਨੇ 14 ਓਵਰਾਂ ਵਿੱਚ 32 ਦੌੜਾਂ ਦੇ ਕੇ 3 ਅਹਿਮ ਵਿਕਟਾਂ ਹਾਸਲ ਕੀਤੀਆਂ। ਉਸ ਨੇ ਸਭ ਤੋਂ ਪਹਿਲਾਂ ਕੇ ਐੱਲ ਰਾਹੁਲ ਨੂੰ ਆਊਟ ਕੀਤਾ। ਇਸ ਤੋਂ ਬਾਅਦ ਉਸ ਨੇ ਕਰੁਣ ਨਾਇਰ ਅਤੇ ਰਵੀਚੰਦਰਨ ਸਮਰਨ ਦੀਆਂ ਲਗਾਤਾਰ ਦੋ ਗੇਂਦਾਂ ’ਤੇ ਵਿਕਟਾਂ ਲੈ ਕੇ ਕਰਨਾਟਕ ਨੂੰ ਵੱਡਾ ਝਟਕਾ ਦਿੱਤਾ। ਕਰਨਾਟਕ ਦੀ ਟੀਮ ਇੱਕ ਵੇਲੇ 57 ਦੌੜਾਂ ’ਤੇ 4 ਵਿਕਟਾਂ ਗੁਆ ਚੁੱਕੀ ਸੀ। ਹਾਲਾਂਕਿ ਤਜਰਬੇਕਾਰ ਬੱਲੇਬਾਜ਼ ਮਯੰਕ ਅਗਰਵਾਲ ਇੱਕ ਸਿਰੇ ’ਤੇ ਡਟਿਆ ਰਿਹਾ ਅਤੇ 130 ਦੌੜਾਂ ਬਣਾ ਕੇ ਖੇਡ ਰਿਹਾ ਹੈ। ਉਸ ਨੇ ਸ਼੍ਰੇਅਸ ਗੋਪਾਲ ਨਾਲ ਪੰਜਵੀਂ ਵਿਕਟ ਲਈ 105 ਦੌੜਾਂ ਦੀ ਭਾਈਵਾਲੀ ਕੀਤੀ। ਦਿਨ ਦੀ ਖੇਡ ਖ਼ਤਮ ਹੋਣ ਵੇਲੇ ਅਗਰਵਾਲ ਨਾਲ ਕ੍ਰਿਤਿਕ ਕ੍ਰਿਸ਼ਨਾ (27) ਕਰੀਜ਼ ’ਤੇ ਮੌਜੂਦ ਸਨ।

ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਨੇ ਸ਼ੁਭਮ ਪੁੰਡੀਰ (121), ਯਾਵਰ ਹਸਨ (88), ਕਪਤਾਨ ਪਾਰਸ ਡੋਗਰਾ (70), ਅਬਦੁਲ ਸਮਦ (61), ਕਨ੍ਹੱਈਆ ਵਧਾਵਨ (70) ਅਤੇ ਸਾਹਿਲ ਲੋਤਰਾ (72) ਦੀਆਂ ਸ਼ਾਨਦਾਰ ਪਾਰੀਆਂ ਸਦਕਾ ਪਹਿਲੀ ਪਾਰੀ ਵਿੱਚ 584 ਦੌੜਾਂ ਬਣਾਈਆਂ ਸਨ। ਕਰਨਾਟਕ ਵੱਲੋਂ ਪ੍ਰਸਿੱਧ ਕ੍ਰਿਸ਼ਨਾ ਨੇ 5 ਵਿਕਟਾਂ ਲਈਆਂ ਸਨ।

Share: