ਹੁਬਲੀ (ਕਰਨਾਟਕ): ਰਣਜੀ ਟਰਾਫੀ 2025-26 ਦਾ ਖਿਤਾਬੀ ਮੁਕਾਬਲਾ ਅੱਜ ਹੁਬਲੀ ਦੇ ਕੇ.ਐਸ.ਸੀ.ਏ. (KSCA) ਸਟੇਡੀਅਮ ਵਿੱਚ ਸ਼ੁਰੂ ਹੋ ਗਿਆ ਹੈ। ਜੰਮੂ-ਕਸ਼ਮੀਰ ਦੇ ਕਪਤਾਨ ਪਾਰਸ ਡੋਗਰਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਆਪਣਾ ਪਹਿਲਾ ਰਣਜੀ ਫਾਈਨਲ ਖੇਡ ਰਹੀ ਜੰਮੂ-ਕਸ਼ਮੀਰ ਦੀ ਟੀਮ ਨੇ ਆਪਣੀ ਪਲੇਇੰਗ ਇਲੈਵਨ ਵਿੱਚ ਦੋ ਬਦਲਾਅ ਕੀਤੇ ਹਨ, ਜਿਸ ਵਿੱਚ ਕਮਰਾਨ ਇਕਬਾਲ ਅਤੇ ਸਾਹਿਲ ਲੋਤਰਾ ਨੂੰ ਸ਼ਾਮਲ ਕੀਤਾ ਗਿਆ ਹੈ।
ਦੂਜੇ ਪਾਸੇ, ਕਰਨਾਟਕ ਦੀ ਟੀਮ ਆਪਣੇ ਪੁਰਾਣੇ ਰਿਕਾਰਡ ਅਤੇ ਤਜ਼ਰਬੇ ਦੇ ਦਮ ’ਤੇ ਮੈਦਾਨ ਵਿੱਚ ਉਤਰੀ ਹੈ। ਕਰਨਾਟਕ ਦੀ ਕਪਤਾਨੀ ਦੇਵਦੱਤ ਪਡਿੱਕਲ ਕਰ ਰਹੇ ਹਨ ਅਤੇ ਉਨ੍ਹਾਂ ਦੀ ਟੀਮ ਵਿੱਚ ਕੇ.ਐਲ. ਰਾਹੁਲ, ਮਯੰਕ ਅਗਰਵਾਲ ਅਤੇ ਕਰੁਣ ਨਾਇਰ ਵਰਗੇ ਸਟਾਰ ਖਿਡਾਰੀ ਮੌਜੂਦ ਹਨ। ਪਡਿੱਕਲ ਨੇ ਕਿਹਾ ਕਿ ਭਾਵੇਂ ਉਹ ਟਾਸ ਹਾਰ ਗਏ ਹਨ, ਪਰ ਉਹ ਪਹਿਲਾਂ ਗੇਂਦਬਾਜ਼ੀ ਕਰਨ ਲਈ ਵੀ ਤਿਆਰ ਸਨ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਨੇ ਬੰਗਾਲ ਅਤੇ ਮੱਧ ਪ੍ਰਦੇਸ਼ ਵਰਗੀਆਂ ਮਜ਼ਬੂਤ ਟੀਮਾਂ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ, ਜਦੋਂਕਿ ਕਰਨਾਟਕ ਨੇ ਉੱਤਰਾਖੰਡ ਨੂੰ ਹਰਾ ਕੇ ਇੱਥੋਂ ਤੱਕ ਦਾ ਸਫ਼ਰ ਤੈਅ ਕੀਤਾ ਹੈ।

