ਤੁਲਕਰਮ (ਪੱਛਮੀ ਕੰਢਾ): ਹਨਾਦੀ ਅਬੂ ਜ਼ੰਤ ਇਜ਼ਰਾਈਲ ਵਿੱਚ ਕੰਮ ਕਰਨ ਦਾ ਪਰਮਿਟ ਗੁਆਉਣ ਤੋਂ ਬਾਅਦ ਪਿਛਲੇ ਲਗਪਗ ਇੱਕ ਸਾਲ ਤੋਂ ਕਬਜ਼ੇ ਵਾਲੇ ਪੱਛਮੀ ਕੰਢੇ ਵਿੱਚ ਆਪਣੇ ਅਪਾਰਟਮੈਂਟ ਦਾ ਕਿਰਾਇਆ ਨਹੀਂ ਦੇ ਸਕੀ ਹੈ। ਜਦੋਂ ਉਸ ਦਾ ਮਕਾਨ ਮਾਲਕ ਪੁਲੀਸ ਨੂੰ ਸੱਦਦਾ ਹੈ ਤਾਂ ਉਹ ਮਸਜਿਦ ਵਿੱਚ ਜਾ ਕੇ ਛੁਪ ਜਾਂਦੀ ਹੈ। ਉਸ ਨੇ ਆਪਣੀਆਂ ਅੱਖਾਂ ਪੂੰਝਦੇ ਹੋਏ ਕਿਹਾ, ‘‘ਮੇਰਾ ਸਭ ਤੋਂ ਵੱਡਾ ਡਰ ਘਰੋਂ ਕੱਢੇ ਜਾਣ ਦਾ ਹੈ। ਅਸੀਂ ਕਿੱਥੇ ਸੌਵਾਂਗੇ, ਸੜਕ ’ਤੇ?’’
ਹਨਾਦੀ ਉਨ੍ਹਾਂ ਲਗਪਗ 1,00,000 ਫਲਸਤੀਨੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਦੇ ਵਰਕ ਪਰਮਿਟ 7 ਅਕਤੂਬਰ 2023 ਨੂੰ ਹਮਾਸ ਦੇ ਹਮਲੇ ਅਤੇ ਗਾਜ਼ਾ ਪੱਟੀ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਰੱਦ ਕਰ ਦਿੱਤੇ ਗਏ ਸਨ। ਕਬਜ਼ੇ ਵਾਲੇ ਖੇਤਰ ਵਿੱਚ ਫਸੇ ਇਨ੍ਹਾਂ ਲੋਕਾਂ ਕੋਲ ਨੌਕਰੀਆਂ ਦੀ ਘਾਟ ਹੈ ਅਤੇ ਉਜਰਤਾਂ ਬਹੁਤ ਘੱਟ ਹਨ। ਕਈਆਂ ਨੇ ਆਪਣੇ ਬੱਚਿਆਂ ਦੇ ਭੋਜਨ, ਬਿਜਲੀ ਅਤੇ ਸਕੂਲ ਦੇ ਖਰਚਿਆਂ ਲਈ ਆਪਣਾ ਸਾਮਾਨ ਵੇਚ ਦਿੱਤਾ ਹੈ ਜਾਂ ਕਰਜ਼ੇ ਵਿੱਚ ਡੁੱਬ ਗਏ ਹਨ। ਉੱਧਰ, ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਫ਼ਲਸਤੀਨੀਆਂ ਨੂੰ ਕੰਮ ਲਈ ਅੰਦਰ ਆਉਣ ਦੇਣ ਲਈ ਪਾਬੰਦ ਨਹੀਂ ਅਤੇ ਅਜਿਹੇ ਫੈਸਲੇ ਸੁਰੱਖਿਆ ਕਾਰਨਾਂ ਦੇ ਆਧਾਰ ’ਤੇ ਕੀਤੇ ਜਾਂਦੇ ਹਨ।
ਦੱਖਣੀ ਸੀਰੀਆ ਵਿੱਚ ਹਥਿਆਰਾਂ ਦਾ ਜ਼ਖੀਰਾ ਤਬਾਹ
ਤਲ ਅਵੀਵ: ਇਜ਼ਰਾਇਲੀ ਫੌਜਾਂ ਨੇ ਦੱਖਣੀ ਸੀਰੀਆ ਦੇ ਬੇਤ ਜਿਨ ਪਿੰਡ ਦੇ ਇਲਾਕੇ ਵਿੱਚ ਅਤਿਵਾਦੀ ਜਥੇਬੰਦੀ ਜਮਾਤ ਇਸਲਾਮੀਆ ਨਾਲ ਸਬੰਧਤ ਹਥਿਆਰਾਂ ਦੇ ਡਿੱਪੂ ਦਾ ਪਤਾ ਲਗਾਇਆ ਅਤੇ ਉਸ ਨੂੰ ਤਬਾਹ ਕਰ ਦਿੱਤਾ। ਇਜ਼ਰਾਇਲੀ ਡਿਫੈਂਸ ਫੋਰਸਿਜ਼ ਦੀ ਰਿਪੋਰਟ ਅਨੁਸਾਰ, ਫੌਜਾਂ ਨੇ ਇਸ ਡਿੱਪੂ ਵਿੱਚੋਂ ਹਥਿਆਰ ਬਰਾਮਦ ਕਰ ਕੇ ਨਸ਼ਟ ਕੀਤੇ।