ਸ਼ਿਮਲਾ: ਸ਼ਿਮਲਾ ਪੁਲੀਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਅੰਤਰ-ਰਾਜੀ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਦੇ ਕਥਿਤ ਮੁੱਖ ਸਰਗਨਾ ਵਿਜੇ ਉਰਫ਼ ਡੇਵਿਡ ਉਰਫ਼ ਬਿਹਾਰੀ ਨੂੰ ਪੰਜਾਬ ਦੇ ਜ਼ੀਰਕਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਜ਼ਿਲ੍ਹੇ ਦੇ ਕਈ ਐੱਨ ਡੀ ਪੀ ਐੱਸ ਕੇਸਾਂ ਵਿੱਚ ਲੋੜੀਂਦਾ ਸੀ।
ਜ਼ਿਲ੍ਹਾ ਪੁਲੀਸ ਅਨੁਸਾਰ ਨਸ਼ਾ ਤਸਕਰੀ ਦੇ ਪਿਛੋਕੜ ਦੀ ਜਾਂਚ ਦੌਰਾਨ ਥਿਓਗ, ਬਾਲੂਗੰਜ, ਰਾਮਪੁਰ ਅਤੇ ਕੁਮਾਰਸੈਨ ਥਾਣਿਆਂ ਵਿੱਚ ਦਰਜ ਪੰਜ ਹਾਲੀਆ ਮਾਮਲਿਆਂ ਵਿੱਚ ਇਹ ਸਾਹਮਣੇ ਆਇਆ ਕਿ ਸਾਰੇ ਮੁਲਜ਼ਮ ਵਿਜੇ ਉਰਫ਼ ਡੇਵਿਡ ਤੋਂ ਹੀ ਹੈਰੋਇਨ (ਚਿੱਟਾ) ਖਰੀਦ ਰਹੇ ਸਨ। ਪੁਲੀਸ ਦੀ ਵਿਸ਼ੇਸ਼ ਟੀਮ ਨੇ ਤਕਨੀਕੀ ਸਬੂਤਾਂ ਦੇ ਆਧਾਰ ‘ਤੇ 24 ਘੰਟਿਆਂ ਦੇ ਅਪਰੇਸ਼ਨ ਤੋਂ ਬਾਅਦ ਵਿਜੇ ਅਤੇ ਉਸ ਦੇ ਸਾਥੀ ਨਿਤੇਸ਼ ਸ਼ਰਮਾ ਨੂੰ ਕਾਬੂ ਕੀਤਾ।
28 ਸਾਲਾ ਵਿਜੇ ਅੰਬਾਲਾ ਕੈਂਟ ਦਾ ਰਹਿਣ ਵਾਲਾ ਹੈ ਅਤੇ ਹਿਮਾਚਲ ਦੇ ਵੱਖ-ਵੱਖ ਹਿੱਸਿਆਂ ਵਿੱਚ 70 ਤੋਂ ਵੱਧ ਲੋਕਾਂ ਨੂੰ ਚਿੱਟੇ ਦੀ ਸਪਲਾਈ ਕਰ ਰਿਹਾ ਸੀ। ਉਸ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਅਤੇ ਉਹ ਪਹਿਲਾਂ ਵੀ ਨਸ਼ਾ ਤਸਕਰੀ ਅਤੇ ਇਰਾਦਾ-ਏ-ਕਤਲ ਵਰਗੇ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ। ਪੁਲੀਸ ਨੇ ਦੱਸਿਆ ਕਿ ਹਾਲ ਹੀ ਦੇ ਪੰਜ ਮਾਮਲਿਆਂ ਵਿੱਚ 335 ਗ੍ਰਾਮ ਤੋਂ ਵੱਧ ਚਿੱਟੇ ਦੀ ਤਸਕਰੀ ਵਿੱਚ ਉਸ ਦੀ ਸ਼ਮੂਲੀਅਤ ਪਾਈ ਗਈ ਹੈ ਅਤੇ ਹੁਣ ਤੱਕ ਇਸ ਨੈੱਟਵਰਕ ਨਾਲ ਜੁੜੇ 15 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸ਼ਿਮਲਾ ਦੇ ਐਸ.ਪੀ. ਗੌਰਵ ਸਿੰਘ ਨੇ ਕਿਹਾ ਕਿ ਪੁਲੀਸ ਪੂਰੇ ਅੰਤਰ-ਰਾਜੀ ਨੈੱਟਵਰਕ ਨੂੰ ਖਤਮ ਕਰਨ ਲਈ ਵਚਨਬੱਧ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

