ਭਾਰਤ-ਫਰਾਂਸ ਰਿਸ਼ਤੇ ਆਲਮੀ ਸਥਿਰਤਾ ਦੀ ਤਾਕਤ

ਭਾਰਤ-ਫਰਾਂਸ ਰਿਸ਼ਤੇ ਆਲਮੀ ਸਥਿਰਤਾ ਦੀ ਤਾਕਤ

ਨਵੀਂ ਦਿੱਲੀ/ਮੁੰਬਈ: ਭਾਰਤ ਤੇ ਫਰਾਂਸ ਨੇ ਮੰਗਲਵਾਰ ਨੂੰ ਆਪਣੇ ਰਿਸ਼ਤਿਆਂ ਨੂੰ ‘ਵਿਸ਼ੇਸ਼ ਆਲਮੀ ਰਣਨੀਤਕ ਭਾਈਵਾਲੀ’ ਦੀ ਸਿਖਰ ’ਤੇ ਲਿਜਾਂਦਿਆਂ ਰੱਖਿਆ, ਵਪਾਰ ਅਤੇ ਵਿਸ਼ੇਸ਼ ਖਣਿਜਾਂ ਜਿਹੇ ਅਹਿਮ ਖੇਤਰਾਂ ਵਿੱਚ ਸਹਿਯੋਗ ਵਧਾਉਣ ਦਾ ਅਹਿਦ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਵਧਦੀ ਭੂ-ਸਿਆਸੀ ਹਲਚਲ ਦੇ ਹਵਾਲੇ ਨਾਲ ਦੁਵੱਲੇ ਰਿਸ਼ਤਿਆਂ ਨੂੰ ‘ਆਲਮੀ ਸਥਿਰਤਾ ਦੀ ਤਾਕਤ’ ਦੱਸਿਆ ਹੈ।

ਦੋਵਾਂ ਆਗੂਆਂ ਨੇ ਮੁੰਬਈ ਦੇ ਲੋਕ ਨੀਤੀ ਭਵਨ ’ਚ ਗੱਲਬਾਤ ਮਗਰੋਂ ਕਰਨਾਟਕ ਦੇ ਵੇਮਾਗਲ ਵਿੱਚ ਏਅਰਬੱਸ ਐੱਚ125 ਹੈਲੀਕਾਪਟਰਾਂ ਦੇ ਅਸੈਂਬਲੀ ਪਲਾਂਟ ਦਾ ਵਰਚੁਅਲੀ ਉਦਘਾਟਨ ਕੀਤਾ। ਇਸ ਪਲਾਂਟ ਨਾਲ ਭਾਰਤ ਦੀਆਂ ਏਅਰੋਸਪੇਸ ਨਿਰਮਾਣ ਸਮਰੱਥਾ ਵਧਣ ਦੇ ਆਸਾਰ ਹਨ। ਦੋਵਾਂ ਧਿਰਾਂ ਨੇ ਅਹਿਮ ਖਣਿਜਾਂ, ਰੱਖਿਆ, ਉੱਚ ਤਕਨਾਲੋਜੀ, ਨਵਿਆਉਣਯੋਗ ਊਰਜਾ ਤੇ ਸਿਹਤ ਸਣੇ ਵੱਖ-ਵੱਖ ਖੇਤਰਾਂ ਵਿੱਚ ਕੁੱਲ 21 ਸਮਝੌਤੇ ਸਹੀਬੰਦ ਕੀਤੇ। ਇਨ੍ਹਾਂ ਸਮਝੌਤਿਆਂ ਵਿੱਚ ਇਕ ਰੱਖਿਆ ਸਹਿਯੋਗ ਬਾਰੇ ਅਤੇ ਦੂਜਾ ਭਾਰਤ ਇਲੈਕਟ੍ਰੌਨਿਕਸ ਲਿਮਟਿਡ ਅਤੇ ਫਰਾਂਸੀਸੀ ਰੱਖਿਆ ਦਿੱਗਜ ਸਾਫਰਾਨ ਵਿਚਾਲੇ ਭਾਰਤ ਵਿੱਚ ਹੈਮਰ ਮਿਜ਼ਾਈਲਾਂ ਦੇ ਉਤਪਾਦਨ ਲਈ ਸਾਂਝਾ ਉੱਦਮ ਵੀ ਸ਼ਾਮਲ ਹੈ। ਦੋਵਾਂ ਮੁਲਕਾਂ ਨੇ ਭਾਰਤੀ ਥਲ ਸੈਨਾ ਅਤੇ ਫਰਾਂਸੀਸੀ ਲੈਂਡ ਫੋਰਸਿਜ਼ ਸਥਾਪਨਾਵਾਂ ’ਤੇ ਅਧਿਕਾਰੀਆਂ ਦੀ ਪਰਸਪਰ ਤਾਇਨਾਤੀ ਲਈ ਵੱਖਰਾ ਸਮਝੌਤਾ ਕੀਤਾ ਹੈ। ਸ੍ਰੀ ਮੋਦੀ ਨੇ ਬਿਆਨ ਵਿੱਚ ਕਿਹਾ, ‘‘ਕੁੱਲ ਆਲਮ ਬੇਯਕੀਨੀ ਦੇ ਦੌਰ ’ਚੋਂ ਲੰਘ ਰਿਹਾ। ਅਜਿਹੇ ਮਾਹੌਲ ਵਿੱਚ ਭਾਰਤ-ਫਰਾਂਸ ਭਾਈਵਾਲੀ ਆਲਮੀ ਸਥਿਰਤਾ ਲਈ ਤਾਕਤ ਹੈ। ਅਸੀਂ ਫਰਾਂਸ ਦੀ ਮੁਹਾਰਤ ਤੇ ਭਾਰਤ ਦੇ ਪੈਮਾਨੇ ਨੂੰ ਜੋੜ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ‘ਬਹੁਤ ਖਾਸ ਰਿਸ਼ਤੇ’ ਵਿੱਚ ਬੱਝੇ ਹਨ ਅਤੇ ਫਰਾਂਸ, ਭਾਰਤ ਦੇ ਸਭ ਤੋਂ ਪੁਰਾਣੇ ਰਣਨੀਤਕ ਭਾਈਵਾਲਾਂ ’ਚੋਂ ਇੱਕ ਹੈ। ਪ੍ਰਧਾਨ ਮੰਤਰੀ ਨੇ ਰੂਸ-ਯੂਕਰੇਨ ਜੰਗ, ਪੱਛਮੀ ਏਸ਼ੀਆ ਤੇ ਹਿੰਦ-ਪ੍ਰਸ਼ਾਂਤ ਦੇ ਹਾਲਾਤ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਤੇ ਫਰਾਂਸ ਜਮਹੂਰੀ ਕਦਰਾਂ ਕੀਮਤਾਂ, ਕਾਨੂੰਨ ਦੇ ਰਾਜ ਤੇ ਬਹੁਧਰੁਵੀ ਵਿਸ਼ਵ ’ਚ ਯਕੀਨ ਰੱਖਦੇ ਹਨ।

ਰਾਸ਼ਟਰਪਤੀ ਮੈਕਰੌਂ ਨੇ ਕਿਹਾ ਕਿ ਭਾਰਤ, ਫਰਾਂਸ ਦੇ ਸਭ ਤੋਂ ਇਤਬਾਰੀ ਭਾਈਵਾਲਾਂ ’ਚੋਂ ਇਕ ਹੈ। ਉਨ੍ਹਾਂ ਕਿਹਾ, ‘‘ਰਾਫੇਲ ਲੜਾਕੂ ਜਹਾਜ਼ਾਂ ਤੋਂ ਪਣਡੁੱਬੀਆਂ ਤੱਕ, ਅਸੀਂ ਰੱਖਿਆ ਸਹਿਯੋਗ ਦਾ ਵਿਸਥਾਰ ਕੀਤਾ ਹੈ। ਭਾਰਤ ਤੇ ਫਰਾਂਸ ਕਾਨੂੰਨ ਦੇ ਰਾਜ ਵਿੱਚ ਯਕੀਨ ਰੱਖਦੇ ਹਨ ਤੇ ਪਿਛਲੇ ਕੁਝ ਸਾਲਾਂ ਵਿੱਚ ਇਹ ਨਜ਼ਰ ਵੀ ਆਇਆ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਤੇ ਫਰਾਂਸ ਅਤਿਵਾਦ ਦੇ ਟਾਕਰੇ ਲਈ ਸਹਿਯੋਗ ਕਰਦੇ ਰਹਿਣਗੇ। ਦੋਵਾਂ ਮੁਲਕਾਂ ਦੇ ਰਿਸ਼ਤੇ ਇੱਛਾ ਤੇ ਵਿਸ਼ਵਾਸ ਦੇ ਹਨ। ਉਨ੍ਹਾਂ ਕਿਹਾ, ‘‘ਇਸ ਵਿੱਚ ਕੋਈ ਸ਼ੱਕ ਨਹੀਂ, ਕਿਉਂਕਿ ਸਾਨੂੰ ਇਸ ਰਿਸ਼ਤੇ ’ਤੇ ਪੂਰਾ ਭਰੋਸਾ ਹੈ ਤੇ ਅਸੀਂ ਪਿਛਲੇ ਅੱਠ ਸਾਲਾਂ ਤੋਂ ਇਹ ਕਰ ਰਹੇ ਹਾਂ। ਹਰੇਕ ਸਾਲ, ਵੱਖੋ-ਵੱਖਰੀਆਂ ਚੀਜ਼ਾਂ ’ਤੇ ਕੰਮ ਕਰ ਕੇ ਅਸੀਂ ਕਈ ਨਵੇਂ ਰਾਹ ਬਣਾਏ ਹਨ।’’

ਮੈਰੀਨ ਡਰਾਈਵ ’ਤੇ ਜੌਗਿੰਗ, ਬੌਲੀਵੁੱਡ ਹਸਤੀਆਂ ਨੂੰ ਮਿਲੇ ਮੈਕਰੌਂ

ਮੁੰਬਈ: ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਮੈਰੀਨ ਡਰਾਈਵ ’ਤੇ ਜੌਗਿੰਗ ਦਾ ਵੀ ਆਨੰਦ ਮਾਣਿਆ। ਉਹ ਮੰਗਲਵਾਰ ਤੜਕੇ ਮੁੰਬਈ ਪੁੱਜੇ ਸਨ। ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਬ੍ਰਿਗੇਟ ਮੈਕਰੌਂ ਨੇ ਮਗਰੋਂ ਨਵੰਬਰ 2008 ਦਹਿਸ਼ਤੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਦੱਖਣੀ ਮੁੰਬਈ ਦੇ ਤਾਜ ਮਹਿਲ ਪੈਲੇਸ ਵਿੱਚ ਫੁੱਲ ਮਾਲਾਵਾਂ ਨਾਲ ਸ਼ਰਧਾਂਜਲੀ ਦਿੱਤੀ। ਉਹ ਤਾਜ ਪੈਲੇਸ ’ਚ ਰੱਖੇ ਦੁਪਹਿਰ ਦੇ ਖਾਣੇ ਮੌਕੇ ਬੌਲੀਵੁੱਡ ਹਸਤੀਆਂ ਨੂੰ ਵੀ ਮਿਲੇ। ਇਨ੍ਹਾਂ ਵਿਚ ਜ਼ੋਇਆ ਅਖ਼ਤਰ, ਸ਼ਬਾਨਾ ਆਜ਼ਮੀ, ਮਨੋਜ ਬਾਜਪਾਈ, ਅਨਿਲ ਕਪੂਰ, ਕਬੀਰ ਖ਼ਾਨ, ਨੀਰਜ ਗੇਵਾਨ, ਰਿਚਾ ਚੱਢਾ ਤੇ ਗ੍ਰੈਮੀ ਪੁਰਸਕਾਰ ਜੇਤੂ ਕੰਪੋਜ਼ਰ ਰਿਕੀ ਕੇਜ ਸ਼ਾਮਲ ਸਨ। ਖਾਣੇ ਵਿੱਚ ਮੈਕਰੌਂ ਦੰਪਤੀ ਨੂੰ ਪਨੀਰ ਦੀ ਭੁਰਜੀ ਤੇ ਰੈਟੇਟੂਈ (ਰਵਾਇਤੀ ਫਰਾਂਸੀਸੀ ਸਾਕਾਹਾਰੀ ਭੋਜਨ) ਸਣੇ ਹੋਰ ਪਕਵਾਨ ਪਰੋਸੇ ਗਏ। ਮਹਾਰਾਸ਼ਟਰ ਦੇ ਰਾਜਪਾਲ ਅਚਾਰੀਆ ਦੇਵਵ੍ਰਤ ਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮੁੰਬਈ ਹਵਾਈ ਅੱਡੇ ’ਤੇ ਮੈਕਰੌਂ ਦਾ ਸਵਾਗਤ ਕੀਤਾ।

Share: