ਕਾਂਗਰਸ ਨੇ ਏ ਆਈ ਸੰਮੇਲਨ ਨੂੰ ਰਾਜਨੀਤੀ ਦਾ ਅਖਾੜਾ ਬਣਾਇਆ: ਮੋਦੀ

ਮੇਰਠ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿੱਚ ਆਲਮੀ ਮਸਨੂਈ ਬੌਧਿਕਤਾ (ਏ ਆਈ) ਸੰਮੇਲਨ ਦੌਰਾਨ ਕੀਤੇ ‘ਨੰਗੇ ਧੜ’ ਪ੍ਰਦਰਸ਼ਨ ਲਈ ਕਾਂਗਰਸ ਨੂੰ ਰੱਜ ਕੇ ਭੰਡਿਆ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਨੇ ਆਪਣੀ ‘ਗੰਦੀ ਤੇ ਨੰਗੀ’ (ਗੰਦੀ ਤੇ ਸ਼ਰਮਨਾਕ) ਸਿਆਸਤ ਲਈ ਕੌਮਾਂਤਰੀ ਸਮਾਗਮ ਨੂੰ ਰਾਜਨੀਤੀ ਦੇ ਅਖਾੜੇ ਵਿੱਚ ਤਬਦੀਲ ਕਰ ਦਿੱਤਾ। ਉਨ੍ਹਾਂ ਇਸ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਆਲੋਚਨਾ ਕਰਨ ਵਾਲੀਆਂ ਕੁਝ ਵਿਰੋਧੀ ਧਿਰਾਂ ਦਾ ਧੰਨਵਾਦ ਕੀਤਾ ਕਿ ਉਹ ‘ਸੱਚ ਤੇ ਕੌਮੀ ਗੌਰਵ’ ਲਈ ਖੜ੍ਹੀਆਂ। ਪ੍ਰਧਾਨ ਮੰਤਰੀ ਨੇ ਮੇਰਠ ਵਿੱਚ 12,930 ਕਰੋੜ ਰੁਪਏ ਦੇ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ।

ਇਥੇ ਨਮੋ ਭਾਰਤ ਰੇਲ ਤੇ ਮੇਰਠ ਮੈਟਰੋ ਰੇਲ ਐਕਸਟੈਨਸ਼ਨ ਸਣੇ ਹੋਰ ਕਈ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਮਗਰੋਂ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਵਰਤਾਰੇ ਤੋੋਂ ਪਤਾ ਲੱਗਦਾ ਹੈ ਕਿ ਪਾਰਟੀ ‘ਵਿਚਾਰਧਾਰਕ ਤੌਰ ’ਤੇ ਕਿੰਨੀ ਦੀਵਾਲੀਆ ਅਤੇ ਕੰਗਾਲ’ ਹੋ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ‘ਸਾਰੇ ਹੱਦਾਂ ਬੰਨ੍ਹੇ ਟੱਪ’ ਗਈ ਹੈ ਤੇ ਇਸ ਦੇ ਵਿਹਾਰ ਦੀ ਪੂਰੇ ਦੇਸ਼ ਵਿੱਚ ਵੱਡੇ ਪੱਧਰ ’ਤੇ ਨੁਕਤਾਚੀਨੀ ਹੋਈ ਹੈ। ਉਨ੍ਹਾਂ ਕਿਹਾ, ‘‘ਨਾਗਰਿਕ ਭਾਰਤ ਨੂੰ ਵਿਕਸਤ ਮੁਲਕ ਬਣਾਉਣ ਲਈ ਦਿਨ ਰਾਤ ਕੰਮ ਕਰ ਰਹੇ ਹਨ, ਪਰ ਕੁਝ ਵਿਰੋਧੀ ਪਾਰਟੀਆਂ ਨੂੰ ਦੇਸ਼ ਦੀ ਸਫ਼ਲਤਾ ਹਜ਼ਮ ਨਹੀਂ ਹੋ ਰਹੀ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਮੇਲਨ ਵਿੱਚ 80 ਤੋਂ ਵੱਧ ਮੁਲਕਾਂ ਦੇ ਨੁਮਾਇੰਦੇ ਤੇ ਕਰੀਬ 20 ਮੁਲਕਾਂ ਦੇ ਮੁਖੀ ਸ਼ਾਮਲ ਹੋਏ, ਪਰ ‘ਕਾਂਗਰਸ ਤੇ ਇਸ ਦੇ ਚੌਗਿਰਦੇ ਨੇ ਕੀ ਕੀਤਾ? ਉਨ੍ਹਾਂ ਭਾਰਤ ਦੇ ਆਲਮੀ ਸਮਾਗਮ ਨੂੰ ਆਪਣੀ ‘ਗੰਦੀ ਤੇ ਨੰਗੀ’ ਸਿਆਸਤ ਲਈ ਰਾਜਨੀਤੀ ਦਾ ਅਖਾੜਾ ਬਣਾ ਦਿੱਤਾ।’’

ਸ੍ਰੀ ਮੋਦੀ ਨੇ ਕਿਹਾ, ‘‘ਕਾਂਗਰਸ ਦੇ ਸਿਰਫਿਰੇ ਅਤੇ ਬੇਲਗਾਮ ਆਗੂ ਦੇਸ਼ ਨੂੰ ਤਬਾਹ ਕਰਨ ਵਿੱਚ ਲੱਗੇ ਹਨ। ਕਾਂਗਰਸ ਦੀਆਂ ਕਾਰਵਾਈਆਂ ਸੰਸਦੀ ਕੰਮਕਾਜ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਹਨ। ਕਾਂਗਰਸ ਦੇਸ਼ ’ਤੇ ਬੋਝ ਬਣ ਗਈ ਹੈ।’’ ਉਨ੍ਹਾਂ ਬਜਟ ਇਜਲਾਸ ਦੌਰਾਨ ਕੁਝ ਮਹਿਲਾ ਸੰਸਦ ਮੈਂਬਰਾਂ ਵੱਲੋਂ ਪ੍ਰਧਾਨ ਮੰਤਰੀ ਦੀ ਸੀਟ ਵੱਲ ਵੱਧਣ ਲਈ ਵੀ ਕਾਂਗਰਸ ਨੂੰ ਘੇਰਿਆ। ਉਨ੍ਹਾਂ ਕਿਸੇ ਦਾ ਨਾਮ ਲਏ ਬਗੈਰ ਕਿਹਾ, ‘‘ਜੇਕਰ ਤੁਸੀਂ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬੈਠਣਾ ਚਾਹੁੰਦੇ ਹੋ ਤਾਂ ਪਹਿਲਾਂ ਲੋਕਾਂ ਦੇ ਦਿਲ ਜਿੱਤੋ। ਸੀਟ ਹਾਸਲ ਕਰਨ ਲਈ ਮਹਿਲਾ ਸੰਸਦ ਮੈਂਬਰਾਂ ਨੂੰ ਭੇਜ ਕੇ ਤੁਸੀਂ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ।’’ ਸ੍ਰੀ ਮੋਦੀ ਨੇ ਮੇਰਠ ਵਿੱਚ ਮੈਟਰੋ ਸਾਊਥ ਸਟੇਸ਼ਨ ਤੱਕ ਮੈਟਰੋ ਵਿੱਚ ਸਫ਼ਰ ਕੀਤਾ। ਇਸ ਦੌਰਾਨ ਉਹ ਵਿਦਿਆਰਥੀਆਂ ਦੇ ਵੀ ਰੂ-ਬ-ਰੂ ਹੋਏ ਅਤੇ ਆਮ ਲੋਕਾਂ ਨੂੰ ਵੀ ਮਿਲੇ।

ਆਨਲਾਈਨ ਧੋਖਾਧੜੀ ਤੋਂ ਚੌਕਸ ਰਹਿਣ ਦਾ ਸੱਦਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਕੁੱਲ ਆਲਮ ਭਵਿੱਖ ਵਿੱਚ ਮਸਨੂਈ ਬੌਧਿਕਤਾ (ਏ ਆਈ) ਦੀ ਸ਼ਕਤੀ ਦੀ ਵਰਤੋਂ ਕਿਵੇਂ ਕਰੇਗਾ, ਇਹ ਫੈਸਲਾ ਲੈਣ ਵਿੱਚ ਇੰਡੀਆ ਏ ਆਈ ਇੰਪੈਕਟ ਸੰਮੇਲਨ ਅਹਿਮ ਮੋੜ ਸਾਬਤ ਹੋਇਆ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਆਲਮੀ ਆਗੂ ਬਣਾਉਟੀ ਬੁੱਧੀ ਦੇ ਖੇਤਰ ਵਿੱਚ ਭਾਰਤ ਵੱਲੋਂ ਹਾਸਲ ਕੀਤੀਆਂ ਅਹਿਮ ਸਫਲਤਾਵਾਂ ਤੋਂ ਪ੍ਰਭਾਵਿਤ ਹਨ। ਪ੍ਰਧਾਨ ਮੰਤਰੀ ਨੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੌਰਾਨ ਐਲਾਨ ਕੀਤਾ ਕਿ ਰਾਸ਼ਟਰਪਤੀ ਭਵਨ ਵਿੱਚ ਲੱਗੇ ਬ੍ਰਿਟਿਸ਼ ਆਰਕੀਟੈਕਟ ਐਡਵਿਨ ਲੁਟੀਅਨਜ਼ ਦੇ ਬੁੱਤ ਦੀ ਥਾਂ ਜਲਦੀ ਹੀ ਆਜ਼ਾਦ ਭਾਰਤ ਦੇ ਪਹਿਲੇ ਗਵਰਨਰ ਜਨਰਲ ਸੀ ਰਾਜਾਗੋਪਾਲਾਚਾਰੀ ਦਾ ਬੁੱਤ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਆਜ਼ਾਦੀ ਮਗਰੋਂ ਬਦਕਿਸਮਤੀ ਨਾਲ ਬਰਤਾਨਵੀ ਪ੍ਰਸ਼ਾਸਕਾਂ ਦੇ ਬੁੱਤ ਰਾਸ਼ਟਰਪਤੀ ਭਵਨ ਵਿੱਚ ਰਹਿ ਗਏ।

ਉਨ੍ਹਾਂ ਕਿਹਾ ਕਿ ਲੋਕ ਆਨਲਾਈਨ ਵਿੱਤੀ ਧੋਖਾਧੜੀ ਅਤੇ ਡਿਜੀਟਲ ਅਰੈਸਟ ਤੋਂ ਚੌਕਸ ਰਹਿਣ। ਉਨ੍ਹਾਂ ਅਪੀਲ ਕੀਤੀ ਕਿ ਲੋਕ ਆਪਣੇ ਬੈਂਕ ਖਾਤਿਆਂ ਦੀ ਸੁਰੱਖਿਆ ਲਈ ਬੈਂਕਾਂ ਦੀ ਬੇਨਤੀ ’ਤੇ ਕੇ ਵਾਈ ਸੀ (ਆਪਣੇ ਗਾਹਕ ਨੂੰ ਜਾਣੋ) ਦੇ ਅਮਲ ਨੂੰ ਜ਼ਰੂਰ ਪੂਰਾ ਕਰਨ। ਪ੍ਰਧਾਨ ਮੰਤਰੀ ਨੇ ਵੱਖ-ਵੱਖ ਪ੍ਰੀਖਿਆਵਾਂ ਵਿੱਚ ਬੈਠ ਰਹੇ ਵਿਦਿਆਰਥੀਆਂ ਲਈ ਵੀ ਸੁਨੇਹਾ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ‘ਪ੍ਰੀਖਿਆ ਯੋਧੇ’ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਮੁੱਲ ਮਾਰਕਸ਼ੀਟ ਤੋਂ ਤੈਅ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਜ਼ਮੀਨ ਦੀ ਬਿਹਤਰ ਵਰਤੋਂ, ਪਾਣੀ ਦੀ ਬੱਚਤ ਅਤੇ ਵਾਧੂ ਆਮਦਨ ਦੇ ਖੇਤਰ ਵਿੱਚ ਕਿਸਾਨਾਂ ਦੀਆਂ ਸਫਲਤਾ ਦੀਆਂ ਕਹਾਣੀਆਂ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਤਿਉਹਾਰਾਂ ਦੌਰਾਨ ‘ਸਵਦੇਸ਼ੀ’ ਉਤਪਾਦ ਵਰਤਣ ਦਾ ਸੱਦਾ ਦਿੱਤਾ ਤੇ ਲੋਕਾਂ ਨੂੰ ਕਿਹਾ ਕਿ ਉਹ ‘ਵੋਕਲ ਫਾਰ ਲੋਕਲ’ ਨੂੰ ਯਾਦ ਰੱਖਣ। ਉਨ੍ਹਾਂ ਰਮਜ਼ਾਨ ਦੇ ਮਹੀਨੇ ਦੀ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਮਾਸਿਕ ਪ੍ਰੋਗਰਾਮ ਦੌਰਾਨ ਟੀ20 ਵਿਸ਼ਵ ਕੱਪ ਵਿੱਚ ਹੋਰਨਾਂ ਮੁਲਕਾਂ ਵੱਲੋਂ ਖੇਡ ਰਹੇ ਭਾਰਤੀ ਮੂਲ ਦੇ ਖਿਡਾਰੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਅੰਗ ਦਾਨ ਦੀ ਮਹੱਤਤਾ ਦੀ ਵੀ ਗੱਲ ਕੀਤੀ।

Share: