ਮੁੰਬਈ: ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਦੇ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਸਾਂਝਾ ਸਿਵਲ ਕੋਡ (ਯੂ ਸੀ ਸੀ) ਸਾਰਿਆਂ ਨੂੰ ਭਰੋਸੇ ਵਿੱਚ ਲੈ ਕੇ ਤਿਆਰ ਕਰਨਾ ਚਾਹੀਦਾ ਹੈ ਅਤੇ ਇਸ ਨਾਲ ਸਮਾਜ ਵਿੱਚ ਵੰਡੀਆਂ ਨਹੀਂ ਪੈਣੀਆਂ ਚਾਹੀਦੀਆਂ।
ਇਹ ਪੁੱਛੇ ਜਾਣ ’ਤੇ ਕਿ ਕੀ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਆਰ ਐੱਸ ਐੱਸ ਲਈ ‘ਅੱਛੇ ਦਿਨ’ ਆਏ ਤਾਂ ਉਨ੍ਹਾਂ ਕਿਹਾ ਕਿ ਇਹ ਇਸ ਦੇ ਉਲਟ ਹੈ। ਸੰਘ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਲਈ ਵਚਨਬੱਧ ਰਿਹਾ ਹੈ ਅਤੇ ਜਿਨ੍ਹਾਂ ਨੇ ਇਸ ਦਾ ਸਮਰਥਨ ਕੀਤਾ, ਉਨ੍ਹਾਂ ਨੂੰ ਲਾਭ ਹੋਇਆ। ਹਿੰਦੂਤਵ ਵਿਚਾਰਕ ਵੀ ਡੀ ਸਾਵਰਕਰ ਨੂੰ ਭਾਰਤ ਰਤਨ ਦੇਣ ਦੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਜਾਂਦਾ ਹੈ ਤਾਂ ਇਸ ਪੁਰਸਕਾਰ ਦਾ ਵੱਕਾਰ ਹੋਰ ਵਧੇਗਾ। ਉਹ ਆਰ ਐੱਸ ਐੱਸ ਦੇ 100 ਸਾਲ ਪੂਰੇ ਹੋਣ ਮੌਕੇ ਕਰਵਾਏ ਪ੍ਰੋਗਰਾਮ ਦੌਰਾਨ ਗੱਲਬਾਤ ਕਰ ਰਹੇ ਸਨ।
ਜਾਤ ਹੁਣ ਸਿਰਫ਼ ਸਿਆਸੀ ਮਨੋਰਥਾਂ ਤੇ ਸਵਾਰਥੀ ਹਿੱਤਾਂ ਲਈ
ਮੁੰਬਈ: ਮੋਹਨ ਭਾਗਵਤ ਨੇ ਕਿਹਾ ਕਿ ਜਾਤ ਹੁਣ ਜ਼ਿਆਦਾਤਰ ਸਵਾਰਥੀ ਹਿੱਤਾਂ ਅਤੇ ਸਿਆਸੀ ਮਨੋਰਥਾਂ ਦੀ ਪੂਰਤੀ ਲਈ ਵਰਤੀ ਜਾ ਰਹੀ ਹੈ, ਕਿਉਂਕਿ ਇਸ ਦਾ ਰਵਾਇਤੀ ਕਿੱਤਾਮੁਖੀ ਆਧਾਰ ਖ਼ਤਮ ਹੋ ਚੁੱਕਾ ਹੈ। ਉਨ੍ਹਾਂ ਜਾਤ ਆਧਾਰਿਤ ਟਕਰਾਅ ਹੱਲ ਕਰਨ ਲਈ ਸੰਵੇਦਨਸ਼ੀਲ ਪਹੁੰਚ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਿਆਸਤਦਾਨ ਜਾਤ ਦੇ ਨਾਮ ’ਤੇ ਵੋਟਾਂ ਮੰਗਦੇ ਹਨ, ਕਿਉਂਕਿ ਸਮਾਜ ਵਿੱਚ ਜਾਤੀ ਦੀਆਂ ਜੜ੍ਹਾਂ ਅਜੇ ਵੀ ਬਹੁਤ ਡੂੰਘੀਆਂ ਹਨ।

