ਕਰਾਚੀ ’ਚ ਖ਼ੂਨੀ ਖੇਡ: ਫਾਈਰਿੰਗ ਦੀਆਂ ਵੱਖ-ਵੱਖ ਵਾਰਦਾਤਾਂ ’ਚ ਚਾਰ ਹਲਾਕ; ਕਈ ਜ਼ਖ਼ਮੀ

ਕਰਾਚੀ (ਪਾਕਿਸਤਾਨ): ਕਰਾਚੀ ਸ਼ਹਿਰ ਲਈ ਬੁੱਧਵਾਰ ਦੀ ਰਾਤ ਕਹਿਰ ਬਣ ਕੇ ਆਈ, ਜਿੱਥੇ ਫਾਇਰਿੰਗ ਦੀਆਂ ਚਾਰ ਵੱਖ-ਵੱਖ ਘਟਨਾਵਾਂ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਮੈਮਣ ਗੋਠ ਇਲਾਕੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਦੋ ਨੌਜਵਾਨਾਂ ਦੇ ਸਿਰ ਵਿੱਚ ਗੋਲੀਆਂ ਮਾਰ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਦੋਂਕਿ ਇੱਕ ਔਰਤ ਗੰਭੀਰ ਜ਼ਖਮੀ ਹਾਲਤ ਵਿੱਚ ਮਿਲੀ ਹੈ। ਪੁਲੀਸ ਨੂੰ ਘਟਨਾ ਵਾਲੀ ਥਾਂ ਤੋਂ 9 ਐਮ.ਐਮ ਪਿਸਤੌਲ ਦੇ ਖੋਲ ਅਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਹਨ। ਇਸੇ ਦੌਰਾਨ ਦਿੱਲੀ ਕਲੋਨੀ ਵਿੱਚ ਵੀ ਗੋਲੀਬਾਰੀ ਕਾਰਨ ਤਿੰਨ ਲੋਕ ਜ਼ਖ਼ਮੀ ਹੋ ਗਏ, ਜਿਸ ਨਾਲ ਸ਼ਹਿਰ ਦੀ ਅਮਨ-ਕਾਨੂੰਨ ਦੀ ਸਥਿਤੀ ’ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਦੂਜੇ ਪਾਸੇ, ਲੁੱਟ-ਖੋਹ ਦੀ ਇੱਕ ਵਾਰਦਾਤ ਦੌਰਾਨ ਹੁਜ਼ੈਫਾ ਨਾਮ ਦੇ ਨੌਜਵਾਨ ਨੇ ਜਦੋਂ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ਦੇ ਪੇਟ ਵਿੱਚ ਗੋਲੀ ਮਾਰ ਦਿੱਤੀ। ਹਾਲਾਂਕਿ, ਉੱਥੇ ਮੌਜੂਦ ਭੀੜ ਨੇ ਦਲੇਰੀ ਦਿਖਾਉਂਦੇ ਹੋਏ ਭੱਜ ਰਹੇ ਲੁਟੇਰਿਆਂ ਨੂੰ ਦਬੋਚ ਲਿਆ ਅਤੇ ਪੁਲੀਸ ਦੇ ਹਵਾਲੇ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ਤੋਂ ਇਲਾਵਾ, ਸਵਾਤ ਵਿੱਚ ਬੱਚਿਆਂ ਦੇ ਮਾਮੂਲੀ ਝਗੜੇ ਨੇ ਹਿੰਸਕ ਰੂਪ ਧਾਰ ਲਿਆ, ਜਿਸ ਵਿੱਚ ਇੱਕ ਵਕੀਲ ਦੀ ਜਾਨ ਚਲੀ ਗਈ। ਲਾਹੌਰ ਹਾਈ ਕੋਰਟ ਨੇ ਵੀ ਬਸੰਤ ਦੌਰਾਨ ਹੋਈਆਂ ਮੌਤਾਂ ’ਤੇ ਸਖ਼ਤ ਰੁਖ ਅਖਤਿਆਰ ਕਰਦਿਆਂ ਪ੍ਰਸ਼ਾਸਨ ਅਤੇ ਪੁਲੀਸ ਤੋਂ ਜਵਾਬ ਤਲਬ ਕੀਤਾ ਹੈ।

Share: