ਬਾਬਾ ਸਿੱਦੀਕੀ ਕੇਸ: 27 ਮੁਲਜ਼ਮਾਂ ਵਿਰੁੱਧ ਦੋਸ਼ ਤੈਅ

ਬਾਬਾ ਸਿੱਦੀਕੀ ਕੇਸ: 27 ਮੁਲਜ਼ਮਾਂ ਵਿਰੁੱਧ ਦੋਸ਼ ਤੈਅ

ਮੁੰਬਈ: ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐੱਨ ਸੀ ਪੀ ਆਗੂ ਬਾਬਾ ਸਿੱਦੀਕੀ ਦੇ ਕਤਲ ਦੇ ਮਾਮਲੇ ਵਿੱਚ 27 ਮੁਲਜ਼ਮਾਂ ਵਿਰੁੱਧ ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ (ਮਕੋਕਾ) ਅਤੇ ਭਾਰਤੀ ਨਿਆਂ ਸੰਹਿਤਾ (ਬੀ ਐੱਨ ਐੱਸ) ਤਹਿਤ ਦੋਸ਼ ਤੈਅ ਕੀਤੇ ਹਨ। ਇਹ ਕਾਰਵਾਈ ਮੁਲਜ਼ਮਾਂ ਵੱਲੋਂ ਖ਼ੁਦ ਨੂੰ ਬੇਗੁਨਾਹ ਦੱਸੇ ਜਾਣ ਤੋਂ ਬਾਅਦ ਕੀਤੀ ਗਈ। ਵਿਸ਼ੇਸ਼ ਜੱਜ ਸੱਤਿਆਨਾਰਾਇਣ ਆਰ ਨਵੰਦਰ ਨੇ ਬੀ ਐੱਨ ਐੱਸ ਦੀਆਂ ਕਤਲ ਸਬੰਧੀ ਧਾਰਾਵਾਂ, ਮਕੋਕਾ, ਆਰਮਜ਼ ਐਕਟ ਅਤੇ ਮਹਾਰਾਸ਼ਟਰ ਪੁਲੀਸ ਐਕਟ ਤਹਿਤ ਦੋਸ਼ ਤੈਅ ਕੀਤੇ ਹਨ। ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ ਐੱਨ ਐੱਸ ਐੱਸ) ਤਹਿਤ ਅਪਰਾਧਿਕ ਸੁਣਵਾਈ ਵਿੱਚ ਦੋਸ਼ ਤੈਅ ਕਰਨਾ ਪਹਿਲਾ ਪੜਾਅ ਹੁੰਦਾ ਹੈ, ਜਿੱਥੇ ਅਦਾਲਤ ਸਬੂਤਾਂ ਦੇ ਆਧਾਰ ’ਤੇ ਰਸਮੀ ਤੌਰ ’ਤੇ ਦੋਸ਼ ਤੈਅ ਕਰਦੀ ਹੈ। 66 ਸਾਲਾ ਬਾਬਾ ਸਿੱਦੀਕੀ ਦੀ 12 ਅਕਤੂਬਰ 2024 ਦੀ ਰਾਤ ਨੂੰ ਮੁੰਬਈ ਦੇ ਬਾਂਦਰਾ (ਪੂਰਬੀ) ਇਲਾਕੇ ਵਿੱਚ ਉਨ੍ਹਾਂ ਦੇ ਪੁੱਤਰ ਜ਼ੀਸ਼ਾਨ ਸਿੱਦੀਕੀ ਦੇ ਦਫ਼ਤਰ ਦੇ ਬਾਹਰ ਤਿੰਨ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ਵਿੱਚ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਸਾਰੇ 27 ਵਿਅਕਤੀਆਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ।

Share: