ਜੈਪੁਰ: ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦੇ ਇੱਕ ਨਿੱਜੀ ਸਕੂਲ ਵਿੱਚ 9 ਸਾਲਾ ਬੱਚੀ ਦੀ ਦਿਲ ਦਾ ਦੌਰਾ (Cardiac Arrest) ਪੈਣ ਕਾਰਨ ਮੌਤ ਹੋ ਗਈ। ਇਹ ਘਟਨਾ ਗੋਟਨ ਕਸਬੇ ਵਿੱਚ ਵਾਪਰੀ। ਪੁਲੀਸ ਅਨੁਸਾਰ ਪੰਜਵੀਂ ਜਮਾਤ ਦੀ ਵਿਦਿਆਰਥਣ ਦਿਵਿਆ ਬਾਪੇਡੀਆ ਸਵੇਰ ਦੀ ਪ੍ਰਾਰਥਨਾ ਤੋਂ ਪਹਿਲਾਂ ਸਕੂਲ ਦੇ ਮੈਦਾਨ ਵਿੱਚ ਹੋਰ ਬੱਚਿਆਂ ਨਾਲ ਖੇਡ ਰਹੀ ਸੀ ਕਿ ਅਚਾਨਕ ਉਹ ਬੇਹੋਸ਼ ਹੋ ਕੇ ਡਿੱਗ ਪਈ। ਸਕੂਲ ਸਟਾਫ ਉਸ ਨੂੰ ਤੁਰੰਤ ਸਥਾਨਕ ਕਮਿਊਨਿਟੀ ਹੈਲਥ ਸੈਂਟਰ (CHC) ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਦਿਲ ਦਾ ਦੌਰਾ ਪੈਣ ਦਾ ਖ਼ਦਸ਼ਾ ਜਤਾਇਆ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ, ਜਿਸ ਵਿੱਚ ਦਿਵਿਆ ਡਿੱਗਣ ਤੋਂ ਕੁਝ ਪਲ ਪਹਿਲਾਂ ਖੇਡਦੀ ਦਿਖਾਈ ਦਿੱਤੀ ਹੈ। ਗੋਟਨ CHC ਦੇ ਇੰਚਾਰਜ ਡਾਕਟਰ ਸੁਖਰਾਮ ਨੇ ਦੱਸਿਆ ਕਿ ਬੱਚੀ ਦੀ ਕੋਈ ਪੁਰਾਣੀ ਬਿਮਾਰੀ ਦੀ ਹਿਸਟਰੀ ਨਹੀਂ ਸੀ। ਉਸ ਦੇ ਸਰੀਰ ‘ਤੇ ਕੋਈ ਬਾਹਰੀ ਸੱਟ ਦੇ ਨਿਸ਼ਾਨ ਨਹੀਂ ਸਨ ਅਤੇ ਮੁੱਢਲੀ ਜਾਂਚ ਵਿੱਚ ਮੌਤ ਦਾ ਕਾਰਨ ਹਾਰਟ ਅਟੈਕ ਹੀ ਮੰਨਿਆ ਜਾ ਰਿਹਾ ਹੈ। ਪਰਿਵਾਰ ਨੇ ਬੱਚੀ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਤੋਂ ਬਾਅਦ ਲਾਸ਼ ਮਾਪਿਆਂ ਨੂੰ ਸੌਂਪ ਦਿੱਤੀ ਗਈ ਹੈ।
Posted inRajasthan
ਸਕੂਲ ਵਿੱਚ ਖੇਡਦਿਆਂ 9 ਸਾਲਾ ਬੱਚੀ ਦੀ ਮੌਤ; ਡਾਕਟਰਾਂ ਨੂੰ ਹਾਰਟ ਅਟੈਕ ਦਾ ਖ਼ਦਸ਼ਾ

