ਮੁੰਬਈ: ਰਾਜ ਸਭਾ ਮੈਂਬਰ ਸੁਨੇਤਰਾ ਪਵਾਰ, ਜੋ ਕਿ ਰਾਜ ਮੰਤਰੀ ਮੰਡਲ ਵਿੱਚ ਆਪਣੇ ਮਰਹੂਮ ਪਤੀ ਅਤੇ ਐੱਨਸੀਪੀ ਮੁਖੀ ਅਜੀਤ ਪਵਾਰ ਦੀ ਜਗ੍ਹਾ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਲਈ ਪੂਰੀ ਤਰ੍ਹਾਂ ਤਿਆਰ ਹਨ, ਸ਼ਨਿੱਚਰਵਾਰ ਨੂੰ ਮੁੰਬਈ ਪਹੁੰਚ ਗਏ ਹਨ। ਉਹ ਤੜਕੇ ਆਪਣੇ ਪੁੱਤਰ ਪਾਰਥ ਦੇ ਨਾਲ ਦੱਖਣੀ ਮੁੰਬਈ ਵਿੱਚ ਆਪਣੇ ਸਵਰਗੀ ਪਤੀ ਦੀ ਸਰਕਾਰੀ ਰਿਹਾਇਸ਼ ‘ਦੇਵਗਿਰੀ’ ਪਹੁੰਚੇ।
62 ਸਾਲਾ ਆਗੂ, ਜੋ ਮਹਾਰਾਸ਼ਟਰ ਵਿਧਾਨ ਸਭਾ ਦੇ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਹਨ, ਨੂੰ ਸ਼ਨਿਚਰਵਾਰ ਦੁਪਹਿਰ ਮੁੰਬਈ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਵਜੋਂ ਚੁਣਿਆ ਜਾਵੇਗਾ ਅਤੇ ਉਹ ਮਹਾਰਾਸ਼ਟਰ ਦੀ ਪਹਿਲੀ ਮਹਿਲਾ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਲਈ ਤਿਆਰ ਹਨ। ਬੁੱਧਵਾਰ ਨੂੰ ਇੱਕ ਹਵਾਈ ਹਾਦਸੇ ਵਿੱਚ ਅਜੀਤ ਪਵਾਰ ਦੀ ਮੌਤ ਤੋਂ ਬਾਅਦ ਐਨਸੀਪੀ ਅਤੇ ਪਾਰਟੀ ਦੇ ਸੰਸਥਾਪਕ ਸ਼ਰਦ ਪਵਾਰ ਦੀ ਅਗਵਾਈ ਵਾਲੇ ਧੜੇ ਦੇ ਜਲਦੀ ਰਲੇਵੇਂ ਦੀ ਗੱਲ ਜ਼ੋਰ ਫੜ ਰਹੀ ਸੀ, ਪਰ ਐੱਨਸੀਪੀ (ਐੱਸਪੀ) ਅਤੇ ਸ਼ਰਦ ਪਵਾਰ ਦੇ ਪਰਿਵਾਰਕ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਦੀ ਅਗਵਾਈ ਵਾਲੀ ਮਹਾਯੁਤੀ ਸਰਕਾਰ ਵਿੱਚ ਸ਼ਾਮਲ ਹੋਣ ਦੇ ਉਨ੍ਹਾਂ ਦੇ ਫੈਸਲੇ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਇੱਕ ਸੂਤਰ ਨੇ ਦੱਸਿਆ ਕਿ “ਐੱਨਸੀਪੀ (ਐੱਸਪੀ) ਲੀਡਰਸ਼ਿਪ ਅਤੇ ਸ਼ਰਦ ਪਵਾਰ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੀਆਂ ਯੋਜਨਾਵਾਂ ਬਾਰੇ ਪੂਰੀ ਤਰ੍ਹਾਂ ਹਨੇਰੇ ਵਿੱਚ ਸਨ।” ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਸੱਤਾਧਾਰੀ ਗਠਜੋੜ ਮਹਾਯੁਤੀ ਦੀ ਅਗਵਾਈ ਕਰਨ ਵਾਲੀ ਭਾਜਪਾ, ਮਰਹੂਮ ਅਜੀਤ ਪਵਾਰ ਦੇ ਪਰਿਵਾਰ ਅਤੇ ਪਾਰਟੀ ਦੁਆਰਾ ਲਏ ਗਏ ਕਿਸੇ ਵੀ ਫੈਸਲੇ ਦਾ ਸਮਰਥਨ ਕਰੇਗੀ। ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਨਾਗਪੁਰ ਵਿੱਚ ਪੱਤਰਕਾਰਾਂ ਨੂੰ ਕਿਹਾ, “ਉਪ ਮੁੱਖ ਮੰਤਰੀ ਦੇ ਅਹੁਦੇ ਲਈ ਐੱਨਸੀਪੀ ਜੋ ਵੀ ਫੈਸਲਾ ਲਵੇਗੀ, ਅਸੀਂ ਉਸ ਦਾ ਸਮਰਥਨ ਕਰਾਂਗੇ। ਅਸੀਂ ਅਜੀਤ ਦਾਦਾ ਦੇ ਪਰਿਵਾਰ ਅਤੇ ਐੱਨ ਸੀ ਪੀ ਦੇ ਨਾਲ ਖੜ੍ਹੇ ਹਾਂ।” 2024 ਦੀਆਂ ਲੋਕ ਸਭਾ ਚੋਣਾਂ ਤੱਕ, ਸੁਨੇਤਰਾ ਪਵਾਰ ਨੇ ਲੋ ਪ੍ਰੋਫਾਈਲ ਬਣਾਈ ਰੱਖੀ ਸੀ। ਉਸ ਸਾਲ ਦੀਆਂ ਲੋਕ ਸਭਾ ਚੋਣਾਂ ਵਿੱਚ, ਉਨ੍ਹਾਂ ਨੇ ਬਾਰਾਮਤੀ ਤੋਂ ਆਪਣੇ ਪਤੀ ਦੀ ਪਾਰਟੀ ਦੀ ਉਮੀਦਵਾਰ ਵਜੋਂ ਚੋਣ ਲੜੀ ਸੀ, ਪਰ ਇਸ ਵੱਕਾਰੀ ਲੜਾਈ ਵਿੱਚ ਆਪਣੀ ਨਣਦ ਅਤੇ ਮੌਜੂਦਾ ਐੱਨਸੀਪੀ (ਐਸਪੀ) ਸੰਸਦ ਮੈਂਬਰ ਸੁਪ੍ਰਿਆ ਸੁਲੇ ਤੋਂ ਹਾਰ ਗਏ ਸਨ।
ਸੁਨੇਤਰਾ ਪਵਾਰ ਬਾਅਦ ਵਿੱਚ ਰਾਜ ਸਭਾ ਲਈ ਚੁਣੇ ਗਏ ਸਨ। ਰਾਜ ਦੇ ਮੰਤਰੀ ਅਤੇ ਪਾਰਟੀ ਦੇ ਸੀਨੀਅਰ ਨੇਤਾ ਛਗਨ ਭੁਜਬਲ ਨੇ ਦੱਸਿਆ ਕਿ ਐੱਨ ਸੀ ਪੀ ਦਾ ਵਿਧਾਇਕ ਦਲ ਸ਼ਨਿੱਚਰਵਾਰ ਦੁਪਹਿਰ ਮੁੰਬਈ ਵਿੱਚ ਇੱਕ ਮੀਟਿੰਗ ਕਰੇਗਾ ਜਿੱਥੇ ਉਨ੍ਹਾਂ ਨੂੰ ਆਪਣਾ ਨੇਤਾ ਨਿਯੁਕਤ ਕੀਤਾ ਜਾਵੇਗਾ।

