ਚੰਡੀਗੜ੍ਹ: ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਸੀਬੀਆਈ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਆਪਣੇ ਪਿਤਾ ਅਤੇ ਧੀ ਨਾਲ ਸਬੰਧਤ 10 ਬੈਂਕ ਖਾਤਿਆਂ ਨੂੰ ਫ੍ਰੀਜ਼ ਮੁਕਤ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ, ਜਿਸ ‘ਤੇ ਕਾਰਵਾਈ ਕਰਦਿਆਂ ਅਦਾਲਤ ਨੇ ਸੀਬੀਆਈ ਨੂੰ ਨੋਟਿਸ ਜਾਰੀ ਕਰਕੇ 6 ਫਰਵਰੀ ਤੱਕ ਆਪਣਾ ਜਵਾਬ ਦਾਖਲ ਕਰਨ ਲਈ ਕਿਹਾ ਹੈ।
ਭੁੱਲਰ ਨੇ ਅਦਾਲਤ ਵਿੱਚ ਦੋਸ਼ ਲਾਇਆ ਕਿ ਸੀਬੀਆਈ ਨੇ ਇੱਕ ‘ਟਰੈਪ ਕੇਸ’ ਦੀ ਜਾਂਚ ਦੌਰਾਨ ਅਦਾਲਤ ਤੋਂ ਲੋੜੀਂਦੀ ਅਗਾਊਂ ਇਜਾਜ਼ਤ ਲਏ ਬਿਨਾਂ ਹੀ ਇਨ੍ਹਾਂ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਸੀ, ਜਿਸ ਨੂੰ ਉਨ੍ਹਾਂ ਨੇ ਪੂਰੀ ਤਰ੍ਹਾਂ ਗੈਰ-ਕਾਨੂੰਨੀ ਅਤੇ ਮਨਮਾਨੀ ਕਾਰਵਾਈ ਕਰਾਰ ਦਿੱਤਾ ਹੈ। ਮੁਲਜ਼ਮ ਦੇ ਵਕੀਲ ਐੱਸ ਪੀ ਐੱਸ ਭੁੱਲਰ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਸੀਬੀਆਈ ਵੱਲੋਂ 3 ਦਸੰਬਰ 2025 ਨੂੰ ਭੁੱਲਰ ਅਤੇ ਸਹਿ-ਮੁਲਜ਼ਮ ਕ੍ਰਿਸ਼ਨੂੰ ਸ਼ਾਰਦਾ ਵਿਰੁੱਧ ਚਲਾਨ ਪੇਸ਼ ਕੀਤਾ ਗਿਆ ਸੀ, ਪਰ ਇਹ ਬੈਂਕ ਖਾਤੇ ਉਸ ਚਲਾਨ ਦਾ ਹਿੱਸਾ ਨਹੀਂ ਸਨ ਅਤੇ ਨਾ ਹੀ ਟਰੈਪ ਕੇਸ ਦੀ ਕਿਸੇ ਪ੍ਰਕਿਰਿਆ ਲਈ ਇਨ੍ਹਾਂ ਦੀ ਕੋਈ ਜ਼ਰੂਰਤ ਹੈ।
ਉਨ੍ਹਾਂ ਨੇ ਇਹ ਵੀ ਨੁਕਤਾ ਉਠਾਇਆ ਕਿ ਰਿਕਾਰਡ ਵਿੱਚ ਅਜਿਹਾ ਕੋਈ ਵੀ ਕਾਨੂੰਨੀ ਆਧਾਰ ਮੌਜੂਦ ਨਹੀਂ ਹੈ ਜੋ ਇਹ ਸਪੱਸ਼ਟ ਕਰੇ ਕਿ ਇਹ ਖਾਤੇ ਕਿਸ ਕਾਨੂੰਨੀ ਧਾਰਾ ਤਹਿਤ ਫ੍ਰੀਜ਼ ਕੀਤੇ ਗਏ ਸਨ। ਵਕੀਲ ਨੇ ਅੱਗੇ ਦੱਸਿਆ ਕਿ ਇਹ ਖਾਤੇ ਭੁੱਲਰ ਦੇ ਪਿਤਾ ਅਤੇ ਧੀ ਦੇ ਹਨ ਜਿਨ੍ਹਾਂ ਦਾ ਕਥਿਤ ਜੁਰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ; ਉਨ੍ਹਾਂ ਸਪੱਸ਼ਟ ਕੀਤਾ ਕਿ ਭੁੱਲਰ ਦੇ ਪਿਤਾ, ਜੋ ਕਿ ਫੌਜ ਦੇ ਅਨੁਭਵੀ ਹੋਣ ਦੇ ਨਾਲ-ਨਾਲ ਪੰਜਾਬ ਦੇ ਸਾਬਕਾ ਡੀਜੀਪੀ ਵੀ ਰਹੇ ਹਨ ਅਤੇ ਇਸ ਸਮੇਂ ਲਗਪਗ 80 ਸਾਲ ਦੇ ਹਨ, ਆਪਣੀ ਜਨਤਕ ਸੇਵਾ ਤੋਂ ਸੇਵਾਮੁਕਤ ਹਨ ਅਤੇ ਪੈਨਸ਼ਨ ਤੇ ਖੇਤੀਬਾੜੀ ਤੋਂ ਹੋਣ ਵਾਲੀ ਆਪਣੀ ਸੁਤੰਤਰ ਆਮਦਨ ਰਾਹੀਂ ਇਨ੍ਹਾਂ ਖਾਤਿਆਂ ਦਾ ਸੰਚਾਲਨ ਕਰ ਰਹੇ ਹਨ।
ਮਾਮਲੇ ਦਾ ਪਿਛੋਕੜ: ਰਿਸ਼ਵਤਖੋਰੀ ਮਾਮਲੇ ਜੇਲ੍ਹ ਵਿੱਚ ਹੈ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ
ਪੰਜਾਬ ਦੇ ਮੁੱਅਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਹਾਈ-ਪ੍ਰੋਫਾਈਲ ਰਿਸ਼ਵਤਖੋਰੀ ਦੇ ਕੇਸ ਵਿੱਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਜੇਲ੍ਹ ਵਿੱਚ ਹਨ। ਇਹ ਕੇਸ ਸਕਰੈਪ ਡੀਲਰ ਆਕਾਸ਼ ਬੱਤਾ ਦੀ ਸ਼ਿਕਾਇਤ ਤੋਂ ਬਾਅਦ ਸ਼ੁਰੂ ਹੋਇਆ, ਜਿਸ ਨੇ ਅਧਿਕਾਰੀ ’ਤੇ ਪੁਲੀਸ ਕਾਰਵਾਈ ਤੋਂ ਬਚਾਅ ਬਦਲੇ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਸੀ।
ਫਤਹਿਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਦੇ ਸਕਰੈਪ ਡੀਲਰ ਆਕਾਸ਼ ਬੱਤਾ ਵੱਲੋਂ ਸੀ.ਬੀ.ਆਈ. ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਸ ਨੇ ਦੋਸ਼ ਲਾਇਆ ਕਿ ਡੀ.ਆਈ.ਜੀ. ਭੁੱਲਰ, ਕ੍ਰਿਸ਼ਨੂ ਸ਼ਾਰਦਾ ਨਾਮ ਦੇ ਇੱਕ ਵਿਚੋਲੇ ਰਾਹੀਂ ਉਸਦੇ ਕਾਰੋਬਾਰ ਨੂੰ ਪੁਲੀਸ ਦੀ ਦਖ਼ਲਅੰਦਾਜ਼ੀ ਤੋਂ ਬਚਾਉਣ ਲਈ ਮਹੀਨਾਵਾਰ ਰਿਸ਼ਵਤ (ਜਿਸ ਨੂੰ ‘ਸੇਵਾ-ਪਾਣੀ’ ਕਿਹਾ ਜਾਂਦਾ ਸੀ) ਦੀ ਮੰਗ ਕਰ ਰਹੇ ਸਨ।
ਬੱਤਾ ਨੇ ਦਾਅਵਾ ਕੀਤਾ ਸੀ ਕਿ 2023 ਵਿੱਚ ਸਰਹਿੰਦ ਵਿਖੇ ਉਸ ਦੇ ਖ਼ਿਲਾਫ਼ ਇੱਕ ਐਫ.ਆਈ.ਆਰ. ਦਰਜ ਕੀਤੀ ਗਈ ਸੀ, ਜਿਸ ਵਿੱਚ ਦੋਸ਼ ਸੀ ਕਿ ਉਸ ਨੇ ਆਪਣੇ ਕਾਰੋਬਾਰ ਵਿੱਚ ਜਾਅਲੀ ਬਿੱਲਾਂ ਦੀ ਵਰਤੋਂ ਕੀਤੀ ਸੀ। ਉਸ ਅਨੁਸਾਰ ਦੋਸ਼ ਝੂਠੇ ਸਨ ਅਤੇ ਪੈਸੇ ਕਢਵਾਉਣ ਲਈ ਦਬਾਅ ਬਣਾਉਣ ਵਾਸਤੇ ਵਰਤੇ ਜਾ ਰਹੇ ਸਨ।
ਸ਼ਿਕਾਇਤ ਅਨੁਸਾਰ ਡੀ.ਆਈ.ਜੀ. ਭੁੱਲਰ ਨੇ ਕਥਿਤ ਤੌਰ ’ਤੇ ਐਫ.ਆਈ.ਆਰ. ਦਾ ਨਿਬੇੜਾ ਕਰਨ ਲਈ 8 ਲੱਖ ਰੁਪਏ ਦੀ ਇਕਮੁਸ਼ਤ ਰਿਸ਼ਵਤ ਦੀ ਮੰਗ ਕੀਤੀ ਅਤੇ ਬਿਨਾਂ ਕਿਸੇ ਮੁਸ਼ਕਲ ਤੋਂ ਬੱਤਾ ਨੂੰ ਆਪਣਾ ਕਾਰੋਬਾਰ ਚਲਾਉਣ ਦੇਣ ਲਈ ਮਹੀਨਾਵਾਰ ਭੁਗਤਾਨ ’ਤੇ ਵੀ ਜ਼ੋਰ ਦਿੱਤਾ ਸੀ।
ਸੀ.ਬੀ.ਆਈ. ਨੇ ਇਨ੍ਹਾਂ ਦਾਅਵਿਆਂ ਦੀ ਗੁਪਤ ਤੌਰ ’ਤੇ ਤਸਦੀਕ ਸ਼ੁਰੂ ਕੀਤੀ ਜਿਸ ਦੌਰਾਨ ਕਥਿਤਵਿਚੋਲਾ ਭੁੱਲਰ ਲਈ ਪੈਸੇ ਲੈਂਦਾ ਫੜਿਆ ਗਿਆ ਸੀ।
ਸਬੂਤਾਂ ਦੇ ਆਧਾਰ ’ਤੇ ਸੀ.ਬੀ.ਆਈ. ਨੇ ਡੀ.ਆਈ.ਜੀ. ਭੁੱਲਰ ਨੂੰ ਉਸ ਦੇ ਮੁਹਾਲੀ ਦਫ਼ਤਰ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਕਥਿਤ ਵਿਚੋਲੇ ਕ੍ਰਿਸ਼ਨੂ ਨੂੰ ਵੀ ਹਿਰਾਸਤ ਵਿੱਚ ਲੈ ਲਿਆ।
ਸੀਬੀਆਈ ਦੀ ਰੇਡ ਦੌਰਾਨ ਵੱਡੀ ਬਰਾਮਦਗੀ
ਸੀਬੀਆਈ ਨੇ ਕਾਰਵਾਈ ਦੌਰਾਨ ਡੀ ਆਈ ਜੀ ਭੁੱਲਰ ਦੇ ਚੰਡੀਗੜ੍ਹ ਸਥਿਤ ਘਰੋਂ 7.50 ਕਰੋੜ ਰੁਪਏ ਨਕਦ ਬਰਾਮਦ ਕੀਤੇ। ਇਸ ਤੋਂ ਇਲਾਵਾ 2.5 ਕਿਲੋ ਸੋਨੇ ਦੇ ਗਹਿਣੇ, ਰੋਲੈਕਸ ਅਤੇ ਰਾਡੋ ਸਮੇਤ 26 ਮਹਿੰਗੀਆਂ ਘੜੀਆਂ, 50 ਤੋਂ ਵੱਧ ਜਾਇਦਾਦਾਂ ਨਾਲ ਸਬੰਧਤ ਦਸਤਾਵੇਜ਼, ਅਸਲਾ, ਆਲੀਸ਼ਾਨ ਵਾਹਨਾਂ ਦੀਆਂ ਚਾਬੀਆਂ, ਵਿਦੇਸ਼ੀ ਸ਼ਰਾਬ, ਅਤੇ ਲਾਕਰ ਦੀਆਂ ਚਾਬੀਆਂ ਵੀ ਬਰਾਮਦ ਕੀਤੀਆਂ।
ਭੁੱਲਰ ਦੇ ਸਮਰਾਲਾ ਫਾਰਮ ਹਾਊਸ ਤੋਂ ਹੋਰ ਨਕਦੀ, ਸ਼ਰਾਬ ਤੋੋਂ ਇਲਾਵਾ ਵਿਚੋਲੇ ਕ੍ਰਿਸ਼ਨੂ ਤੋਂ 21 ਲੱਖ ਰੁਪਏ ਜ਼ਬਤ ਕੀਤੇ ਗਏ ਸਨ।

