ਸਿਆਸਤ ’ਚ ਉੱਤਰੇ ਅਫਸਰਾਂ ਨੂੰ ਪੈਨਸ਼ਨਾਂ ਦੇ ਗੱਫੇ

ਸਿਆਸਤ ’ਚ ਉੱਤਰੇ ਅਫਸਰਾਂ ਨੂੰ ਪੈਨਸ਼ਨਾਂ ਦੇ ਗੱਫੇ

ਚੰਡੀਗੜ੍ਹ: ਸੀਨੀਅਰ ਅਫਸਰਾਂ ਲਈ ਸਿਆਸਤ ਕਿਸੇ ਲਾਹੇਵੰਦ ਧੰਦੇ ਤੋਂ ਘੱਟ ਨਹੀਂ। ਅਫਸਰ ਚੋਣਾਂ ਜਿੱਤਦੇ ਹਨ ਤਾਂ ਤਨਖ਼ਾਹਾਂ-ਭੱਤੇ ਮਿਲਦੇ ਹਨ ਅਤੇ ਫਿਰ ਜਦੋਂ ਹਾਰ ਜਾਂਦੇ ਹਨ ਤਾਂ ਪੈਨਸ਼ਨਾਂ ਦੀ ਝੜੀ ਲੱਗ ਜਾਂਦੀ ਹੈ। ਜਦੋਂ ਭਾਜਪਾ ਆਗੂ ਸੋਮ ਪ੍ਰਕਾਸ਼ ਅਫਸਰੀ ਤੋਂ ਸੇਵਾਮੁਕਤ ਹੋਏ ਤਾਂ ਫ਼ੌਰੀ ਪੈਨਸ਼ਨ ਮਿਲਣੀ ਸ਼ੁਰੂ ਹੋ ਗਈ ਸੀ। ਜਦੋਂ ਵਿਧਾਇਕੀ ਦੀ ਕੁਰਸੀ ਤੋਂ ਲਾਂਭੇ ਹੋਏ ਤਾਂ ਦੂਜੀ ਪੈਨਸ਼ਨ ਮਿਲਣੀ ਸ਼ੁਰੂ ਹੋ ਗਈ। ਤੀਜੀ ਪੈਨਸ਼ਨ ਦਾ ਖਾਤਾ ਉਦੋਂ ਸ਼ੁਰੂ ਹੋਇਆ ਜਦੋਂ ਉਨ੍ਹਾਂ ਕੇਂਦਰੀ ਮੰਤਰੀ ਵਾਲੀ ਕੁਰਸੀ ਹੰਢਾਈ। ਆਈ ਏ ਐੱਸ ਅਧਿਕਾਰੀ ਰਹੇ ਸੋਮ ਪ੍ਰਕਾਸ਼ ਨੌਕਰੀ ਅਤੇ ਸਿਆਸਤ ਦੇ ਫਲ ਵਜੋਂ ਹੁਣ ਤਿੰਨ ਪੈਨਸ਼ਨਾਂ ਲੈ ਰਹੇ ਹਨ।

ਕਾਂਗਰਸੀ ਆਗੂ ਅਤੇ ਸਾਬਕਾ ਆਈ ਏ ਐੱਸ ਅਧਿਕਾਰੀ ਕੁਲਦੀਪ ਸਿੰਘ ਵੈਦ ਹਲਕਾ ਗਿੱਲ ਤੋਂ 2017 ਵਿੱਚ ਵਿਧਾਇਕ ਬਣੇ। ਉਨ੍ਹਾਂ ਨੂੰ ਬਤੌਰ ਸਾਬਕਾ ਵਿਧਾਇਕ ਕਰੀਬ 85 ਹਜ਼ਾਰ ਅਤੇ ਸੇਵਾਮੁਕਤ ਅਧਿਕਾਰੀ ਵਜੋਂ ਕਰੀਬ ਇੰਨੀ ਹੀ ਪੈਨਸ਼ਨ ਮਿਲ ਰਹੀ ਹੈ। ਜਗਰਾਓਂ ਤੋਂ 2012 ’ਚ ਵਿਧਾਇਕ ਬਣੇ ਐੱਸ ਆਰ ਕਲੇਰ (ਸਾਬਕਾ ਪੀ ਸੀ ਐੱਸ ਅਧਿਕਾਰੀ) ਵੀ ਦੋ-ਦੋ ਪੈਨਸ਼ਨਾਂ ਲੈ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਤਰਫ਼ੋਂ ਸਾਬਕਾ ਵਿਧਾਇਕ ਕਲੇਰ ਨੇ ਮੁੜ ਚੋਣ ਲੜੀ ਤਾਂ ਉਹ ਹਾਰ ਗਏ ਸਨ।

ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੂੰ ਵੀ ਸਿਆਸਤ ਰਾਸ ਆਈ ਹੈ। ਪੀ ਸੀ ਐੱਸ ਅਧਿਕਾਰੀ ਵਜੋਂ ਸੇਵਾਮੁਕਤ ਹੋਏ ਸ੍ਰੀ ਭੱਟੀ ਵੀ ਦੋ-ਦੋ ਪੈਨਸ਼ਨਾਂ ਲੈ ਰਹੇ ਹਨ। ਜਸਟਿਸ ਨਿਰਮਲ ਸਿੰਘ ਅਤੇ ਸਾਬਕਾ ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ ਵੀ ਦੋ-ਦੋ ਪੈਨਸ਼ਨਾਂ ਲੈ ਰਹੇ ਹਨ; ਉਹ ਸਕੂਲ ਸਿੱਖਿਆ ਵਿਭਾਗ ’ਚੋਂ ਬਤੌਰ ਪ੍ਰਿੰਸੀਪਲ ਸੇਵਾਮੁਕਤ ਹੋਏ ਹਨ।

ਸਾਬਕਾ ਸਿੱਖਿਆ ਮੰਤਰੀ ਉਪਿੰਦਰਜੀਤ ਕੌਰ ਨੂੰ 85 ਹਜ਼ਾਰ ਤੋਂ ਉਪਰ ਬਤੌਰ ਸਾਬਕਾ ਵਿਧਾਇਕ ਪੈਨਸ਼ਨ ਮਿਲ ਰਹੀ ਹੈ; ਦੂਜੀ ਪੈਨਸ਼ਨ ਕਰੀਬ 1.10 ਲੱਖ ਰੁਪਏ ਮਹੀਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲੈ ਰਹੇ ਹਨ, ਉਹ ਉਥੇ ਪ੍ਰੋਫੈਸਰ ਰਹੇ ਹਨ। ਮਾਨਸਾ ਤੋਂ ‘ਆਪ’ ਦੇ ਵਿਧਾਇਕ ਰਹੇ ਨਾਜਰ ਸਿੰਘ ਮਾਨਸ਼ਾਹੀਆ ਨੂੰ ਪਹਿਲਾਂ ਸੇਵਾਮੁਕਤ ਅਧਿਕਾਰੀ ਵਜੋਂ ਵੀ ਪੈਨਸ਼ਨ ਮਿਲਦੀ ਸੀ, ਹੁਣ ਸਾਬਕਾ ਵਿਧਾਇਕ ਵਜੋਂ 85 ਹਜ਼ਾਰ ਰੁਪਏ ਮਹੀਨਾ ਵੀ ਮਿਲ ਰਹੇ ਹਨ। ਸਾਬਕਾ ਵਿਧਾਇਕ ਗੁਰਾ ਸਿੰਘ ਤੁੰਗਵਾਲੀ ਖੇਤੀ ਮਹਿਕਮੇ ’ਚੋਂ ਸੀਨੀਅਰ ਸਹਾਇਕ ਵਜੋਂ ਸੇਵਾਮੁਕਤ ਹੋਏ ਸਨ। ਉਹ ਵੀ ਦੋ ਪੈਨਸ਼ਨਾਂ ਲੈ ਰਹੇ ਹਨ। ਜੈਤੋ ਤੋਂ ਵਿਧਾਇਕ ਰਹੇ ਮਾਸਟਰ ਬਲਦੇਵ ਸਿੰਘ ਜੈਤੋ ਵੀ ਦੋ ਪੈਨਸ਼ਨਾਂ ਲੈ ਰਹੇ ਹਨ। ਉਹ ਸਿੱਖਿਆ ਮਹਿਕਮੇ ’ਚੋਂ ਅਧਿਆਪਕ ਵਜੋਂ ਸੇਵਾਮੁਕਤ ਹੋਏ ਸਨ।

ਇਹ ਅਧਿਕਾਰੀ ਆਖਦੇ ਹਨ ਕਿ ਉਨ੍ਹਾਂ ਜ਼ਿੰਦਗੀ ਦਾ ਵੱਡਾ ਹਿੱਸਾ ਨੌਕਰੀ ’ਚ ਲਾਇਆ ਅਤੇ ਉਸ ਮਗਰੋਂ ਸਿਆਸੀ ਜੀਵਨ ’ਚ ਸੇਵਾ ਨਿਭਾਈ। ਦੋਵੇਂ ਪੈਨਸ਼ਨਾਂ ਨਿਯਮਾਂ ਮੁਤਾਬਕ ਹੀ ਮਿਲ ਰਹੀਆਂ ਹਨ ਅਤੇ ਇਸ ’ਚ ਕੋਈ ਗ਼ੈਰ-ਕਾਨੂੰਨੀ ਗੱਲ ਨਹੀਂ। ਤੱਥਾਂ ਅਨੁਸਾਰ ਮੌਜੂਦਾ ਸਮੇਂ ਪੰਜਾਬ ਵਿਧਾਨ ਸਭਾ ਦੇ ਕਾਫ਼ੀ ਮੈਂਬਰ ਵੀ ਸਰਕਾਰੀ ਨੌਕਰੀ ’ਚੋਂ ਸਿਆਸਤ ’ਚ ਆਏ ਹਨ ਜਿਨ੍ਹਾਂ ’ਚ ਡਾ. ਬਲਜੀਤ ਕੌਰ, ਹਰਭਜਨ ਸਿੰਘ ਈ ਟੀ ਓ, ਪ੍ਰਿੰਸੀਪਲ ਬੁੱਧ ਰਾਮ, ਪ੍ਰਿੰਸੀਪਲ ਸਰਬਜੀਤ ਕੌਰ ਮਾਣੂਕੇ, ਕੁੰਵਰ ਵਿਜੇ ਪ੍ਰਤਾਪ (ਸਾਬਕਾ ਆਈ ਪੀ ਐੱਸ), ਬਲਵਿੰਦਰ ਸਿੰਘ ਧਾਲੀਵਾਲ (ਸਾਬਕਾ ਆਈ ਏ ਐੱਸ) ਆਦਿ ਸ਼ਾਮਲ ਹਨ। ਮੌਜੂਦਾ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਵੀ ਆਈ ਏ ਐੱਸ ਅਧਿਕਾਰੀ ਵਜੋਂ ਸੇਵਾ ਨਿਭਾਈ ਹੈ।

ਨਾਲੇ ਨੌਕਰੀ, ਨਾਲੇ ਵਿਧਾਇਕੀ

ਉਚੇਰੀ ਸਿੱਖਿਆ ਬਾਰੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਤਿੰਨ ਵਾਰ ਭਾਜਪਾ ਦੀ ਟਿਕਟ ’ਤੇ ਵਿਧਾਇਕ ਬਣੇ। ਮੋਹਨ ਲਾਲ ਆਰੀਆ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਪਠਾਨਕੋਟ ’ਚੋਂ ਬਤੌਰ ਅਧਿਆਪਕ ਸੇਵਾਮੁਕਤ ਹੋਏ। ਹੁਣ ਉਹ ਦੋ ਪੈਨਸ਼ਨਾਂ ਲੈ ਰਹੇ ਹਨ। ਮਾਸਟਰ ਮੋਹਨ ਲਾਲ ਨੌਕਰੀ ਦੌਰਾਨ ਵੀ ਵਿਧਾਇਕ ਰਹੇ। ਉਹ ਸਕੂਲ ’ਚੋਂ ਛੁੱਟੀ ਲੈ ਕੇ ਵਿਧਾਇਕੀ ਕਰਦੇ ਸਨ। ਜਦੋਂ ਚੋਣ ਹਾਰ ਜਾਂਦੇ ਸਨ ਤਾਂ ਮੁੜ ਅਧਿਆਪਨ ਕਰਨ ਲੱਗ ਜਾਂਦੇ ਸਨ। ਮਾਸਟਰ ਮੋਹਨ ਲਾਲ ਪਹਿਲਵਾਨੀ ਵੀ ਕਰਦੇ ਰਹੇ ਹਨ।

Share: