ਯੇਰੂਸ਼ਲਮ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਮੰਗਲਵਾਰ ਰਾਤ ਨੂੰ ਯੇਰੂਸ਼ਲਮ ਵਿੱਚ ਪ੍ਰਦਰਸ਼ਨ ਦੌਰਾਨ ਬੱਸ ਚਾਲਕ ਵੱਲੋਂ ਇੱਕ ਨੌਜਵਾਨ ਨੂੰ ਦਰੜ ਕੇ ਮਾਰੇ ਜਾਣ ਤੋਂ ਬਾਅਦ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਇਹ ਪ੍ਰਦਰਸ਼ਨ ਯਹੂਦੀ ਭਾਈਚਾਰੇ ਨੂੰ ਇਜ਼ਰਾਈਲ ਦੀ ਫੌਜ ਵਿੱਚ ਭਰਤੀ ਕਰਨ ਦੇ ਕਾਨੂੰਨ ਵਿਰੁੱਧ ਕੀਤਾ ਜਾ ਰਿਹਾ ਸੀ।
ਨੇਤਨਯਾਹੂ ਨੇ ਅੱਜ ਸਵੇਰੇ ਬਿਆਨ ਵਿੱਚ ਕਿਹਾ, ‘‘ਮੈਂ ਸੰਜਮ ਵਰਤਣ ਦੀ ਅਪੀਲ ਕਰਦਾ ਹਾਂ ਤਾਂ ਜੋ ਮਾਹੌਲ ਹੋਰ ਨਾ ਵਿਗੜੇ ਅਤੇ ਰੱਬ ਨਾ ਕਰੇ ਸਾਨੂੰ ਹੋਰ ਦੁਖਾਂਤ ਦੇਖਣੇ ਪੈਣ।’’ ਉਨ੍ਹਾਂ ਕਿਹਾ ਕਿ ਇਸ ਮੌਤ ਦੀ ਜਾਂਚ ਪੂਰੀ ਗੰਭੀਰਤਾ ਨਾਲ ਕੀਤੀ ਜਾਵੇਗੀ। ਇਸ ਹਾਦਸੇ ਵਿੱਚ ਯੇਸ਼ੀਵਾ (ਧਾਰਮਿਕ ਸਕੂਲ) ਦੇ ਵਿਦਿਆਰਥੀ ਯੋਸੇਫ ਆਈਸੈਂਥਲ ਦੀ ਮੌਤ ਹੋ ਗਈ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਸਰਕਾਰੀ ਬੱਸ ਲੜਕੇ ਨੂੰ ਕਈ ਮੀਟਰ ਤੱਕ ਘੜੀਸਦੀ ਹੋਈ ਲੈ ਗਈ, ਨੇੜੇ ਖੜ੍ਹੇ ਲੋਕ ਚੀਕਾਂ ਮਾਰ ਰਹੇ ਸਨ।
ਪੁਲੀਸ ਨੇ ਬੱਸ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਪੁੱਛ-ਪੜਤਾਲ ਕੀਤੀ ਹੈ। ਚਾਲਕ ਨੇ ਜਾਂਚ ਕਰਤਾਵਾਂ ਨੂੰ ਦੱਸਿਆ ਕਿ ਲੜਕੇ ਨੂੰ ਟੱਕਰ ਲੱਗਣ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਉਸ ’ਤੇ ਹਮਲਾ ਕੀਤਾ ਸੀ। ਪੁਲੀਸ ਦੇ ਤਰਜਮਾਨ ਅਨੁਸਾਰ, ਪ੍ਰਦਰਸ਼ਨਕਾਰੀ ਸੜਕ ਜਾਮ ਕਰ ਰਹੇ ਸਨ ਅਤੇ ਪੁਲੀਸ ਅਧਿਕਾਰੀਆਂ ’ਤੇ ਆਂਡੇ ਅਤੇ ਹੋਰ ਚੀਜ਼ਾਂ ਸੁੱਟ ਕੇ ਹਿੰਸਕ ਵਿਹਾਰ ਕਰ ਰਹੇ ਸਨ। ਇਹ ਹਿੰਸਾ ਇਜ਼ਰਾਇਲੀ ਅਧਿਕਾਰੀਆਂ ਅਤੇ ਯਹੂਦੀ ਭਾਈਚਾਰੇ ਦਰਮਿਆਨ ਵਧਦੇ ਤਣਾਅ ਨੂੰ ਦਰਸਾਉਂਦੀ ਹੈ। ਇਹ ਵਿਵਾਦ ਸਰਕਾਰ ਵੱਲੋਂ ਉਨ੍ਹਾਂ ਨੂੰ ਫੌਜ ਵਿੱਚ ਭਰਤੀ ਕਰਨ ਦੀਆਂ ਯੋਜਨਾਵਾਂ ਕਾਰਨ ਪੈਦਾ ਹੋਇਆ ਹੈ। ਜਦੋਂ 1948 ਵਿੱਚ ਇਜ਼ਰਾਈਲ ਦੀ ਸਥਾਪਨਾ ਹੋਈ ਸੀ ਤਾਂ ਕੁਝ ਚੋਣਵੇਂ ਯਹੂਦੀ ਵਿਦਵਾਨਾਂ ਨੂੰ ਫੌਜੀ ਸੇਵਾ ਤੋਂ ਛੋਟ ਦਿੱਤੀ ਗਈ ਸੀ; ਦੇਸ਼ ਦੇ ਬਾਕੀ ਜ਼ਿਆਦਾਤਰ ਯਹੂਦੀਆਂ ਲਈ ਫੌਜ ਵਿੱਚ ਸੇਵਾ ਕਰਨਾ ਲਾਜ਼ਮੀ ਹੈ।

