ਕੌਮੀ ਸਕੂਲ ਖੇਡਾਂ ਦੇ ਅੱਜ ਤੀਜੇ ਦਿਨ ਜੂਡੋ ਅਤੇ ਗਤਕੇ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਸੋਨੇ ਦੇ ਤਗਮੇ ਜਿੱਤ ਕੇ ਸੂਬੇ ਦਾ ਨਾਮ ਹੋਰ ਉੱਚਾ ਕੀਤਾ ਹੈ। ਜੂਡੋ ਲੜਕੇ (ਅੰਡਰ-14) ਦੇ 40 ਕਿਲੋ ਭਾਰ ਵਰਗ ’ਚ ਪੰਜਾਬ ਦੇ ਯੁਵਰਾਜ ਠਾਕੁਰ ਅਤੇ ਰਾਜਸਥਾਨ ਦੇ ਧਰਮੇਸ਼ ਅਚਾਰੀਆ, 45 ਕਿਲੋ ਭਾਰ ਵਰਗ ’ਚ ਗੁਜਰਾਤ ਦੇ ਰੁਸਨ ਮਲਿਕ ਮੁਹੰਮਦ ਅਤੇ ਪੰਜਾਬ ਦੇ ਲਵਿਸ਼ ਥਾਪਾ, 35 ਕਿਲੋ ਤੋਂ ਘੱਟ ਭਾਰ ਵਰਗ ’ਚ ਪੰਜਾਬ ਦੇ ਮੋਹਿਤ ਕੁਮਾਰ ਅਤੇ ਸੀ ਬੀ ਐੱਸ ਈ ਦੇ ਵੇਦੰਤਗਾ, 30 ਕਿਲੋ ਭਾਰ ਵਰਗ ’ਚ ਪੰਜਾਬ ਦੇ ਸ਼ਿਵਮ ਸ਼ਰਮਾ ਅਤੇ ਦਿੱਲੀ ਦੇ ਲੱਕੀ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ। ਜੂਡੋ ਲੜਕੀਆਂ ਦੇ 27 ਕਿਲੋ ਭਾਰ ਵਰਗ ’ਚ ਪੰਜਾਬ ਦੀ ਮੁਸਕਾਨ ਅਤੇ ਹਰਿਆਣਾ ਦੀ ਪਰੀ, ਲੜਕੀਆਂ ਦੇ 32 ਕਿਲੋ ਭਾਰ ਵਰਗ ’ਚ ਕੇ ਵੀ ਐੱਸ ਦੀ ਦੀਪਾਂਸ਼ੀ ਖੋਇਵਾਲ ਅਤੇ ਦਿੱਲੀ ਦੀ ਭਾਗਿਆ ਬੰਗਾਰੀ, 44 ਕਿਲੋ ਭਾਰ ਵਰਗ ’ਚ ਹਰਿਆਣਾ ਦੀ ਰੀਆ ਅਤੇ ਪੰਜਾਬ ਦੀ ਮਨਪ੍ਰੀਤ ਕੌਰ, 44 ਕਿਲੋ ’ਚ ਪੰਜਾਬ ਦੀ ਸੀਰਤ ਲੂਨਾ ਅਤੇ ਦਿੱਲੀ ਦੀ ਦੀਪਿਕਾ ਗੁਰਜਾਰ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ। ਗਤਕਾ ਲੜਕੀਆਂ (ਅੰਡਰ-19) ਸਿੰਗਲ ਸੋਟੀ ਵਿੱਚ ਪੰਜਾਬ ਦੀ ਟੀਮ ਨੇ ਸੋਨ, ਛੱਤੀਸਗੜ੍ਹ ਨੇ ਚਾਂਦੀ ਜਦਕਿ ਚੰਡੀਗੜ੍ਹ ਤੇ ਦਿੱਲੀ ਨੇ ਸਾਂਝੇ ਤੌਰ ’ਤੇ ਕਾਂਸੇ ਦਾ ਤਗਮਾ ਜਿੱਤਿਆ। ਗਤਕਾ ਲੜਕੀਆਂ (ਅੰਡਰ-19) ਫਰੀ ਸੋਟੀ ਦੇ ਮੁਕਾਬਲਿਆਂ ਵਿੱਚੋਂ ਵੀ ਪੰਜਾਬ ਨੇ ਸੋਨ, ਚੰਡੀਗੜ੍ਹ ਨੇ ਚਾਂਦੀ, ਝਾਰਖੰਡ ਤੇ ਮੱਧ ਪ੍ਰਦੇਸ਼ ਨੇ ਸਾਂਝੇ ਤੌਰ ’ਤੇ ਕਾਂਸੇ ਦਾ ਤਗਮਾ ਜਿੱਤਿਆ।
ਕੌਮੀ ਸਕੂਲ ਖੇਡਾਂ: ਪੰਜਾਬ ਨੂੰ ਜੂਡੋ ਅਤੇ ਗਤਕੇ ’ਚ ਸੋਨ ਤਗਮੇ
