ਆਸਟਰੇਲੀਆ ਨੇ ਸਿਡਨੀ ’ਚ ਪੰਜਵੇਂ ਅਤੇ ਆਖਰੀ ਟੈਸਟ ਮੈਚ ’ਚ ਇੰਗਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਐਸ਼ੇਜ਼ ਲੜੀ 4-1 ਨਾਲ ਜਿੱਤ ਲਈ। ਆਸਟਰੇਲੀਆ ਨੇ ਦੂਜੀ ਪਾਰੀ ’ਚ ਇੰਗਲੈਂਡ ਦੀ ਟੀਮ ਨੂੰ ਅੱਜ 342 ਦੌੜਾਂ ’ਤੇ ਆਊਟ ਕਰ ਦਿੱਤਾ ਅਤੇ ਉਸ ਨੂੰ ਜਿੱਤ ਲਈ 160 ਦੌੜਾਂ ਦਾ ਟੀਚਾ ਮਿਲਿਆ, ਜਿਸ ਨੂੰ ਉਸ ਨੇ ਪੰਜ ਵਿਕਟਾਂ ਗੁਆ ਕੇ ਪੂਰਾ ਕਰ ਲਿਆ। ਇਸ ਦੌਰਾਨ ਆਸਟਰੇਲਿਆਈ ਬੱਲੇਬਾਜ਼ ਉਸਮਾਨ ਖਵਾਜਾ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਅਤੇ ਉਸ ਦੇ ਸਨਮਾਨ ’ਚ ਗਾਰਡ ਆਫ ਆਨਰ ਦਿੱਤਾ ਗਿਆ। ਖਵਾਜਾ ਨੇ ਆਪਣੇ ਆਖਰੀ ਟੈਸਟ ਮੈਚ ਦੀ ਪਹਿਲੀ ਪਾਰੀ ’ਚ 17 ਅਤੇ ਦੂਜੀ ਪਾਰੀ ’ਚ 6 ਦੌੜਾਂ ਬਣਾਈਆਂ। ਇਸ ਦੌਰਾਨ ਸਿਡਨੀ ਕ੍ਰਿਕਟ ਮੈਦਾਨ ’ਚ ਰਿਕਾਰਡ 211,032 ਦਰਸ਼ਕਾਂ ਨੇ ਮੈਚ ਦੇਖਿਆ। ਮੈਚ ਦੇ ਆਖਰੀ ਦਿਨ ਡੀ ਆਰ ਐੱਸ ਤਕਨਾਲੋਜੀ ਮੁੜ ਵਿਵਾਦਾਂ ’ਚ ਘਿਰ ਗਈ। ਇੰਗਲੈਂਡ ਨੇ ਵੈਦਰਾਲਡ ਦੇ ਕੈਚ ਆਊਟ ਹੋਣ ਦੀ ਅਪੀਲ ਕੀਤੀ, ਜਿਸ ਨੂੰ ਅੰਪਾਇਰ ਅਹਿਸਾਨ ਰਜ਼ਾ ਨੇ ਨਕਾਰ ਦਿੱਤਾ। ਇੰਗਲੈਂਡ ਨੇ ਡੀ ਆਰ ਐੱਸ ਤਕਨਾਲੋਜੀ ਦੀ ਮਦਦ ਲਈ ਤਾਂ ਉਸ ’ਚ ਗੇਂਦ ਵੈਦਰਾਲਡ ਦੇ ਬੱਲੇ ਦੇ ਐਨ ਨੇੜਿਉਂ ਲੰਘ ਕੇ ਵਿਕਟਕੀਪਰ ਕੋਲ ਚਲੀ ਗਈ ਪਰ ਟੀ ਵੀ ਅੰਪਾਇਰ ਕੁਮਾਰ ਧਰਮਾਸੇਨਾ ਨੇ ਪਹਿਲੇ ਫ਼ੈਸਲੇ ਨੂੰ ਸਹੀ ਠਹਿਰਾਇਆ।
ਐਸ਼ੇਜ਼: ਆਸਟਰੇਲੀਆ ਨੇ ਸਿਡਨੀ ਟੈਸਟ ਜਿੱਤਿਆ

