ਥਾਣੇ: ਮਹਾਰਾਸ਼ਟਰ ਦੇ ਥਾਣੇ ਜ਼ਿਲ੍ਹੇ ਵਿੱਚ 21 ਸਾਲਾ ਏਅਰ ਹੋਸਟੈੱਸ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਪੁਲੀਸ ਨੇ ਉਸਦੇ ਸਾਥੀ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦੇ ਇਲਜ਼ਾਮਾਂ ਨੂੰ ਲੈ ਕੇ ਮਾਮਲਾ ਦਰਜ ਕੀਤਾ ਹੈ। ਪੁਲੀਸ ਅਧਿਕਾਰੀਆਂ ਮੁਤਾਬਕ ਲੜਕੀ ਦੀ ਮ੍ਰਿਤਕ ਦੇਹ 28 ਦਸੰਬਰ 2025 ਨੂੰ ਕਲਿਆਣ ਵਿਖੇ ਘਰ ਵਿੱਚ ਫਾਹਾ ਲੱਗੀ ਮਿਲੀ। ਮ੍ਰਿਤਕਾ ਦੀ ਮਾਂ ਅਨੁਸਾਰ 28 ਦਸੰਬਰ ਰਾਤ ਉਹਨਾਂ ਦੀ ਧੀ ਨੇ ਫੋਨ ਕਾਲਾਂ ਦਾ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਗੁਆਂਢੀ ਨੇ ਘਰ ਦੀ ਜਾਂਚ ਕੀਤੀ, ਜਿੱਥੇ ਉਹ ਛੱਤ ਦੇ ਕੁੰਡੇ ਨਾਲ ਫਾਹਾ ਲੱਗੀ ਮਿਲੀ। ਉਸਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਮ੍ਰਿਤਕਾ ਅਤੇ ਸਾਥੀ ਮੁੰਡੇ ਵਿਚਾਲੇ ਸਾਲ 2020 ਤੋਂ ਸਬੰਧ ਸਨ। ਦੋਸ਼ੀ ਨੇ ਵਿਆਹ ਤੋਂ ਇਨਕਾਰ ਕੀਤਾ, ਉਸ ਦੀਆਂ ਤਸਵੀਰਾਂ ਜਨਤਕ ਕਰਨ ਦੀ ਧਮਕੀ ਦਿੱਤੀ ਅਤੇ ਹਾਲ ਹੀ ਵਿੱਚ ਕਿਸੇ ਹੋਰ ਔਰਤ ਨਾਲ ਸਬੰਧ ਬਣਾ ਲਏ, ਜਿਸ ਕਾਰਨ ਉਹ ਮਾਨਸਿਕ ਤਣਾਅ ਵਿੱਚ ਸੀ। ਪੁਲੀਸ ਮੁਤਾਬਕ ਮੋਬਾਈਲ ਚੈਟਾਂ, ਸਰੀਰ ’ਤੇ ਨਿਸ਼ਾਨ ਅਤੇ ਬੈਂਕ ਰਿਕਾਰਡਾਂ ਦੀ ਜਾਂਚ ਕੀਤੀ ਗਈ ਹੈ। ਜਿਸ ਤੋਂ ਸਾਹਮਣੇ ਆਇਆ ਹੈ ਕਿ ਦੋਸ਼ੀ ਨੇ ਵਿਆਹ ਦਾ ਝਾਂਸਾ ਦੇ ਕੇ ਕੁੜੀ ਤੋਂ ਲੱਖਾਂ ਰੁਪਏ ਲਏ। ਆਖ਼ਰੀ ਵਾਰ ਪੈਸੇ 16 ਦਸੰਬਰ 2025 ਨੂੰ ਦਿੱਤੇ ਸੀ। ਇਸ ਅਧਾਰ ’ਤੇ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Posted inMaharashtra
