ਨੋਇਡਾ: ਇਥੇ ਸੈਕਟਰ 150 ਵਿੱਚ ਉਸਾਰੀ ਵਾਲੀ ਥਾਂ ’ਤੇ ਪਾਣੀ ਨਾਲ ਭਰੇ ਟੋਏ ਵਿੱਚ ਡਿੱਗਣ ਕਾਰਨ 27 ਸਾਲਾ ਸਾਫਟਵੇਅਰ ਇੰਜਨੀਅਰ ਦੀ ਮੌਤ ਮਗਰੋਂ ਨੋਇਡਾ ਅਥਾਰਟੀ ਨੇ ਜੂਨੀਅਰ ਇੰਜਨੀਅਰ ਨੂੰ ਬਰਖਾਸਤ ਕਰ ਦਿੱਤਾ ਹੈ ਅਤੇ ਖੇਤਰ ਵਿੱਚ ਟ੍ਰੈਫਿਕ ਨਾਲ ਸਬੰਧਤ ਕੰਮਾਂ ਲਈ ਜ਼ਿੰਮੇਵਾਰ ਹੋਰ ਅਧਿਕਾਰੀਆਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤੇ ਹਨ।
ਅਥਾਰਿਟੀ ਨੇ ਐਤਵਾਰ ਰਾਤ ਨੂੰ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਮੁੱਖ ਕਾਰਜਕਾਰੀ ਅਧਿਕਾਰੀ ਲੋਕੇਸ਼ ਐਮ ਨੇ ਮਾਮਲੇ ਵਿੱਚ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ ਅਤੇ ਨੋਇਡਾ ਟ੍ਰੈਫਿਕ ਸੈੱਲ ਦੇ ਜੂਨੀਅਰ ਇੰਜਨੀਅਰ ਨਵੀਨ ਕੁਮਾਰ ਦੀਆਂ ਸੇਵਾਵਾਂ ਨੂੰ ਬਰਖਾਸਤ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸੈਕਟਰ 150 ਅਤੇ ਆਲੇ ਦੁਆਲੇ ਟਰੈਫਿਕ ਪ੍ਰਬੰਧਨ ਲਈ ਜ਼ਿੰਮੇਵਾਰ ਹੋਰ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਸੀਈਓ ਨੇ ਡਿਵੈਲਪਰ, ਲੋਟਸ ਦੀ ਅਲਾਟਮੈਂਟ ਅਤੇ ਨਿਰਮਾਣ ਗਤੀਵਿਧੀਆਂ ਸਬੰਧੀ ਸਬੰਧਤ ਵਿਭਾਗਾਂ ਤੋਂ ਵਿਸਤ੍ਰਿਤ ਰਿਪੋਰਟਾਂ ਮੰਗੀਆਂ ਹਨ ਅਤੇ ਸਾਈਟ ’ਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਦੇ ਨਿਰਦੇਸ਼ ਦਿੱਤੇ ਹਨ।
ਇਹ ਕਾਰਵਾਈ ਟਾਟਾ ਯੂਰੇਕਾ ਪਾਰਕ ਸੁਸਾਇਟੀ ਦੇ ਵਸਨੀਕ ਸਾਫਟਵੇਅਰ ਇੰਜਨੀਅਰ ਯੁਵਰਾਜ ਮਹਿਤਾ ਦੀ ਮੌਤ ਤੋਂ ਬਾਅਦ ਅਣਗਹਿਲੀ ਤੇ ਬਚਾਅ ਕਾਰਜਾਂ ਵਿੱਚ ਦੇਰੀ ਦੇ ਦੋਸ਼ਾਂ ਵਿਚਕਾਰ ਆਈ ਹੈ। ਮਹਿਤਾ ਦੀ ਕਾਰ ਸ਼ਨਿੱਚਰਵਾਰ ਤੜਕੇ ਸੈਕਟਰ 150 ਵਿੱਚ ਇੱਕ ਨਿਰਮਾਣ ਅਧੀਨ ਇਮਾਰਤ ਦੇ ਬੇਸਮੈਂਟ ਲਈ ਪੁੱਟੇ ਗਏ 20 ਫੁੱਟ ਤੋਂ ਵੱਧ ਡੂੰਘੇ, ਪਾਣੀ ਨਾਲ ਭਰੇ ਟੋਏ ਵਿੱਚ ਡਿੱਗ ਗਈ ਸੀ। ਪੁਲੀਸ ਨੇ ਦੱਸਿਆ ਕਿ ਗੁਰੂਗ੍ਰਾਮ ਸਥਿਤ ਇੱਕ ਕੰਪਨੀ ਵਿੱਚ ਕੰਮ ਕਰਨ ਵਾਲਾ ਮਹਿਤਾ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਜਦੋਂ ਸੰਘਣੀ ਧੁੰਦ ਕਾਰਨ ਇਹ ਹਾਦਸਾ ਵਾਪਰਿਆ। ਫਾਇਰ ਵਿਭਾਗ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF), ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਅਤੇ ਸਥਾਨਕ ਪੁਲੀਸ ਟੀਮਾਂ ਦੀ ਸ਼ਮੂਲੀਅਤ ਵਾਲੇ ਸਰਚ ਆਪ੍ਰੇਸ਼ਨ ਤੋਂ ਬਾਅਦ ਉਸ ਦੀ ਲਾਸ਼ ਬਰਾਮਦ ਕੀਤੀ ਗਈ।
