ਚੀਨੀ ਅਰਥਚਾਰਾ 20 ਖਰਬ ਡਾਲਰ ਤੋਂ ਟੱਪਿਆ

ਪੇੲੀਚਿੰਗ: ਚੀਨ ਦਾ ਅਰਥਚਾਰਾ ਅਮਰੀਕੀ ਟੈਰਿਫ ਦੇ ਬਾਵਜੂਦ ਮਜ਼ਬੂਤ ਬਰਾਮਦਗੀ ਦੇ ਸਹਾਰੇ ਪਿਛਲੇ ਸਾਲ ਪੰਜ ਫ਼ੀਸਦ ਵਧ ਕੇ 2001 ਅਰਬ ਡਾਲਰ ਤੱਕ ਪਹੁੰਚ ਗਿਆ। ਉਂਝ ਚੀਨ ਲਈ ਘਰੇਲੂ ਖਪਤ ’ਚ ਨਰਮੀ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ। ਕੌਮੀ ਅੰਕੜਾ ਬਿਊਰੋ ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ 2025 ’ਚ ਚੀਨ ਦੇ ਕੁੱਲ ਘਰੇਲੂ ਉਤਪਾਦ (ਜੀ ਡੀ ਪੀ) ’ਚ ਸਾਲਾਨਾ ਆਧਾਰ ’ਤੇ ਪੰਜ ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ। ਇਹ ਦੇਸ਼ ਦੇ ਕਰੀਬ ਪੰਜ ਫ਼ੀਸਦ ਦੇ ਸਾਲਾਨਾ ਟੀਚੇ ਮੁਤਾਬਕ ਹੀ ਹੈ। ਅੰਕੜਿਆਂ ਮੁਤਾਬਕ ਜੀ ਡੀ ਪੀ 140.1879 ਖਰਬ ਯੂਆਨ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈ। ਇਹ ਪਹਿਲੀ ਵਾਰ ਹੈ ਜਦੋਂ ਵਿਕਾਸ ਦਰ 20 ਖਰਬ ਡਾਲਰ ਦੇ ਪਾਰ ਪਹੁੰਚੀ ਹੈ। ਘਰੇਲੂ ਚੁਣੌਤੀਆਂ ਕਾਰਨ ਆਖਰੀ ਤਿਮਾਹੀ ’ਚ ਵਿਕਾਸ ਦਰ ਤਿੰਨ ਸਾਲ ਦੇ ਹੇਠਲੇ ਪੱਧਰ 4.5 ਫ਼ੀਸਦ ’ਤੇ ਆ ਗਈ। ਇਹ 2022 ਦੀ ਆਖਰੀ ਤਿਮਾਹੀ ਮਗਰੋਂ ਚੀਨ ਦਾ ਸਭ ਤੋਂ ਸੁਸਤ ਤਿਮਾਹੀ ਵਾਧਾ ਸੀ ਜਦੋਂ ਕੋਵਿਡ-19 ਸੰਕਟ ਕਾਰਨ ਇਸ ’ਚ ਸਿਰਫ ਤਿੰਨ ਫ਼ੀਸਦ ਦਾ ਵਾਧਾ ਹੋਇਆ ਸੀ। ਤਿਮਾਹੀ ਆਧਾਰ ’ਤੇ 2025 ਦੇ ਆਖਰੀ ਤਿੰਨ ਮਹੀਨਿਆਂ ’ਚ ਚੀਨ ਦੇ ਅਰਥਚਾਰੇ ’ਚ 1.2 ਫ਼ੀਸਦ ਦਾ ਵਿਕਾਸ ਦਰਜ ਹੋਇਆ। ਅੰਕੜਿਆਂ ਮੁਤਾਬਕ ਦੇਸ਼ ਦੀ ਪ੍ਰਤੀ ਵਿਅਕਤੀ ਖਰਚ ਯੋਗ ਆਮਦਨ 43,377 ਯੂਆਨ (ਲਗਪਗ 6,192 ਡਾਲਰ) ਸੀ, ਜੋ ਸਾਲਾਨਾ ਆਧਾਰ ’ਤੇ ਪੰਜ ਫ਼ੀਸਦ ਵਧੀ ਹੈ।

Share: