ਮਮਤਾ ਦੀ ਸ਼ਿਕਾਇਤ ’ਤੇ ਈ ਡੀ ਖ਼ਿਲਾਫ਼ ਕੇਸ ਦਰਜ

ਮਮਤਾ ਦੀ ਸ਼ਿਕਾਇਤ ’ਤੇ ਈ ਡੀ ਖ਼ਿਲਾਫ਼ ਕੇਸ ਦਰਜ

ਕੋਲਕਾਤਾ: ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਅੱਜ ਸਿਆਸੀ ਸਲਾਹਕਾਰ ਕੰਪਨੀ ਆਈ-ਪੈਕ ਦੇ ਦਫ਼ਤਰ ਤੇ ਉਸ ਦੇ ਮੁਖੀ ਪ੍ਰਤੀਕ ਜੈਨ ਦੀ ਰਿਹਾਇਸ਼ ’ਤੇ ਈ ਡੀ ਦੇ ਛਾਪੇ ਦੇ ਸਬੰਧ ’ਚ ਕੇਂਦਰੀ ਏਜੰਸੀ ਖ਼ਿਲਾਫ਼ ਪੁਲੀਸ ਕੋਲ ਦੋ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਪੁਲੀਸ ਨੇ ਇਨ੍ਹਾਂ ਸ਼ਿਕਾਇਤਾਂ ਸਬੰਧੀ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਸੂਬੇ ’ਚ ਹਾਕਮ ਧਿਰ ਟੀ ਐੱਮ ਸੀ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਹੇਠ ਮਾਰਚ ਕੱਢਿਆ। ਪਾਰਟੀ ਨੇ ਈ ਡੀ ਖ਼ਿਲਾਫ਼ ਕਲਕੱਤਾ ਹਾਈ ਕੋਰਟ ਦਾ ਵੀ ਦਰਵਾਜ਼ਾ ਖੜਕਾਇਆ ਹੈ।

ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਪਾਰਟੀ ਟੀ ਐੱਮ ਸੀ ਦੀ ਰਣਨੀਤੀ ‘ਚੋਰੀ’ ਕਰਨ ਲਈ ਈ ਡੀ ’ਚ ਹਾਕਮ ਭਾਜਪਾ ਦੇ ਸਿਆਸੀ ਹਥਿਆਰ ਵਜੋਂ ਕੰਮ ਕਰ ਰਿਹਾ ਹੈ। ਦਸ ਕਿਲੋਮੀਟਰ ਲੰਮੇ ਰੋਸ ਮਾਰਚ ਮਗਰੋਂ ਉਨ੍ਹਾਂ ਕਿਹਾ ਕਿ ਉਨ੍ਹਾਂ ਛਾਪੇ ਦੌਰਾਨ ਟੀ ਐੱਮ ਸੀ ਮੁਖੀ ਵਜੋਂ ਦਖਲ ਦਿੱਤਾ ਸੀ ਨਾ ਕਿ ਮੁੱਖ ਮੰਤਰੀ ਵਜੋਂ। ਉਨ੍ਹਾਂ ਕੁਝ ਵੀ ਗ਼ੈਰ-ਕਾਨੂੰਨੀ ਨਹੀਂ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਪਹੁੰਚਣ ਤੋਂ ਪਹਿਲਾਂ ਈ ਡੀ ਬਹੁਤ ਸਾਰਾ ਸਾਮਾਨ ਲਿਜਾ ਚੁੱਕੀ ਸੀ। ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ’ਤੇ ਵੀ ਕੇਂਦਰ ਸਰਕਾਰ ਲਈ ਕੰਮ ਕਰਨ ਦਾ ਦੋਸ਼ ਲਾਇਆ। ਕਲਕੱਤਾ ਹਾਈ ਕੋਰਟ ਨੇ ਆਈ-ਪੈਕ ਵਿਵਾਦ ਮਾਮਲੇ ’ਚ ਈ ਡੀ ਦੀਆਂ ਪਟੀਸ਼ਨਾਂ ’ਤੇ ਸੁਣਵਾਈ ਅਦਾਲਤੀ ਕਮਰੇ ’ਚ ਬੇਕਾਬੂ ਭੀੜ ਕਾਰਨ 14 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਜਸਟਿਸ ਸੁਵਰਾ ਘੋਸ਼ ਨੇ ਉਨ੍ਹਾਂ ਲੋਕਾਂ ਨੂੰ ਵਾਰ-ਵਾਰ ਬਾਹਰ ਜਾਣ ਲਈ ਕਿਹਾ ਜਿਨ੍ਹਾਂ ਦਾ ਸਬੰਧ ਇਨ੍ਹਾਂ ਪਟੀਸ਼ਨਾਂ ਨਾਲ ਨਹੀਂ ਸੀ। ਭੀੜ ਨੇ ਸੁਣਵਾਈ ਨਾ ਕੀਤੀ ਤਾਂ ਅਦਾਲਤ ਨੇ ਪਟੀਸ਼ਨਾਂ ’ਤੇ ਸੁਣਵਾਈ ਟਾਲ ਦਿੱਤੀ।

ਤ੍ਰਿਣਮੂਲ ਸੰਸਦ ਮੈਂਬਰ ਹਿਰਾਸਤ ’ਚ ਲਏ

ਕੇਂਦਰ ਸਰਕਾਰ ’ਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਦਾ ਦੋਸ਼ ਲਾਉਂਦਿਆਂ ਇੱਥੇ ਗ੍ਰਹਿ ਮੰਤਰਾਲੇ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਕਰ ਰਹੇ ਤ੍ਰਿਣਮੂਲ ਕਾਂਗਰਸ ਦੇ ਕਈ ਸੰਸਦ ਮੈਂਬਰਾਂ ਨੂੰ ਅੱਜ ਹਿਰਾਸਤ ’ਚ ਲੈ ਲਿਆ ਗਿਆ। ਆਗੂਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਮੌਕੇ ਤੋਂ ਜਬਰੀ ਹਟਾਇਆ ਗਿਆ ਤੇ ਘੜੀਸ ਕੇ ਲਿਜਾਇਆ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੰਸਦ ਮੈਂਬਰ ਡੈਰੇਕ ਓ’ਬ੍ਰਾਇਨ ਤੇ ਮਹੁਆ ਮੋਇਤਰਾ ਨਾਲ ਪਾਰਟੀ ਦੇ ਹੋਰ ਆਗੂਆਂ ਨੂੰ ਹਿਰਾਸਤ ’ਚ ਲੈ ਕੇ ਸੰਸਦ ਮਾਰਗ ਥਾਣੇ ਲਿਜਾਇਆ ਗਿਆ।

Share: