ਮੁੰਬੲੀ: ਮਹਾਰਾਸ਼ਟਰ ’ਚ ਮੁੰਬਈ ਅਤੇ 28 ਹੋਰ ਨਗਰ ਨਿਗਮਾਂ ਦੀਆਂ ਚੋਣਾਂ ’ਚ ਭਾਜਪਾ ਦੀ ਅਗਵਾਈ ਵਾਲਾ ਗੱਠਜੋੜ ਅੱਗੇ ਹੈ। ਇਨ੍ਹਾਂ ਚੋਣਾਂ ਦੇ ਨਤੀਜਿਆਂ ਦਾ ਅਸਰ ਮੁਲਕ ਦੀ ਸਿਆਸਤ ’ਤੇ ਪਵੇਗਾ। ਭਾਜਪਾ ਨੇ ਬ੍ਰਿਹਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ (ਬੀ ਐੱਮ ਸੀ) ਚੋਣਾਂ ’ਚ ਅਣਵੰਡੀ ਸ਼ਿਵ ਸੈਨਾ ਦੇ ਕਰੀਬ ਤਿੰਨ ਦਹਾਕੇ ਦਬਦਬੇ ਨੂੰ ਤੋੜ ਦਿੱਤਾ ਹੈ ਅਤੇ ਉਹ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਭਾਜਪਾ ਨੇ ਪੁਣੇ ’ਚ ਵੀ ਜਿੱਤ ਦੇ ਝੰਡੇ ਗੱਡ ਦਿੱਤੇ ਹਨ ਜਿਥੇ ਉਸ ਨੇ ਐੱਨ ਸੀ ਪੀ ਦੀ ਧੜੇਬੰਦੀ ਦਾ ਲਾਹਾ ਲਿਆ। ਭਾਜਪਾ ਨੇ ਸਥਾਨਕ ਚੋਣਾਂ ’ਚ ਠਾਕਰੇ ਭਰਾਵਾਂ ਦੇ ਨਾਲ-ਨਾਲ ਸ਼ਰਦ ਪਵਾਰ ਨੂੰ ਵੀ ਝਟਕਾ ਦਿੱਤਾ ਹੈ। ਮਹਾਰਾਸ਼ਟਰ ਪ੍ਰਦੇਸ਼ ਚੋਣ ਕਮਿਸ਼ਨ ਵੱਲੋਂ 29 ਮਿਉਂਸਿਪਲ ਕਾਰਪੋਰੇਸ਼ਨਾਂ ਦੀਆਂ 2,869 ਸੀਟਾਂ ’ਚੋਂ 2,784 ਦੇ ਨਤੀਜੇ ਦੇਰ ਰਾਤ ਤੱਕ ਐਲਾਨ ਦਿੱਤੇ ਗਏ ਸਨ। ਭਾਜਪਾ 1,372 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ। ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੀ ਸ਼ਿਵ ਸੈਨਾ ਨੇ 394, ਕਾਂਗਰਸ ਨੇ 315, ਅਜੀਤ ਪਵਾਰਦੀ ਐੱਨ ਸੀ ਪੀ ਨੇ 158 ਅਤੇ ਊਧਵ ਠਾਕਰੇ ਦੀ ਸ਼ਿਵ ਸੈਨਾ (ਯੂ ਬੀ ਟੀ) ਨੇ 149 ਸੀਟਾਂ ਜਿੱਤੀਆਂ ਹਨ। ਬ੍ਰਿਹਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ ਦੇ 227 ਵਾਰਡਾਂ ’ਚੋਂ 204 ਦੇ ਐਲਾਨੇ ਨਤੀਜਿਆਂ ’ਚੋਂ ਭਾਜਪਾ ਨੇ 85, ਸ਼ਿਵ ਸੈਨਾ ਨੇ 25, ਕਾਂਗਰਸ ਨੇ 19, ਸ਼ਿਵ ਸੈਨਾ (ਯੂ ਬੀ ਟੀ) ਨੇ 60 ਅਤੇ ਐੱਮ ਐੱਨ ਐੱਸ ਨੇ 5 ਸੀਟਾਂ ਜਿੱਤ ਲਈਆਂ ਸਨ। ਭਾਜਪਾ ਨੇ ਨਵੀ ਮੁੰਬਈ, ਸਾਂਗਲੀ-ਮਿਰਾਜ-ਕੁਪਵਾੜਾ, ਪਨਵੇਲ, ਧੂਲੇ ਅਤੇ ਜਲਗਾਓਂ ’ਤੇ ਕਬਜ਼ਾ ਜਮਾ ਲਿਆ ਹੈ। ਕਾਂਗਰਸ ਭਿਵੰਡੀ ਅਤੇ ਕੋਲਹਾਪੁਰ ’ਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਉਲਹਾਸਨਗਰ ’ਚ ਭਾਜਪਾ ਨੇ 78 ’ਚੋਂ 37 ਅਤੇ ਸ਼ਿਵ ਸੈਨਾ ਨੇ 36 ਸੀਟਾਂ ਜਿੱਤੀਆਂ। ਮਾਲੇਗਾਉਂ ’ਚ ਏ ਆਈ ਐੱਮ ਆਈ ਐੱਮ ਨੇ 84 ’ਚੋਂ 26, ਸ਼ਿਵ ਸੈਨਾ ਨੇ 18, ਭਾਜਪਾ ਨੇ 2 ਅਤੇ ਹੋਰਾਂ ਨੇ 35 ਸੀਟਾਂ ਜਿੱਤੀਆਂ ਹਨ। ਅਹਿੱਲਿਆਨਗਰ ’ਚ ਐੱਨ ਸੀ ਪੀ ਨੇ 68 ’ਚੋਂ 27, ਭਾਜਪਾ ਨੇ 25, ਕਾਂਗਰਸ ਨੇ 2, ਬਸਪਾ ਨੇ ਇਕ, ਸ਼ਿਵ ਸੈਨਾ ਨੇ 10, ਸ਼ਿਵ ਸੈਨਾ (ਯੂ ਬੀ ਟੀ) ਨੂੰ ਇਕ ਅਤੇ ਹੋਰਾਂ ਨੂੰ ਦੋ ਸੀਟਾਂ ਮਿਲੀਆਂ ਹਨ। ਊਧਵ ਠਾਕਰੇ ਅਤੇ ਰਾਜ ਠਾਕਰੇ ਦੇ ਮੁੜ ਤੋਂ ਇਕੱਠਿਆਂ ਹੋਣ ਮਗਰੋਂ ਸ਼ਿਵ ਸੈਨਾ (ਯੂ ਬੀ ਟੀ) ਅਤੇ ਐੱਮ ਐੱਨ ਐੱਸ ਨੇ ਬੀ ਐੱਮ ਸੀ ’ਚ ਚੰਗੀ ਟੱਕਰ ਦਿੱਤੀ ਹੈ। ਪੁਣੇ ਅਤੇ ਪਿੰਪਰੀ-ਚਿੰਚਵਾੜ ਨਗਰ ਨਿਗਮਾਂ ’ਚ ਭਾਜਪਾ, ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨ ਸੀ ਪੀ) ਅਤੇ ਐੱਨ ਸੀ ਪੀ (ਐੱਸ ਪੀ) ਗੱਠਜੋੜ ਤੋਂ ਬਹੁਤ ਅੱਗੇ ਚੱਲ ਰਹੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਲੋਕਾਂ ਨੇ ਭਾਜਪਾ ਦੀ ਅਗਵਾਈ ਹੇਠਲੇ ਮਹਾਯੁਤੀ ਨੂੰ ਫਤਵਾ ਦਿੱਤਾ ਹੈ। ਭਾਜਪਾ ਨਾਸਿਕ, ਛਤਰਪਤੀ ਸੰਭਾਜੀਨਗਰ ਅਤੇ ਨਾਗਪੁਰ ਸਮੇਤ ਹੋਰ ਨਗਰ ਨਿਗਮਾਂ ’ਚ ਅੱਗੇ ਹੈ। ਜਾਲਨਾ ’ਚ ਭਾਜਪਾ ਨੇ 65 ’ਚੋਂ 41 ਸੀਟਾਂ ’ਤੇ ਜਿੱਤ ਹਾਸਲ ਕਰ ਕੇ ਪਹਿਲੀ ਵਾਰ ਕਾਰਪੋਰੇਸ਼ਨ ’ਤੇ ਕਬਜ਼ਾ ਕੀਤਾ ਹੈ। ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੀ ਸ਼ਿਵ ਸੈਨਾ ਨੇ 12, ਕਾਂਗਰਸ ਨੂੰ 9, ਏ ਆਈ ਐੱਮ ਆਈ ਐੱਮ ਨੇ ਦੋ ਸੀਟਾਂ ਜਿੱਤੀਆਂ ਹਨ। ਪੱਤਰਕਾਰ ਗੌਰੀ ਲੰਕੇਸ਼ ਦੀ 2017 ’ਚ ਹੱਤਿਆ ਦਾ ਮੁਲਜ਼ਮ ਸ੍ਰੀਕਾਂਤ ਪੰਗਾਰਕਰ ਜਾਲਨਾ ਨਗਰ ਨਿਗਮ ’ਚ ਆਜ਼ਾਦ ਵਜੋਂ ਕਾਰਪੋਰੇਟਰ ਚੁਣਿਆ ਗਿਆ ਹੈ। ਪੰਗਾਰਕਰ ਨੇ 13 ਨੰਬਰ ਵਾਰਡ ਤੋਂ ਭਾਜਪਾ ਦੇ ਰਾਓਸਾਹੇਬ ਧੋਬਲੇ ਨੂੰ ਹਰਾਇਆ। ਗੈਂਗਸਟਰ ਤੋਂ ਸਿਆਸਤਦਾਨ ਬਣੇ ਅਰੁਣ ਗਾਵਲੀ ਦੀਆਂ ਦੋਵੇਂ ਧੀਆਂ ਗੀਤਾ ਅਤੇ ਯੋਗਿਤਾ ਬੀ ਐੱਮ ਸੀ ਚੋਣਾਂ ’ਚ ਆਪੋ-ਆਪਣੇ ਵਾਰਡਾਂ ਤੋਂ ਹਾਰ ਗਈਆਂ ਹਨ। ਗਾਵਲੀ ਦੀ ਇਕ ਹੋਰ ਰਿਸ਼ਤੇਦਾਰ ਵੰਦਨਾ ਪ੍ਰਦੀਪ ਗਾਵਲੀ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਨੇ ਲਾਤੂਰ ਮਿਉਂਸਿਪਲ ਕਾਰਪੋਰੇਸ਼ਨ ਦੀਆਂ 70 ’ਚੋਂ 40 ਸੀਟਾਂ ਹਾਸਲ ਕਰ ਕੇ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਹੈ। ਮਹਾਰਾਸ਼ਟਰ ਕਾਂਗਰਸ ਪ੍ਰਧਾਨ ਹਰਸ਼ਵਰਧਨ ਸਪਕਾਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੇ ਪੰਜ ਸ਼ਹਿਰਾਂ ’ਚ ਮੇਅਰ ਹੋਣਗੇ ਅਤੇ ਸੂਬੇ ’ਚ ਕਰੀਬ 350 ਕਾਰਪੋਰੇਟਰ ਚੋਣ ਜਿੱਤਣਗੇ। ਉਨ੍ਹਾਂ ਦਾਅਵਾ ਕੀਤਾ ਕਿ ਘੱਟੋ ਘੱਟ 10 ਮਿਉਂਸਿਪਲ ਕਾਰਪੋਰੇਸ਼ਨਾਂ ’ਚ ਕਾਂਗਰਸ ਦੀ ਸਹਾਇਤਾ ਨਾਲ ਮੇਅਰ ਬਣਨਗੇ। ਕਾਂਗਰਸ ਮੁਤਾਬਕ ਉਹ ਲਾਤੂਰ ਸਮੇਤ ਚੰਦਰਪੁਰ, ਭਿਵੰਡੀ, ਪਾਰਭਨੀ ਅਤੇ ਕੋਲ੍ਹਾਪੁਰ ’ਚ ਆਪਣੇ ਮੇਅਰ ਬਣਾਉਣ ਦੀ ਸਥਿਤੀ ’ਚ ਹੈ।
ਐੱਨ ਡੀ ਏ ਦੇ ਵਿਕਾਸ ਏਜੰਡੇ ਨੂੰ ਮਿਲਿਆ ਆਸ਼ੀਰਵਾਦ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਉਂਸਿਪਲ ਕਾਰਪੋਰੇਸ਼ਨ ਚੋਣਾਂ ’ਚ ਭਾਜਪਾ ਦੀ ਅਗਵਾਈ ਹੇਠਲੇ ਐੱਨ ਡੀ ਏ ਨੂੰ ਫਤਵਾ ਦੇਣ ਲਈ ਮਹਾਰਾਸ਼ਟਰ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਐੱਨ ਡੀ ਏ ਦੇ ਲੋਕ ਪੱਖੀ ਸ਼ਾਸਨ ਅਤੇ ਵਿਕਾਸ ਦੇ ਏਜੰਡੇ ਨੂੰ ਆਸ਼ੀਰਵਾਦ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ‘ਐਕਸ’ ’ਤੇ ਕਿਹਾ ਕਿ ਮਹਾਰਾਸ਼ਟਰ ਦੇ ਲੋਕਾਂ ਨਾਲ ਐੱਨ ਡੀ ਏ ਦਾ ਸਬੰਧ ਹੋਰ ਗੂੜ੍ਹਾ ਹੋਇਆ ਹੈ।
ਵੋਟ ਚੋਰੀ ਦੇਸ਼ ਵਿਰੋਧੀ ਕਾਰਾ: ਰਾਹੁਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ‘ਵੋਟ ਚੋਰੀ ਦੇਸ਼ ਵਿਰੋਧੀ ਕਾਰਾ ਹੈ’ ਅਤੇ ਚੋਣ ਕਮਿਸ਼ਨ ਨਾਗਰਿਕਾਂ ਨੂੰ ਗੁਮਰਾਹ ਕਰ ਰਿਹਾ ਹੈ। ਉਨ੍ਹਾਂ ਚੋਣਾਂ ’ਚ ਮਾਰਕਰ ਪੈੱਨ ’ਚ ਵਰਤੀ ਜਾਣ ਵਾਲੀ ਪੱਕੀ ਸਿਆਹੀ ਦੀ ਗੁਣਵੱਤਾ ’ਤੇ ਵਿਵਾਦ ਬਾਰੇ ਇਹ ਬਿਆਨ ਦਿੱਤਾ ਹੈ। ਭਾਜਪਾ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ਨੇ ‘ਐਕਸ’ ’ਤੇ ਕਿਹਾ ਕਿ ਬਹਾਨਾ ਬ੍ਰਿਗੇਡ ਦੀ ਵਾਪਸੀ ਹੋ ਗਈ ਹੈ। ‘ਖਾਨਦਾਨੀ ਚੋਰ’ ਹੁਣ ਠਾਕਰੇ ਪਰਿਵਾਰ ਦੇ ਦਾਅਵਿਆਂ ਨੂੰ ਦੁਹਰਾ ਰਹੇ ਹਨ।

