ਭਾਰਤ ’ਚ ਹੁਣ ਗੁੱਸੇ ਤੇ ਬਦਲਾਖੋਰੀ ਦਾ ਰਾਜ: ਗੋਪਾਲ ਗਾਂਧੀ

ਭਾਰਤ ’ਚ ਹੁਣ ਗੁੱਸੇ ਤੇ ਬਦਲਾਖੋਰੀ ਦਾ ਰਾਜ: ਗੋਪਾਲ ਗਾਂਧੀ

ਜੈਪੁਰ: ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਅਤੇ ਮਹਾਤਮਾ ਗਾਂਧੀ ਦੇ ਪੋਤੇ ਗੋਪਾਲਕ੍ਰਿਸ਼ਨ ਗਾਂਧੀ ਨੇ ਜੈਪੁਰ ਸਾਹਿਤ ਮੇਲੇ ਦੌਰਾਨ ਦੇਸ਼ ਦੇ ਮੌਜੂਦਾ ਹਾਲਾਤ ’ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਅੱਜ ਭਾਰਤ ਵਿੱਚ ਗੁੱਸਾ, ਬਦਲਾਖੋਰੀ ਅਤੇ ਦੁਸ਼ਮਣੀ ਭਾਰੂ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਅਖਬਾਰਾਂ ਦੀਆਂ ਸੁਰਖੀਆਂ ਵਿੱਚ ‘ਸਲੈਮ’ (ਤਿੱਖੀ ਆਲੋਚਨਾ) ਸ਼ਬਦ ਆਮ ਹੋ ਗਿਆ ਹੈ। ਲੇਖਕ ਮੁਤਾਬਕ ‘ਸਕੈਮ’ ਅਤੇ ‘ਸਪੈਮ’ ਵਾਂਗ ‘ਸਲੈਮ’ ਵੀ ਅਜੋਕੇ ਸਮੇਂ ਦਾ ਮੁੱਖ ਸ਼ਬਦ ਬਣ ਗਏ ਹਨ।

ਉਨ੍ਹਾਂ ਕਿਹਾ ਕਿ ਜਨਤਕ ਰਾਇ ਦੇ ਬਾਜ਼ਾਰ ਵਿੱਚ ਨਫ਼ਰਤ ਅਤੇ ਦੁਸ਼ਮਣੀ ਸਭ ਤੋਂ ਵੱਧ ਵਿਕਣ ਵਾਲੀ ਵਸਤ ਬਣ ਗਈ ਹੈ। ਹਰ ਪਾਸੇ ‘ਬਦਲਾ’ ਲੈਣ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਉਨ੍ਹਾਂ ਅਫ਼ਸੋਸ ਜਤਾਇਆ ਕਿ ਸਮਾਜ ’ਚੋਂ ਇਮਾਨਦਾਰੀ ਅਤੇ ਮੁਆਫ਼ੀ ਵਰਗੇ ਗੁਣ ਗਾਇਬ ਹੋ ਰਹੇ ਹਨ। ਅੱਜ ਦੇ ਦੌਰ ਵਿੱਚ ਮੁਆਫ਼ੀ ਨੂੰ ਕਮਜ਼ੋਰੀ ਸਮਝਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਇਹ ਪੰਜ ਰੋਜ਼ਾ ਸਾਹਿਤਕ ਮੇਲਾ 19 ਜਨਵਰੀ ਨੂੰ ਸਮਾਪਤ ਹੋਵੇਗਾ।

ਬੁਕਰ ਪੁਰਸਕਾਰ ਮਿਲਣ ਮਗਰੋਂ ਰੁਝੇਵੇਂ ਵਧੇ: ਬਾਨੂ ਮੁਸ਼ਤਾਕ

ਕੰਨੜ ਲੇਖਕਾ ਬਾਨੂ ਮੁਸ਼ਤਾਕ ਨੇ ਜੈਪੁਰ ਸਾਹਿਤ ਮੇਲੇ ਵਿੱਚ ਮੰਨਿਆ ਕਿ ਕੌਮਾਂਤਰੀ ਬੁਕਰ ਪੁਰਸਕਾਰ ਜਿੱਤਣ ਮਗਰੋਂ ਰੁਝੇਵੇਂ ਇੰਨੇ ਵਧ ਗਏ ਹਨ ਕਿ ਉਨ੍ਹਾਂ ਨੂੰ ਕੁਝ ਵੀ ਨਵਾਂ ਲਿਖਣ ਦਾ ਸਮਾਂ ਨਹੀਂ ਮਿਲ ਰਿਹਾ। 77 ਸਾਲਾ ਲੇਖਕਾ ਨੇ ਦੱਸਿਆ ਕਿ ਪਿਛਲੇ ਸਾਲ ਤੋਂ ਉਹ ਸਫ਼ਰ ਅਤੇ ਸਮਾਗਮਾਂ ਵਿੱਚ ਹੀ ਰੁੱਝੇ ਹੋਏ ਹਨ ਜਿਸ ਕਾਰਨ ਉਨ੍ਹਾਂ ਦੀ ਸਵੈ-ਜੀਵਨੀ ਅਧੂਰੀ ਪਈ ਹੈ। ਉਂਝ, ਉਹ ਜਲਦੀ ਹੀ ਕੰਨੜ ਵਿੱਚ ਆਪਣਾ ਸੱਤਵਾਂ ਕਹਾਣੀ ਸੰਗ੍ਰਹਿ ਰਿਲੀਜ਼ ਕਰਨਗੇ। ਉਨ੍ਹਾਂ ਖੁਸ਼ੀ ਜਤਾਈ ਕਿ ਹੁਣ ਮਾਪੇ ਵੀ ਆਪਣੇ ਬੱਚਿਆਂ ਨੂੰ ਲੇਖਕ ਬਣਾਉਣ ਬਾਰੇ ਸੋਚਣ ਲੱਗੇ ਹਨ।

Share: