ਜੀਂਦ: ਐੱਸ ਪੀ ਜੀਂਦ ਕੁਲਦੀਪ ਸਿੰਘ ਦੀਆਂ ਹਦਾਇਤਾਂ ’ਤੇ ਥਾਣਾ ਸਿਟੀ ਨਰਵਾਣਾ ਪੁਲੀਸ ਨੇ ਰੇਲਵੇ ਵਿੱਚ ਨੌਕਰੀ ਦਿਵਾਉਣ ਦੇ ਨਾਮ ’ਤੇ ਲੱਖਾਂ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਫਰਾਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਨਾਥੀ ਉਰਫ ਨੀਰਜ ਵਾਸੀ ਨਰਵਾਣਾ ਦੇ ਰੂਪ ਵਜੋਂ ਕੀਤੀ ਗਈ ਹੈ। ਥਾਣਾ ਸ਼ਹਿਰ ਨਰਵਾਣਾ ਦੇ ਇੰਚਾਰਜ ਨੇ ਦੱਸਿਆ ਕਿ ਥਾਣਾ ਸ਼ਹਿਰ ਨਰਵਾਣਾ ਵਿੱਚ 10 ਦਸੰਬਰ 2017 ਨੂੰ ਦਰਜ ਮਾਮਲੇ ਵਿੱਚ ਸ਼ਿਕਾਇਤਕਰਤਾ ਸੋਮਵੀਰ ਵਾਸੀ ਹਨੂਮਾਨ ਨਗਰ ਨਰਵਾਣਾ ਨੇ ਦੱਸਿਆ ਕਿ ਮੁਲਜ਼ਮ ਨਾਥੀ ਉਰਫ ਨੀਰਜ ਨੇ ਖੁਦ ਨੂੰ ਰੇਲਵੇ ਵਿਭਾਗ ਵਿੱਚ ਉੱਚ-ਅਧਿਕਾਰੀਆਂ ਦਾ ਰਿਸ਼ਤੇਦਾਰ ਦੱਸ ਕੇ ਟਿਕਟ ਕੁਲੈਕਟਰ ਦੀ ਨੌਕਰੀ ਦਿਵਾਉਣ ਦਾ ਝਾਂਸਾ ਦਿੱਤਾ ਅਤੇ ਕੁੱਲ 6.23 ਲੱਖ ਰੁਪਏ ਲੈ ਲਏ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਨੇ ਸ਼ਿਕਾਇਤਕਰਤਾ ਨੂੰ ਰੇਲਵੇ ਦਾ ਫਰਜ਼ੀ ਨਿਯੁਕਤੀ ਪੱਤਰ ਵੀ ਸੌਂਪਿਆ ਸੀ ਜਿਸ ਦੀ ਪੁਸ਼ਟੀ ਰੇਲਵੇ ਉੱਤਰ ਰੇਲਵੇ ਮੰਡਲ ਦਫ਼ਤਰ ਨਵੀਂ ਦਿੱਲੀ ਤੋਂ ਕਰਵਾਈ ਗਈ, ਜੋ ਕਿ ਪੂਰੀ ਤਰ੍ਹਾਂ ਜਾਅਲੀ ਪਾਇਆ ਗਿਆ। ਠੱਗੀ ਦਾ ਖੁਲਾਸਾ ਹੋਣ ’ਤੇ ਜਦੋਂ ਸ਼ਿਕਾਇਤਕਰਤਾ ਨੇ ਆਪਣੇ ਦਿੱਤੇ ਪੈਸੇ ਵਾਪਸ ਮੰਗੇ ਤਾਂ ਮੁਲਜ਼ਮ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਫਰਾਰ ਹੋ ਗਿਆ। ਇਸ ਮਗਰੋਂ ਅਦਾਲਤ ਨੇ ਮੁਲਜ਼ਮ ਨੂੰ ਭਗੌੜਾ ਐਲਾਨ ਦਿੱਤਾ। ਗੁਪਤ ਸੂਚਨਾ ਦੇ ਆਧਾਰ ’ਤੇ ਐੱਸ ਆਈ ਚੰਦਨ ਸਿੰਘ ਨੇ ਪਿਛਲੇ ਦਿਨੀਂ ਮੁਲਜ਼ਮ ਨਾਥੀ ਉਰਫ ਨੀਰਜ ਨੂੰ ਗ੍ਰਿਫਤਾਰ ਕਰਕੇ ਉਸ ਦੇ ਮਕਾਨ ਤੋਂ 15 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ। ਪੁਲੀਸ ਮੁਲਜ਼ਮ ਤੋਂ ਹੋਰ ਪੁੱਛ-ਗਿੱਛ ਕਰ ਰਹੀ ਹੈ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਮੁਲਜ਼ਮ ਨੇ ਹੋਰ ਕਿੰਨੇ ਲੋਕਾਂ ਨਾਲ ਠੱਗੀ ਮਾਰੀ ਹੈ।
Posted inHaryana
