ਪੇਸ਼ਾਵਰ: ਦਹਿਸ਼ਤ ਦੀ ਚੰਗਿਆੜੀ ਨਾਲ ਪਾਕਿਸਤਾਨ ਖ਼ੁਦ ਵੀ ਇਸ ਖੇਡ ਵਿੱਚ ਸੜਨ ਲੱਗਾ ਹੈ। ਪਾਕਿਸਤਾਨ ਵਿੱਚ ਪਾਬੰਦੀਸ਼ੁਦਾ ਸੰਗਠਨ TTP ਯਾਨੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਇੱਕ ਵੱਡਾ ਆਤਮਘਾਤੀ ਹਮਲਾ ਕੀਤਾ ਹੈ, ਜਿਸ ਕਾਰਨ ਗੁਆਂਢੀ ਦੇਸ਼ ਪੂਰੀ ਤਰ੍ਹਾਂ ਸਦਮੇ ਵਿੱਚ ਹੈ। ਪਾਕਿਸਤਾਨੀ ਤਾਲਿਬਾਨ ਨੇ ਉੱਤਰੀ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ‘ਚ ਇਕ ਪੁਲਸ ਚੌਕੀ ‘ਤੇ ਵੱਡਾ ਆਤਮਘਾਤੀ ਹਮਲਾ ਕੀਤਾ ਹੈ, ਜਿਸ ‘ਚ ਘੱਟੋ-ਘੱਟ 3 ਪੁਲਿਸ ਅਧਿਕਾਰੀ ਮਾਰੇ ਗਏ ਹਨ। ਦੱਸ ਦੇਈਏ ਕਿ ਟੀਟੀਪੀ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਨੂੰ ਪਰੇਸ਼ਾਨ ਕਰ ਰਿਹਾ ਹੈ।
ਆਤਮਘਾਤੀ ਹਮਲੇ ‘ਚ 3 ਪੁਲਿਸ ਮੁਲਾਜ਼ਮਾਂ ਦੀ ਮੌਤ
ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਪਾਕਿਸਤਾਨੀ ਤਾਲਿਬਾਨ ਨੇ ਪੁਲਿਸ ਚੌਕੀ ‘ਤੇ ਹੋਏ ਆਤਮਘਾਤੀ ਬੰਬ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪੁਲਿਸ ਅਨੁਸਾਰ, ਹਮਲਾਵਰਾਂ ਨੇ ਉੱਤਰੀ ਖੈਬਰ ਪਖਤੂਨਖਵਾ ਸੂਬੇ ਵਿੱਚ ਅਫਗਾਨ ਸਰਹੱਦ ਦੇ ਨੇੜੇ ਇੱਕ ਪੁਲਿਸ ਚੌਕੀ ‘ਤੇ ਇੱਕ ਗ੍ਰਨੇਡ ਸੁੱਟਿਆ ਅਤੇ ਕੰਪਲੈਕਸ ਵਿੱਚ ਧਾਵਾ ਬੋਲਿਆ, ਜਿੱਥੇ ਇੱਕ ਆਤਮਘਾਤੀ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ। ਇਸ ਹਮਲੇ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜ਼ਖਮੀਆਂ ਦੀ ਗਿਣਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।ਦਰਅਸਲ, ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਹੀ ਟੀਟੀਪੀ ਨੇ ਪਾਕਿਸਤਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਹੁਣ ਜੰਗਬੰਦੀ ਦੀ ਪਾਲਣਾ ਨਹੀਂ ਕਰੇਗੀ। ਅਫਗਾਨ-ਤਾਲਿਬਾਨ ਦੀ ਵਿਚੋਲਗੀ ਨਾਲ ਪਿਛਲੇ ਸਾਲ ਜੂਨ ਵਿਚ ਜੰਗਬੰਦੀ ਸਮਝੌਤਾ ਹੋਇਆ ਸੀ, ਜਿਸ ਤੋਂ ਟੀਟੀਪੀ ਨਵੰਬਰ ਵਿਚ ਪਿੱਛੇ ਹਟ ਗਈ ਸੀ। ਟੀਟੀਪੀ, ਪਾਕਿਸਤਾਨ ਵਿੱਚ ਸ਼ਰੀਆ ਕਾਨੂੰਨ ਸਥਾਪਤ ਕਰਨ ਲਈ ਲੜ ਰਹੀ ਹੈ। ਟੀਟੀਪੀ ਯਾਨੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਇੱਕ ਅੱਤਵਾਦੀ ਸੰਗਠਨ ਹੈ, ਜਿਸ ਨੂੰ ਪਾਕਿਸਤਾਨੀ ਤਾਲਿਬਾਨ ਵੀ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਪਾਕਿਸਤਾਨ ਨੇ ਆਪਣੇ ਸਵਾਰਥ ਲਈ ਇਸ ਅੱਤਵਾਦੀ ਸੰਗਠਨ ਨੂੰ ਸੁਰੱਖਿਆ ਦਿੱਤੀ ਸੀ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 14 ਜਨਵਰੀ ਨੂੰ ਭਾਰੀ ਹਥਿਆਰਾਂ ਨਾਲ ਲੈਸ ਤਾਲਿਬਾਨ ਅੱਤਵਾਦੀਆਂ ਨੇ ਪਾਕਿਸਤਾਨ ਦੇ ਪੇਸ਼ਾਵਰ ਦੇ ਉਪਨਗਰ ਵਿੱਚ ਇੱਕ ਪੁਲਿਸ ਸਟੇਸ਼ਨ ‘ਤੇ ਹਮਲਾ ਕਰਕੇ ਇੱਕ ਸੀਨੀਅਰ ਅਧਿਕਾਰੀ ਸਮੇਤ ਤਿੰਨ ਪੁਲਿਸ ਕਰਮਚਾਰੀਆਂ ਦੀ ਹੱਤਿਆ ਕਰ ਦਿੱਤੀ ਸੀ। ਪੇਸ਼ਾਵਰ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਕਾਸ਼ਿਫ਼ ਅੱਬਾਸੀ ਨੇ ਦੱਸਿਆ ਕਿ ਖ਼ੈਬਰ ਕਬਾਇਲੀ ਜ਼ਿਲ੍ਹੇ ਦੀ ਸਰਹੱਦ ਨਾਲ ਲੱਗਦੇ ਸਰਬੰਦ ਪੁਲਿਸ ਸਟੇਸ਼ਨ ‘ਤੇ ਲਗਭਗ ਛੇ ਤੋਂ ਸੱਤ ਅੱਤਵਾਦੀਆਂ ਨੇ ਹੈਂਡ ਗ੍ਰਨੇਡ, ਆਟੋਮੈਟਿਕ ਹਥਿਆਰਾਂ ਅਤੇ ਸਨਾਈਪਰ ਗਨ ਨਾਲ ਹਮਲਾ ਕੀਤਾ। ਇਸ ਹਮਲੇ ਵਿੱਚ ਤਿੰਨ ਪੁਲਿਸ ਮੁਲਾਜ਼ਮ ਮਾਰੇ ਗਏ ਸਨ।