ਹਰਭਜਨ ਸਿੰਘ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ

ਹਰਭਜਨ ਸਿੰਘ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ

ਨਵੀਂ ਦਿੱਲੀ- ਭਾਰਤ ਦੇ ਸਟਾਰ ਸਪਿਨਰ ਹਰਭਜਨ ਸਿੰਘ (Harbhajan Singh) ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 41 ਸਾਲਾ ਹਰਭਜਨ ਸਿੰਘ ਨੇ ਭਾਰਤ ਲਈ 711 ਵਿਕਟਾਂ ਲਈਆਂ ਹਨ। ਟਰਬਨੇਟਰ ਦੇ ਨਾਂ ਨਾਲ ਮਸ਼ਹੂਰ ਹਰਭਜਨ ਸਿੰਘ ਰਾਜਨੀਤੀ ਦੇ ਮੈਦਾਨ ‘ਤੇ ਆਪਣੀ ਨਵੀਂ ਪਾਰੀ ਖੇਡ ਸਕਦੇ ਹਨ। ਹਾਲ ਹੀ ‘ਚ ਉਨ੍ਹਾਂ ਦੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਤਸਵੀਰ ਵਾਇਰਲ ਹੋਈ ਸੀ। ਖਬਰਾਂ ਹਨ ਕਿ ਹਰਭਜਨ ਸਿੰਘ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ‘ਚ ਸ਼ਾਮਲ ਹੋ ਸਕਦੇ ਹਨ।

ਟਵਿੱਟਰ ‘ਤੇ ਆਪਣੀ ਸੰਨਿਆਸ ਦਾ ਐਲਾਨ ਕਰਦੇ ਹੋਏ ਹਰਭਜਨ ਸਿੰਘ ਨੇ ਲਿਖਿਆ, ”ਸਾਰੀਆਂ ਚੰਗੀਆਂ ਚੀਜ਼ਾਂ ਦਾ ਅੰਤ ਹੋ ਜਾਂਦਾ ਹੈ ਅਤੇ ਅੱਜ ਮੈਂ ਉਸ ਖੇਡ ਨੂੰ ਅਲਵਿਦਾ ਆਖਦਾ ਹਾਂ ਜਿਸ ਨੇ ਮੈਨੂੰ ਜ਼ਿੰਦਗੀ ‘ਚ ਸਭ ਕੁਝ ਦਿੱਤਾ ਹੈ, ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਸ 23 ਸਾਲ ਦਾ ਲੰਬਾ ਸਫਰ ਸੁੰਦਰ ਅਤੇ ਯਾਦਗਾਰੀ ਬਣਾਇਆ।ਤੁਹਾਡਾ ਬਹੁਤ ਬਹੁਤ ਧੰਨਵਾਦ।” ਹਰਭਜਨ ਨੇ IPL 2021 ਦੇ ਪਹਿਲੇ ਪੜਾਅ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਲਈ ਕੁਝ ਮੈਚ ਖੇਡੇ ਪਰ ਲੀਗ ਦੇ UAE ਲੀਗ ਵਿੱਚ ਇੱਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ।

ਹਰਭਜਨ ਆਈਪੀਐਲ ਦੀ ਨਵੀਂ ਫਰੈਂਚਾਇਜ਼ੀ ਨਾਲ ਜੁੜ ਸਕਦੇ ਹਨ

ਖਬਰਾਂ ਹਨ ਕਿ ਹਰਭਜਨ ਆਈ.ਪੀ.ਐੱਲ. (IPL-2022) ਦੇ ਅਗਲੇ ਸੀਜ਼ਨ ‘ਚ ਸਪੋਰਟ ਸਟਾਫ ਦੇ ਤੌਰ ‘ਤੇ ਵੱਡੀ ਫਰੈਂਚਾਇਜ਼ੀ ਨਾਲ ਜੁੜ ਸਕਦੇ ਹਨ। ਟੀਮ ਇੰਡੀਆ ਲਈ ਦੋ ਵਿਸ਼ਵ ਕੱਪ ਜਿੱਤਣ ਵਾਲੇ ਇਸ ਸਟਾਰ ਸਪਿਨਰ ਨੂੰ ਕਰੀਬ 10 ਸਾਲ ਪਹਿਲਾਂ ਪੰਜਾਬ ਪੁਲਿਸ ਨੇ ਡੀਐਸਪੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ ਉਸਨੇ ਇਸਨੂੰ ਕਦੇ ਸਵੀਕਾਰ ਨਹੀਂ ਕੀਤਾ। ਹਰਭਜਨ ਸਿੰਘ ਨੇ ਭਾਰਤ ਲਈ ਆਪਣਾ ਆਖਰੀ ਮੈਚ ਸਾਲ 2016 ਵਿੱਚ ਖੇਡਿਆ ਸੀ। ਉਹ ਪਿਛਲੇ ਪੰਜ ਸਾਲਾਂ ਤੋਂ ਟੀਮ ਤੋਂ ਬਾਹਰ ਚੱਲ ਰਹੇ ਸਨ।

ਹਰਭਜਨ ਸਿੰਘ ਦਾ ਕਰੀਅਰ ਸ਼ਾਨਦਾਰ ਰਿਹਾ

ਹਰਭਜਨ ਸਿੰਘ ਨੇ 1998 ‘ਚ ਆਸਟ੍ਰੇਲੀਆ ਖਿਲਾਫ ਭਾਰਤ ਲਈ ਆਪਣਾ ਟੈਸਟ ਡੈਬਿਊ ਕੀਤਾ ਸੀ। ਉਨ੍ਹਾਂ ਭਾਰਤ ਲਈ 103 ਟੈਸਟ ਮੈਚਾਂ ਵਿੱਚ 417 ਵਿਕਟਾਂ ਲਈਆਂ। ਭੱਜੀ ਨੇ ਵੀ ਦੋ ਸੈਂਕੜਿਆਂ ਦੀ ਮਦਦ ਨਾਲ 2235 ਦੌੜਾਂ ਬਣਾਈਆਂ। 236 ਵਨਡੇ ਮੈਚਾਂ ‘ਚ ਉਨ੍ਹਾਂ ਦੇ ਨਾਂ 269 ਵਿਕਟਾਂ ਹਨ। ਟੀ-20 ਇੰਟਰਨੈਸ਼ਨਲ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 28 ਮੈਚਾਂ ‘ਚ 25 ਵਿਕਟਾਂ ਲਈਆਂ ਹਨ। ਅਨਿਲ ਕੁੰਬਲੇ (619), ਕਪਿਲ ਦੇਵ (434) ਅਤੇ ਰਵੀਚੰਦਰਨ ਅਸ਼ਵਿਨ (427) ਤੋਂ ਬਾਅਦ ਹਰਭਜਨ ਸਿੰਘ ਨੇ ਭਾਰਤ ਲਈ ਸਭ ਤੋਂ ਵੱਧ ਟੈਸਟ ਵਿਕਟਾਂ ਲਈਆਂ ਹਨ। ਇਸ ਆਈਪੀਐਲ ਗੇਂਦਬਾਜ਼ ਦੇ ਨਾਂ 150 ਵਿਕਟਾਂ ਹਨ।

Share: