ਸਮੂਹਿਕ ਕਬਰਾਂ ਅਤੇ ਬਸਤੀਵਾਦ ਦੇ ਜ਼ੁਲਮ

ਸਮੂਹਿਕ ਕਬਰਾਂ ਅਤੇ ਬਸਤੀਵਾਦ ਦੇ ਜ਼ੁਲਮ

ਮਈ ਦੇ ਅੰਤ ਵਿਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੈਮਲੂਪਸ ਦੇ ਇੰਡੀਅਨ ਰਿਹਾਇਸ਼ੀ ਸਕੂਲ ਦੇ ਹੇਠੋਂ 215 ਬੱਚਿਆਂ ਦੀਆਂ ਸਮੂਹਿਕ ਕਬਰਾਂ ਮਿਲੀਆਂ ਜਿਨ੍ਹਾਂ ਵਿਚ ਤਿੰਨ ਸਾਲ ਤੱਕ ਦੇ ਬੱਚਿਆਂ ਦੇ ਪਿੰਜਰ ਵੀ ਹਨ। ਸਮੂਹਿਕ ਕਬਰਾਂ ਵਿਚ ਮਿਲ਼ੇ ਪਿੰਜਰ ਕੈਨੇਡਾ ਦੇ ਉਨ੍ਹਾਂ ਮੂਲਨਿਵਾਸੀ ਬੱਚਿਆਂ ਦੇ ਹਨ ਜਿਨ੍ਹਾਂ ਨੂੰ ਗੋਰੇ ਬਸਤੀਵਾਦੀਆਂ ਨੇ ਉਨ੍ਹਾਂ ਦੇ ਮਾਪਿਆਂ ਤੋਂ ਜਬਰੀ ਅੱਡ ਕਰਕੇ ‘ਜੰਗਲੀ’ ਸੱਭਿਆਚਾਰ ਤੋਂ ਮੁਕਤ ਕਰਕੇ ਅਖੌਤੀ ਆਧੁਨਿਕ ਸੱਭਿਆਚਾਰ ਨਾਲ਼ ਜੋੜਨ ਦੇ ਨਾਂ ਉੱਤੇ ਰਿਹਾਇਸ਼ੀ ਸਕੂਲਾਂ ਵਿਚ ਰੱਖ ਕੇ ਜ਼ੁਲਮ ਢਾਹਿਆ। ਜੋ ਤੱਥ ਸਾਹਮਣੇ ਆਏ ਹਨ, ਉਸ ਨਾਲ ਮਨੁੱਖਤਾ ਸ਼ਰਮਸਾਰ ਹੋਈ ਹੈ। ਇਸ ਘਟਨਾ ਨੇ ਬਸਤੀਵਾਦ ਦੇ ਘਿਨਾਉਣੇ ਇਤਿਹਾਸ ਦੀਆਂ ਬੇਸ਼ੁਮਾਰ ਕਾਰਵਾਈਆਂ ਵਿਚੋਂ ਇਕ ਨੂੰ ਬੇਪਰਦ ਕੀਤਾ ਹੈ। ਬਸਤੀਵਾਦੀ ਇਤਿਹਾਸ ਮੂਲਨਿਵਾਸੀਆਂ ਦੇ ਲਹੂ ਨਾਲ ਗੜੁੱਚ ਹੈ।

ਰਿਹਾਇਸ਼ੀ ਸਕੂਲ 1890 ਵਿਚ ਬਣਾਏ ਗਏ ਜਿਨ੍ਹਾਂ ਨੂੰ 1969 ਤੱਕ ਕੈਥੋਲਿਕ ਚਰਚ ਚਲਾਉਂਦੀ ਰਹੀ ਹੈ। ਉਸ ਮਗਰੋਂ ਇਨ੍ਹਾਂ ਦਾ ਕੰਟਰੋਲ ਕੈਨੇਡਾ ਸਰਕਾਰ ਨੇ ਆਪਣੇ ਹੱਥਾਂ ਵਿਚ ਲੈ ਲਿਆ। 1996 ਵਿਚ ਇਹ ਸਾਰੇ ਸਕੂਲ ਬੰਦ ਕਰ ਦਿੱਤੇ ਗਏ। ਇਨ੍ਹਾਂ ਸਕੂਲਾਂ ਵਿਚ ਕੈਨੇਡਾ ਦੇ ਮੂਲਨਿਵਾਸੀਆਂ ਦੇ ਬੱਚਿਆਂ ਉੱਤੇ ਅੰਤਾਂ ਦਾ ਕਹਿਰ ਢਾਹਿਆ ਜਾਂਦਾ ਅਤੇ ਮੌਤ ਦੇ ਮੂੰਹ ਧੱਕ ਦਿੱਤਾ ਜਾਂਦਾ ਰਿਹਾ। ਮਨੁੱਖੀ ਹੱਕਾਂ ਲਈ ਕੰਮ ਕਰਦੀਆਂ ਕੁਝ ਜਥੇਬੰਦੀਆਂ ਦਾ ਦਾਅਵਾ ਹੈ ਕਿ ਜੇ ਇਨ੍ਹਾਂ ਬੰਦ ਕੀਤੇ ਸਕੂਲਾਂ ਦੀ ਖੁਦਾਈ ਕੀਤੀ ਜਾਵੇ ਤਾਂ ਇਨ੍ਹਾਂ ਪਿੰਜਰਾਂ ਦੀ ਗਿਣਤੀ ਲਾਜ਼ਮੀ ਹਜ਼ਾਰਾਂ ਵਿਚ ਹੋਵੇਗੀ। ਕੈਮਲੂਪਸ ਦੀਆਂ ਇਹ ਕਬਰਾਂ ਬਾਵੇਂ ਹੁਣ ਤੱਕ ਮਿਲ਼ੀਆਂ ਸਭ ਤੋਂ ਵੱਧ ਗਿਣਤੀ ਵਾਲ਼ੀਆਂ ਬੇਨਾਮੀ ਕਬਰਾਂ ਹਨ ਪਰ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਦਹਾਕਿਆਂ ਤੋਂ ਲਗਾਤਾਰ ਅਜਿਹੀਆਂ ਬੇਨਾਮ ਸਮੂਹਿਕ ਕਬਰਾਂ ਮਿਲ਼ਦੀਆਂ ਰਹੀਆਂ ਹਨ, ਜਿਵੇਂ ਰੇਜਿਨਾ ਨੇੜੇ, ਸਸਕੇਸ਼ਵਾਨ ਵਿਚ ਬੈਟਲਫੋਰਡ ਵਿਚ ਅਤੇ ਬ੍ਰਿਟਿਸ਼ ਕੋਲੰਬੀਆ ਦੇ ਕਰੇਨਬਰੁੱਕ ਵਿਚ ਵੀ।

ਇਨ੍ਹਾਂ ਰਿਹਾਇਸ਼ੀ ਸਕੂਲਾਂ ਵਿਚ ਹੁੰਦੀਆਂ ਮੌਤਾਂ ਬਾਬਤ ਕੈਨੇਡਾ ਸਰਕਾਰ ਦੀ ਕੋਈ ਸਪੱਸ਼ਟ ਨੀਤੀ ਨਹੀਂ ਸੀ। ਮਰੇ ਬੱਚਿਆਂ ਨੂੰ ਸਫਰ ਦੇ ਖਰਚੇ ਦੀ ‘ਬੱਚਤ’ ਲਈ ਮਾਪਿਆਂ ਹਵਾਲੇ ਨਹੀਂ ਸੀ ਕੀਤਾ ਜਾਂਦਾ, ਉਨ੍ਹਾਂ ਨੂੰ ਸਕੂਲ ਦੇ ਨੇੜੇ ਤੇੜੇ ਹੀ ਦੱਬ ਦਿੱਤਾ ਜਾਂਦਾ ਸੀ। ਕੈਨੇਡਾ ਦੇ ‘ਟਰੁੱਥ ਅਤੇ ਰੀਕੰਸੀਲਿਏਸ਼ਨ ਕਮਿਸ਼ਨ’ ਦੀ 2015 ਦੀ ਰਿਪੋਰਟ ਮੁਤਾਬਕ ਅਜਿਹੇ ਬੱਚਿਆਂ ਦੀ ਗਿਣਤੀ ਕਈ ਹਜ਼ਾਰਾਂ ਵਿਚ ਹੈ। ਬੱਚਿਆਂ ਦੀਆਂ ਮੌਤਾਂ ਦੇ ਕਾਰਨਾਂ ਬਾਰੇ ਕਮਿਸ਼ਨ ਦੱਸਦਾ ਹੈ ਕਿ ਉਹ ਬਿਮਾਰੀ ਨਾਲ਼, ਖੁਦਕੁਸ਼ੀ ਕਰਕੇ ਜਾਂ ਸਕੂਲ ਵਿਚੋਂ ਭੱਜਣ ਦੀ ਕੋਸ਼ਿਸ਼ ਦੌਰਾਨ ਮਾਰੇ ਗਏ। ਇਨ੍ਹਾਂ ਬੱਚਿਆਂ ਦੀ ਗਿਣਤੀ ਲਗਭਗ 15,000 ਹੈ। ਕਮਿਸ਼ਨ ਨੇ ਅਜੇ 1300 ਵਿਚੋਂ ਸਿਰਫ 139 ਸਕੂਲਾਂ ਦੀ ਰਿਪੋਰਟ ਪੇਸ਼ ਕੀਤੀ ਹੈ।

ਸਮੂਹਿਕ ਕਬਰਾਂ ਮਿਲ਼ਣ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਹਿਣ ਨੂੰ ਤਾਂ ਇਸ ਨੂੰ ਮੁਲਕ ਦੇ ਇਤਿਹਾਸ ਦੀ ਕਾਲ਼ੀ ਤੇ ਸ਼ਰਮਨਾਕ ਯਾਦ ਕਿਹਾ ਹੈ ਪਰ ਕੈਨੇਡਾ ਦੀ ਨੀਂਹ ਵੀ ਮੂਲਨਿਵਾਸੀ ਬਸ਼ਿੰਦਿਆਂ ਦੀ ਲੁੱਟ, ਜਬਰ ਅਤੇ ਅਨਿਆਂ ’ਤੇ ਰੱਖੀ ਗਈ। ਦਰਅਸਲ 16ਵੀਂ ਸਦੀ ਮਗਰੋਂ ਅੰਗਰੇਜ਼ ਅਤੇ ਫਰਾਂਸੀਸੀ ਬਸਤੀਵਾਦੀਆਂ ਦੇ ਇੱਥੇ ਆਉਣ ਅਤੇ ਮਗਰੋਂ ਇੱਥੇ ਹੀ ਵਸ ਜਾਣ ਤੋਂ ਕੈਨੇਡਾ ਦੇ ਮੂਲਨਿਵਾਸੀ ਲੋਕਾਂ ਦਾ ਦੋਜ਼ਖ ਸ਼ੁਰੂ ਹੁੰਦਾ ਹੈ। ਬਰਤਾਨਵੀ ਤੇ ਫਰਾਂਸੀਸੀ ਬਸਤੀਵਾਦੀਆਂ ਨੇ ਮੂਲ ਬਾਸ਼ਿੰਦਿਆਂ ਦੀ ਨਸਲਕੁਸ਼ੀ ਦੀ ਮੁਹਿੰਮ ਵਿੱਢੀ। ਇਹ ਮਹਾਂਦੀਪ ਦੇ ਹੋਰ ਮੁਲਕਾਂ ਵਾਂਗ ਅਤਿਅੰਤ ਜਾਬਰਾਨਾ ਸੀ।

ਰਿਹਾਇਸ਼ੀ ਸਕੂਲਾਂ ਦਾ ਪ੍ਰਬੰਧ ਵੀ ਦਰਅਸਲ ਇੱਥੋਂ ਦੇ ਮੂਲਨਿਵਾਸੀ ਲੋਕਾਂ ਨੂੰ ਸਰੀਰਕ ਤੌਰ ਉੱਤੇ ਮਾਰਨ ਦੀ ਮੁਹਿੰਮ ਦੇ ਨਾਲ਼ ਨਾਲ਼ ਸੱਭਿਆਚਾਰਕ ਨਸਲਕੁਸ਼ੀ ਦਾ ਹੀ ਹਿੱਸਾ ਸੀ। ਕੈਮਲੂਪਸ ਵਿਚ ਮਿਲ਼ੇ ਪਿੰਜਰ ਤਾਂ ਸਿਰਫ ਮਿੱਟੀ ਦੇ ਢੇਰ ਵਿਚੋਂ ਕਿਣਕਾ ਭਰ ਹਨ। ਰਿਹਾਇਸ਼ੀ ਸਕੂਲ ਬਸਤੀਕਰਨ ਦੀ ਪ੍ਰਕਿਰਿਆ ਦੌਰਾਨ ਮੂਲਨਿਵਾਸੀਆਂ ਦੀ ਨਸਲਕੁਸ਼ੀ ਦੀ ਕੁੱਲ ਨੀਤੀ ਦੇ ਅੰਗ ਦੇ ਤੌਰ ਉੱਤੇ ਸਿਰਫ ਕੈਨੇਡਾ ਵਿਚ ਹੀ ਨਹੀਂ, ਅਮਰੀਕਾ ਵਿਚ ਵੀ ਸਰਗਰਮ ਸਨ। ਇੱਕ ਅੰਦਾਜ਼ੇ ਮੁਤਾਬਕ 1492 ਤੋਂ 1900 ਤੱਕ ਲਗਭਗ ਸਾਢੇ 17 ਕਰੋੜ ਮੂਲਨਿਵਾਸੀਆਂ ਦੀ ਮੌਤ ਸਿਰਫ ਅਮਰੀਕਾ ਵਿਚ ਹੋਈ। ਇੱਥੋਂ ਦੇ ਮੂਲਨਿਵਾਸੀਆਂ ਨੇ ਲਗਭਗ ਚਾਰ ਸਦੀਆਂ ਤਾਈਂ ਆਪਣੇ ਪਿੰਡਿਆਂ ’ਤੇ ਸੰਤਾਪ ਹੰਢਾਇਆ ਜੋ ਕਰੋੜਾਂ ਮੂਲਨਿਵਾਸੀ ਲੋਕਾਂ ਦੀ ਮੌਤ ਨਾਲ਼ ਅਜੇ ਵੀ ਮੁੱਕਿਆ ਨਹੀਂ ਕਿਹਾ ਜਾ ਸਕਦਾ।

ਅਜਿਹੇ ਰਿਹਾਇਸ਼ੀ ਸਕੂਲਾਂ ਵਿਚਲੀਆਂ ਕਬਰਾਂ ਬਾਰੇ ਬਸਤੀਵਾਦ ਦੇ ਜ਼ੁਲਮਾਂ ਤੋਂ ਬਚੇ ਮੂਲਨਿਵਾਸੀ ਪਹਿਲਾਂ ਤੋਂ ਹੀ ਜਾਣਦੇ ਸਨ। ਉਹ ਜਾਣਦੇ ਸਨ ਕਿ ਸਕੂਲਾਂ ਤੋਂ ਉਨ੍ਹਾਂ ਦੇ ਬੱਚੇ ਤੇ ਨਾ ਹੀ ਉਨ੍ਹਾਂ ਬੱਚਿਆਂ ਦੀਆਂ ਲਾਸ਼ਾਂ ਘਰ ਨਹੀਂ ਸੀ ਆ ਰਹੀਆਂ। ਸਕੂਲਾਂ ਤੋਂ ਭੱਜਣ ਵਿਚ ਕਾਮਯਾਬ ਹੋ ਜਾਣ ਵਾਲ਼ੇ, ਸਭ ਕੁਝ ਝੱਲ ਕੇ ਬਚ ਨਿੱਕਲਣ ਵਾਲ਼ੇ ਕੁਝ ਬੱਚਿਆਂ (ਜੋ ਹੁਣ ਵੱਡੀਆਂ ਉਮਰਾਂ ਦੇ ਹਨ) ਨੇ ਦੱਸਿਆ ਹੈ ਕਿ ਸਕੂਲ ਵਿਚ ਉਨ੍ਹਾਂ ’ਤੇ ਤਸ਼ੱਦਦ ਕੀਤਾ ਜਾਂਦਾ ਸੀ; ਇਥੋਂ ਤੱਕ ਕਿ ਸਜ਼ਾ ਦੇ ਨਾਂ ਉੱਤੇ ਕਤਲ ਤੱਕ ਕਰ ਦਿੱਤਾ ਜਾਂਦਾ ਸੀ। 1870 ਤੋਂ 1996 ਤੱਕ ਲਗਭਗ ਡੇਢ ਲੱਖ ਮੂਲਨਿਵਾਸੀ ਬੱਚੇ ਇਨ੍ਹਾਂ ਸਕੂਲਾਂ ਵਿਚ ਦਾਖਲ ਸਨ। ਬਸਤੀਵਾਦੀਆਂ ਨੇ 1894 ਤੋਂ ਮਗਰੋਂ ਮੂਲਨਿਵਾਸੀ ਬੱਚਿਆਂ ਲਈ ਇਨ੍ਹਾਂ ਸਕੂਲਾਂ ਵਿਚ ਦਾਖਲ ਹੋਣਾ ਲਾਜ਼ਮੀ ਕਰਾਰ ਦੇ ਦਿੱਤਾ ਸੀ। ਇਨ੍ਹਾਂ ਸਕੂਲਾਂ ਦਾ ਮਕਸਦ ਬੱਚਿਆਂ ਨੂੰ ਸਿੱਖਿਅਤ ਕਰਨਾ ਨਹੀਂ ਸਗੋਂ ਉਨ੍ਹਾਂ ਨੂੰ ਉਨ੍ਹਾਂ ਦੇ ਭਾਈਚਾਰੇ, ਸੱਭਿਆਚਾਰ, ਆਲ਼ੇ-ਦੁਆਲ਼ੇ ਅਤੇ ਉਨ੍ਹਾਂ ਦੇ ਮਾਪਿਆਂ ਨਾਲ਼ੋਂ ਤੋੜਨਾ ਸੀ। 1883 ਵਿਚ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਜੌਹਨ ਏ ਮੈਕਡੋਨਾਲ਼ਡ ਨੇ ਇਸ ਨੀਤੀ ਸਬੰਧੀ ਆਪਣੇ ਕੋਝੇ ਮਨਸ਼ੇ ਜੱਗ-ਜ਼ਾਹਿਰ ਕਰਦਿਆਂ ਕਿਹਾ ਸੀ ਕਿ ਬੱਚਿਆਂ ਨੂੰ ਉਨ੍ਹਾਂ ਦੇ ਜੰਗਲੀ ਪਰਿਵਾਰਕ ਮਾਹੌਲ ਤੋਂ ਪਾਸੇ ਕੀਤਾ ਜਾਵੇ ਤੇ ਆਧੁਨਿਕ ਮਨੁੱਖ ਬਣਨ ਦੀ ਸਿੱਖਿਆ ਦਿੱਤੀ ਜਾਵੇ। ਮਾਪਿਆਂ ਨਾਲ਼ੋਂ ਤੋੜਨ ਦਾ ਇਨ੍ਹਾਂ ਦਾ ਇੱਕ ਮਕਸਦ ਉਨ੍ਹਾਂ ਨੂੰ ਕਾਮੇ ਬਣਾ ਕੇ ਅੰਨ੍ਹੀ ਲੁੱਟ ਨੂੰ ਅੰਜਾਮ ਦੇਣਾ ਸੀ। ਬਸਤੀਵਾਦੀ ਹੁਕਮਰਾਨਾਂ ਦਾ ਬਣਾਇਆ ‘ਇੰਡੀਅਨ ਐਕਟ’ ਹਾਕਮਾਂ ਨੂੰ ਬੱਚਿਆਂ ਨੂੰ ਮਾਪਿਆਂ ਨਾਲ਼ੋਂ ਜਬਰੀ ਅੱਡ ਕਰਨ ਦਾ ਕਾਨੂੰਨੀ ਹੱਕ ਦਿੰਦਾ ਸੀ। ਇਸ ਕਾਨੂੰਨ ਜ਼ਰੀਏ ਬੱਚਿਆਂ ਨੂੰ ਮਾਪਿਆਂ ਤੋਂ ਤਾਕਤ ਦੇ ਜ਼ੋਰ ਅਗਵਾ ਕੀਤੇ ਜਾਣ ਦਾ ਵੀ ਕਾਲ਼ਾ ਇਤਿਹਾਸ ਹੈ। ਇਸ ਕਾਰਨਾਮੇ ਵਿਚ ਬਸਤੀਵਾਦੀ ਹਾਕਮਾਂ ਦੇ ਨਾਲ਼ ਨਾਲ਼ ਚਰਚ ਵੀ ਓਨਾ ਹੀ ਸ਼ਰੀਕ ਹੈ।

ਇਨ੍ਹਾਂ ਸਕੂਲਾਂ ’ਚ ਪੜ੍ਹਦੇ ਬੱਚਿਆਂ ਲਈ ਆਪਣੇ ਸੱਭਿਆਚਾਰ ਤੇ ਧਰਮ ਦੀਆਂ ਰਹੁ-ਰੀਤਾਂ ਨੂੰ ਮੰਨਣ ਦੀ ਪਾਬੰਦੀ ਸੀ, ਆਪਣੀਆਂ ਭਾਸ਼ਾਵਾਂ ਬੋਲਣ ਦੀ ਮਨਾਹੀ ਸੀ। ਉਨ੍ਹਾਂ ਨੂੰ ਇੱਥੇ ਨਾਵਾਂ ਦੀ ਬਜਾਏ ਨੰਬਰਾਂ ਨਾਲ਼ ਸੱਦਿਆ ਜਾਂਦਾ ਸੀ। ਜ਼ਾਬਤਾ ਨਾ ਮੰਨਣ ’ਤੇ ਤਸੀਹੇ ਦਿੱਤੇ ਜਾਂਦੇ, ਕੋੜਿਆਂ ਨਾਲ਼ ਮਾਰਿਆ ਜਾਂਦਾ, ਸਿਰ ਗੰਜਾ ਕਰ ਦਿੱਤਾ ਜਾਂਦਾ ਸੀ, ਲਿੰਗਕ ਤੌਰ ’ਤੇ ਜ਼ੁਲਮ ਕੀਤਾ ਜਾਂਦਾ, ਭੋਰਿਆਂ ਵਿਚ ਬੰਦ ਕਰ ਦਿੱਤਾ ਜਾਂਦਾ ਅਤੇ ਰੋਟੀ ਪਾਣੀ ਬੰਦ ਕਰ ਦਿੱਤਾ ਜਾਂਦਾ। ਇਨ੍ਹਾਂ ਸਕੂਲਾਂ ਵਿਚ ਮੂਲਨਿਵਾਸੀ ਬੱਚਿਆਂ ਨਾਲ਼ ਸਰੀਰਕ ਅਤੇ ਲਿੰਗਕ ਜ਼ੁਲਮਾਂ ਦੇ ਐਸੇ ਢੰਗ ਵਰਤੇ ਜਾਂਦੇ ਸਨ ਕਿ ਪੜ੍ਹਨ-ਸੁਣਨ ਵਾਲ਼ੇ ਦੀ ਰੂਹ ਕੰਬ ਜਾਂਦੀ ਹੈ। ਸਕੂਲਾਂ ਵਿਚ ਹੋ ਰਹੇ ਇਸ ਕਾਰੇ ਤੋਂ ਭਾਵੇਂ ਹਾਕਮ ਅਤੇ ਚਰਚ ਪੂਰੀ ਤਰ੍ਹਾਂ ਵਾਕਿਫ ਸਨ ਪਰ ਇਨ੍ਹਾਂ ਕਦੇ ਵੀ ਇਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਹੜੇ ਵਿਦਿਆਰਥੀ ਇਹ ਤਸ਼ੱਦਦ ਝੱਲ ਕੇ ਸਕੂਲ ਤੋਂ ਘਰਾਂ ਨੂੰ ਵਾਪਸ ਆਉਂਦੇ ਤਾਂ ਦਹਾਕਿਆਂ ਤੋਂ ਮਾਪਿਆਂ ਤੋਂ ਦੂਰ ਰਹਿਣ ਕਰਕੇ ਸੱਭਿਆਚਾਰਕ ਤੌਰ ’ਤੇ ਨਾ ਤਾਂ ਉਨ੍ਹਾਂ ਨਾਲ਼ ਰਚਮਿਚ ਸਕਦੇ ਅਤੇ ਨਾ ਹੀ ਉਨ੍ਹਾਂ ਦੀ ਭਾਸ਼ਾ ਵਿਚ ਗੱਲ ਕਰ ਸਕਦੇ। ਕੈਨੇਡਾ ਦੀ ਧਰਤੀ ਦੇ ਬਸਤੀਵਾਦੀਆਂ ਨੇ ਸਿੱਖਿਆ ਦੀ ਇਸ ਨੀਤੀ ਰਾਹੀਂ ਮੂਲਨਿਵਾਸੀ ਵਸੋਂ ਦਾ ਸਰੀਰਕ ਦੇ ਨਾਲ਼ ਨਾਲ਼ ਸੱਭਿਆਚਾਰਕ ਤੌਰ ’ਤੇ ਵੀ ਖਾਤਮਾ ਕਰ ਦਿੱਤਾ। ਬਸਤੀਵਾਦੀਆਂ ਦੀ ਇਹ ਐਲਾਨੀਆ ਨੀਤੀ ਸੀ ਕਿ ‘ਮੂਲਨਿਵਾਸੀ (ਇੰਡੀਅਨ) ਨੂੰ ਉਹਦੇ ਬਚਪਨ ਵਿਚ ਹੀ ਮਾਰ ਦਿਉ ਤਾਂ ਕਿ ਅੱਗੇ ਚੱਲ ਕੇ ਸਾਡੇ ਲਈ ਸਮੱਸਿਆ ਦਾ ਸਬਬ ਨਾ ਬਣੇ।’

ਅੱਜ ਵੀ ਇਨ੍ਹਾਂ ਰਿਹਾਇਸ਼ੀ ਸਕੂਲਾਂ ਦੇ ਪੀੜਤ 80,000 ਵਿਦਿਆਰਥੀ ਜਿਊਂਦੇ ਹਨ। ਇਨ੍ਹਾਂ ਨਾਲ਼ ਹੋਏ ਜ਼ੁਲਮ ਦਾ ਇਨ੍ਹਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਕੈਮਲੂਪਸ ਵਾਲੀ ਘਟਨਾ ਨੇ ਇੱਕ ਵਾਰ ਫਿਰ ਬਸਤੀਵਾਦ ਦੇ ਜ਼ੁਲਮਾਂ ਨੂੰ ਸਭ ਦੇ ਸਾਹਮਣੇ ਲੈ ਆਂਦਾ ਹੈ ਅਤੇ ਇਹ ਘਟਨਾ ਵਿਕਾਸ ਤੇ ਤਰੱਕੀ ਦੀਆਂ ਸਿਖਰਾਂ ਉੱਤੇ ਬੈਠੇ ਕੈਨੇਡਾ-ਅਮਰੀਕਾ ਵਰਗੇ ਅਖੌਤੀ ਸੱਭਿਅਕ ਮੁਲਕਾਂ ਦੇ ਅਲੰਬਰਦਾਰ ਅਖਵਾਉਂਦੇ ਹਾਕਮਾਂ ਦਾ ਮੂੰਹ ਚਿੜਾ ਰਹੀ ਹੈ। ਕਿਰਤੀ ਲੋਕਾਂ ਨੇ ਭਾਵੇਂ ਪੂਰੀ ਦੁਨੀਆ ਵਿਚੋਂ ਬਸਤੀਵਾਦ ਦਾ ਭੋਗ ਪਾ ਦਿੱਤਾ ਹੈ ਪਰ ਮਨੁੱਖਤਾ ਵਿਰੁੱਧ ਅਜਿਹੇ ਘਿਨਾਉਣੇ ਜ਼ੁਲਮ ਢਾਹੁਣ ਵਾਲ਼ੀਆਂ ਤਾਕਤਾਂ ਅੱਜ ਵੀ ਕਈ ਮੁਲਕਾਂ ਦੇ ਰਾਜ ਪ੍ਰਬੰਧਾਂ ਵਿਚ ਮੌਜੂਦ ਹਨ। ਲੋਕ-ਪੱਖੀ ਤਾਕਤਾਂ ਨੂੰ ਅਜਿਹੇ ਰੁਝਾਨਾਂ ਖਿ਼ਲਾਫ਼ ਇਕਜੁੱਟ ਹੋ ਕੇ ਸੰਘਰਸ਼ ਕਰਦੇ ਰਹਿਣਾ ਪੈਣਾ ਹੈ।

ਛਿੰਦਰਪਾਲ

Share: