ਰੁੱਖਾਂ ਦੇ ਜਾਏ

ਉਹ ਇਕ ਇਕ ਕਰਕੇ ਆਏ। ਇਕੱਠਿਆਂ ਆਵਾਜ਼ ਬੁਲੰਦ ਕਰਦਿਆਂ ਆਪਣੀਆਂ ਬਾਹਵਾਂ ਉਲਾਰ ਦਿੱਤੀਆਂ: ਜੇਕਰ ਤੁਸੀਂ ਇਨ੍ਹਾਂ ਰੁੱਖਾਂ ਨੂੰ ਵੱਢਿਆ ਤਾਂ ਅਸੀਂ ਇਨ੍ਹਾਂ ਖਾਤਰ ਆਪਣੀਆਂ ਜਾਨਾਂ ਵਾਰ ਦਿਆਂਗੇ…।

ਪਰ ਵਾਤਾਵਰਣ ਦੇ ਦੁਸ਼ਮਣਾਂ ਨੇ ਉਨ੍ਹਾਂ ਦੀ ਇਕ ਨਾ ਸੁਣੀ। ਉਹ ਆਪਣੇ ਸੰਦਾਂ ਨਾਲ ਅੱਗੇ ਵਧਣ ਲੱਗੇ। ਵਾਤਾਵਰਣ ਪ੍ਰੇਮੀ ਵੀ ਉਨ੍ਹਾਂ ਦੇ ਅੱਗੇ ਮਨੁੱਖੀ ਦੀਵਾਰ ਬਣ ਕੇ ਖੜ੍ਹੇ ਹੋ ਗਏ।

– ਸਾਡੇ ਵਿੱਚੋਂ ਹਰ ਇਕ ਜਣਾ ਇਕ ਇਕ ਰੁੱਖ ਦੀ ਕੀਮਤ ਅਦਾ ਕਰਨ ਲਈ ਤਿਆਰ ਐ…। ਸਿਰ ਕਟਵਾਉਣ ਲਈ ਰੁੱਖਾਂ ਦੇ ਜਾਏ ਆਪਣੇ ਵੱਲੋਂ ਲਏ ਗਏ ਫ਼ੈਸਲੇ ’ਤੇ ਅਡੋਲ ਸਨ।

ਰੁੱਖਾਂ ਦੇ ਸਿਰ ਤੇ ਅੰਗ ਅੰਗ ਕਤਲ ਕਰਨ ਵਾਲਿਆਂ ’ਤੇ ਇਸ ਚੁਣੌਤੀ ਦਾ ਸਿਰਫ਼ ਇਤਨਾ ਕੁ ਅਸਰ ਹੋਇਆ ਕਿ ਉਹ ਨਿਹੱਥਿਆਂ ’ਤੇ ਪਾਣੀ ਦੀਆਂ ਬੁਛਾੜਾਂ ਕਰਨ ਲੱਗੇ।

– ਹੁਣ ਤਾਂ ਸਾਡਾ ਇਰਾਦਾ ਹੋਰ ਵੀ ਪੱਕਾ ਤੇ ਮਜ਼ਬੂਤ ਹੋ ਗਿਆ ਕਿਉਂਕਿ ਤੁਸੀਂ ਕੇਵਲ ਰੁੱਖਾਂ ਦੇ ਹੀ ਕਾਤਲ ਨਹੀਂ ਸਗੋਂ ਪਾਣੀ ਨੂੰ ਵੀ ਲਹੂ ਵਾਂਗ ਵਹਾਉਣ ਦੇ ਮੁਜਰਿਮ ਹੋ…।

ਪਰ ਜ਼ਾਲਿਮਾਂ ਨੇ ਆਪਣੀ ਮਨਆਈ ਕੀਤੀ। ਉਹ ਹੁਣ ਮਾਸੂਮਾਂ ਦੇ ਕਤਲਾਂ ਦਾ ਜਸ਼ਨ ਮਨਾਉਂਦੇ ਹੋਏ ਬੇਜ਼ੁਬਾਨ ਰੁੱਖਾਂ ਵੱਲ ਵਧ ਰਹੇ ਸਨ…।

ਸੁਖਮਿੰਦਰ ਸੇਖੋਂ

Share: