ਇਕ ਸਿੱਖ ਵਿਦਵਾਨ ਦਾ ਅਕਾਲ-ਚਲਾਣਾ

ਇਕ ਸਿੱਖ ਵਿਦਵਾਨ ਦਾ ਅਕਾਲ-ਚਲਾਣਾ

ਸਿੱਖ ਧਰਮ ਅਧਿਐਨ ਦੇ ਪ੍ਰੋਫ਼ੈਸਰ ਅਤੇ ਪ੍ਰਸਿੱਧ ਸਿੱਖ ਵਿਦਵਾਨ ਡਾ. ਜੋਧ ਸਿੰਘ 20 ਜੂਨ ਨੂੰ ਅਕਾਲ ਚਲਾਣਾ ਕਰ ਗਏ। ਆਪਣੀ ਵਿਰਾਸਤ ਅਤੇ ਵਿਭਿੰਨ ਭਾਸ਼ਾਵਾਂ ਨਾਲ ਜੁੜੇ ਇਸ ਮਹਾਨ ਵਿਦਵਾਨ ਨੇ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵਿਚ ਸਿੱਖ ਧਰਮ ਅਤੇ ਦਰਸ਼ਨ ਦੇ ਪ੍ਰਚਾਰ-ਪ੍ਰਸਾਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਜਾਣ ਨਾਲ ਸਿੱਖ ਅਧਿਐਨ ਅਤੇ ਪੰਜਾਬੀ ਭਾਸ਼ਾ ਦੇ ਪ੍ਰਸਾਰ ਵਿਚ ਵੱਡਾ ਖਲਾਅ ਪੈਦਾ ਹੋਇਆ ਹੈ।

ਡਾ. ਜੋਧ ਸਿੰਘ ਦਾ ਜਨਮ 15 ਮਈ 1942 ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਸੰਗਤਪੁਰ ਪਿੰਡ ਵਿਖੇ ਹੋਇਆ। ਰੇਲਵੇ ਦੀ ਨੌਕਰੀ ਕਰਨ ਦੇ ਆਹਰ ਵਜੋਂ ਪੰਜਾਬ ਤੋਂ ਬਾਹਰ ਬਨਾਰਸ ਜਾਣਾ ਪਿਆ। ਰੇਲਵੇ ਦੀ ਨੌਕਰੀ ਦੇ ਨਾਲ-ਨਾਲ ਇਨ੍ਹਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਐਮ. ਏ. (ਫਿਲਾਸਫੀ, ਅੰਗਰੇਜ਼ੀ, ਹਿੰਦੀ) ਪਾਸ ਕਰਨ ਉਪਰੰਤ ਪੀ-ਐਚ. ਡੀ. ਦੀ ਡਿਗਰੀ ਹਾਸਲ ਕੀਤੀ। ਗੁਰੂ ਨਾਨਕ ਦੇਵ ਜੀ ’ਤੇ ਨੇ ਪੀ-ਐਚ.ਡੀ. ਦਾ ਥੀਸਿਸ ਲਿਖਿਆ ਜਿਹੜਾ ਕਿ ‘The Religious Philosophy of Guru Nanak’ ਸਿਰਲੇਖ ਅਧੀਨ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਹੋਇਆ। 1977 ਵਿਚ ਯੂਨੀਵਰਸਿਟੀ ਦੇ ਉਸੇ ਵਿਭਾਗ ਵਿੱਚ ਖੋਜ ਦੇ ਨਾਲ ਅਧਿਆਪਨ ਕਾਰਜ ਕਰਨ ਦਾ ਮੌਕਾ ਮਿਲਿਆ ਅਤੇ ਫਿਰ ਉਸੇ ਵਿਭਾਗ ਵਿਚ ਲੈਕਚਰਾਰ ਵਜੋਂ ਨਿਯੁਕਤੀ ਹੋ ਗਈ। ਬਨਾਰਸ ਨਿਵਾਸ ਸਮੇਂ ਉਨ੍ਹਾਂ ਨੇ ਸਿੱਖ ਨੌਜਵਾਨਾਂ ਦੀ ਇਕ ਅਜਿਹੀ ਸਭਾ ਬਣਾਈ ਜਿਹੜੀ ਲੋੜਵੰਦਾਂ ਦੇ ਘਰਾਂ ਵਿਚ ਬਿਨਾਂ ਕਿਸੇ ਸੇਵਾ ਤੋਂ ਅਖੰਡ ਪਾਠ ਕਰਿਆ ਕਰਦੀ ਸੀ।

ਉਹ ਬਨਾਰਸ ਵਿਖੇ ਹੀ ਨੌਕਰੀ ਕਰ ਰਹੇ ਸਨ ਕਿ 1966 ਵਿਚ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 300ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਜੋਸ਼, ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਉਹ ਆਪਣੇ ਸਾਥੀਆਂ ਸਮੇਤ ਸਾਈਕਲਾਂ ’ਤੇ ਬਨਾਰਸ ਤੋਂ ਪਟਨਾ ਸਾਹਿਬ ਵਿਖੇ ਗਏ ਸਨ। ਸਿੱਖੀ ਪ੍ਰਤਿ ਅਜਿਹੀ ਸ਼ਰਧਾ ਭਾਵਨਾ ਨੇ ਉਨ੍ਹਾਂ ਦੇ ਅਕਾਦਮਿਕ ਜੀਵਨ ’ਤੇ ਬਹੁਤ ਗਹਿਰਾ ਪ੍ਰਭਾਵ ਪਾਇਆ ਅਤੇ ਆਪਣੇ ਜੀਵਨ ਦੇ ਅੰਤਿਮ ਸਮੇਂ ਤੱਕ ਇਸੇ ਦੇ ਪ੍ਰਚਾਰ-ਪ੍ਰਸਾਰ ਲਈ ਯਤਨਸ਼ੀਲ ਰਹੇ। ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਗੋਸ਼ਟੀਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਵਾਰਾਂ ਭਾਈ ਗੁਰਦਾਸ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਨੂੰ ਆਪਣੇ ਵਿਚਾਰ ਦੀ ਪ੍ਰੋੜ੍ਹਤਾ ਲਈ ਆਧਾਰ ਬਣਾਇਆ ਕਰਦੇ ਸਨ।

24 ਮਾਰਚ 1983 ਡਾ. ਜੋਧ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੇ ਧਰਮ ਅਧਿਐਨ ਵਿਭਾਗ ਵਿਖੇ ਚੱਲ ਰਹੇ ਐਨਸਾਈਕਲੋਪੀਡੀਆ ਆਫ਼ ਸਿੱਖ਼ਿਜ਼ਮ ਦੇ ਪ੍ਰੋਜੈਕਟ ਉੱਤੇ ਰੀਡਰ ਵਜੋਂ ਨਿਯੁਕਤ ਹੋਏ। ਇਸ ਪ੍ਰੋਜੈਕਟ ਦੇ ਐਡੀਟਰ-ਇਨ-ਚੀਫ਼ ਪ੍ਰੋ. ਹਰਬੰਸ ਸਿੰਘ ਨੇ ਉਨ੍ਹਾਂ ਦੀ ਵਿਦਵਤਾ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਇਸ ਵਿਭਾਗ ਵਿਖੇ ਰੀਡਰ ਵਜੋਂ ਕੰਮ ਕਰਨ ਦਾ ਮੌਕਾ ਪ੍ਰਦਾਨ ਕੀਤਾ। ਇਸ ਵਿਭਾਗ ਵਿਖੇ ਆਉਣ ਉਪਰੰਤ ਉਹ ਵਿਭਾਗੀ ਜ਼ਿੰਮੇਵਾਰੀਆਂ ਦੇ ਨਾਲ-ਨਾਲ ਖੋਜ ਕਾਰਜ ਲਈ ਵਿਸ਼ੇਸ਼ ਤੌਰ ’ਤੇ ਯਤਨ ਕਰਦੇ ਰਹੇ ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੇ ਬਹੁਤ ਮਹੱਤਵਪੂਰਨ ਪ੍ਰੋਜੈਕਟ ਸਫ਼ਲਤਾਪੂਰਵਕ ਸੰਪੂਰਨ ਕੀਤੇ। ਸਿੱਖ ਧਰਮ ਅਤੇ ਦਰਸ਼ਨ ਨਾਲ ਸੰਬੰਧਿਤ ਮਹੱਤਵਪੂਰਨ ਵਿਸ਼ਿਆਂ ’ਤੇ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਪੁਸਤਕਾਂ ਦੀ ਰਚਨਾ ਕੀਤੀ। ਗੁਰਮਤਿ ਵਿਚਾਰਧਾਰਾ ਸੰਬੰਧੀ ਡਾ. ਜੋਧ ਸਿੰਘ ਦੁਆਰਾ ਰਚਿਤ ਇਹ ਪੁਸਤਕਾਂ ਵਿਦਿਆਰਥੀ ਅਤੇ ਖੋਜਾਰਥੀਆਂ ਲਈ ਲਾਹੇਵੰਦ ਹਨ- ਸਿੱਖ ਸਿਧਾਂਤ ਸਰੂਪ ਤੇ ਸਮਰੱਥਾ, ਸਿੱਖ ਭਗਤੀ: ਸਰੂਪ ਤੇ ਆਧਾਰ, ਗੁਰੂ ਅਰਜਨ ਦੇਵ: ਸ਼ਹੀਦੀ ਅਤੇ ਰਚਨਾ, A Few Sikh Doctrines Reconsidered, Outlines of Sikh Philosophy, Applied Philosophy in Guru Granth Sahib, Multifaith Society: Contemporary Issues and Concerns (ed.), ਗੁਰੂ ਗ੍ਰੰਥ ਸਾਹਿਬ: ਵਾਣੀ ਏਵੰ ਸਿਧਾਂਤ (ਹਿੰਦੀ), ਸਿੱਖ ਧਰਮ ਏਵੰ ਦਰਸ਼ਨ ਕੀ ਰੂਪ ਰੇਖਾ (ਹਿੰਦੀ)। ਸਿੱਖ ਅਧਿਐਨ ਦਾ ਘੇਰਾ ਵਿਸ਼ਾਲ ਕਰਨ ਅਤੇ ਇਸ ਨੂੰ ਗ਼ੈਰ-ਸਿੱਖ ਪਾਠਕਾਂ ਤੱਕ ਲਿਜਾਣ ਲਈ ਡਾਕਟਰ ਸਾਹਿਬ ਨੇ ਮਹੱਤਵਪੂਰਨ ਕਾਰਜ ਕੀਤਾ ਹੈ। ਇਸ ਰੁਚੀ ਅਧੀਨ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਚਾਰ ਭਾਗ), ਸ੍ਰੀ ਦਸਮ ਗ੍ਰੰਥ ਸਾਹਿਬ (ਚਾਰ ਭਾਗ) ਅਤੇ ਵਾਰਾਂ ਭਾਈ ਗੁਰਦਾਸ ਜੀ ਦਾ ਹਿੰਦੀ ਅਨੁਵਾਦ ਕਰਨ ਦੇ ਨਾਲ-ਨਾਲ ਵਾਰਾਂ ਭਾਈ ਗੁਰਦਾਸ ਜੀ (ਦੋ ਭਾਗ) ਅਤੇ ਸ੍ਰੀ ਦਸਮ ਗ੍ਰੰਥ ਸਾਹਿਬ (ਦੋ ਭਾਗ) ਦਾ ਅੰਗਰੇਜ਼ੀ ਅਨੁਵਾਦ ਮੁਕੰਮਲ ਕਰਕੇ ਪਾਠਕਾਂ ਦੇ ਸਨਮੁਖ ਪੇਸ਼ ਕੀਤਾ। ਸ੍ਰੀ ਦਸਮ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਅਨੁਵਾਦ ਉਨ੍ਹਾਂ ਨੇ ਆਪਣੇ ਵਿਭਾਗੀ ਸਾਥੀ ਡਾ. ਧਰਮ ਸਿੰਘ ਨਾਲ ਸਾਂਝੇ ਤੌਰ ’ਤੇ ਅਰੰਭ ਕੀਤਾ ਸੀ ਜਿਸ ਵਿਚ ਇਸ ਗ੍ਰੰਥ ਦੀਆਂ ਪ੍ਰਮੁੱਖ ਰਚਨਾਵਾਂ ਦਾ ਅਨੁਵਾਦ ਸ਼ਾਮਲ ਹੈ।

ਯਾਤਰਾ ਡਾ. ਜੋਧ ਸਿੰਘ ਦੇ ਜੀਵਨ ਦਾ ਮਹੱਤਵਪੂਰਨ ਹਿੱਸਾ ਹੈ। ਯਾਤਰਾਵਾਂ ਦੌਰਾਨ ਉਨ੍ਹਾਂ ਨੇ ਭਾਰਤ ਦੀਆਂ ਵਿਭਿੰਨ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੇ ਨਾਲ-ਨਾਲ ਇੰਗਲੈਂਡ, ਅਮਰੀਕਾ, ਕੈਨੇਡਾ, ਸਪੇਨ, ਸਿੰਗਾਪੁਰ, ਫਰਾਂਸ, ਬੰਗਲਾਦੇਸ਼ ਆਦਿ ਮੁਲਕਾਂ ਵਿਖੇ ਹੋਈਆਂ ਵਿਚਾਰ-ਗੋਸ਼ਟੀਆਂ ਵਿਚ ਹਿੱਸਾ ਲਿਆ। ਬੰਗਲਾਦੇਸ਼ ਦੀ ਢਾਕਾ ਯੂਨੀਵਰਸਿਟੀ ਵਿਖੇ ਉਨ੍ਹਾਂ ਨੂੰ ਦੋ ਸਾਲ ਲਈ ਵਿਜ਼ਟਿੰਗ ਪ੍ਰੋਫ਼ੈਸਰ ਨਿਯੁਕਤ ਕੀਤਾ ਗਿਆ ਅਤੇ ਨਵੰਬਰ-ਦਸੰਬਰ 2010 ਦੌਰਾਨ ਉਨ੍ਹਾਂ ਨੇ ਸਿੱਖ ਧਰਮ ਦੇ ਵਿਭਿੰਨ ਪਹਿਲੂਆਂ ’ਤੇ ਵਿਸ਼ੇਸ਼ ਲੈਕਚਰ ਦਿੱਤੇ। ਯੂਨੀਵਰਸਿਟੀ ਵੱਲੋਂ ਗੁਰਦੁਆਰਾ ਨਾਨਕਸ਼ਾਹੀ ਰਮਨਾ, ਢਾਕਾ ਵਿਖੇ ਸਥਾਪਿਤ ਕੀਤੇ ਗਏ ਸਿੱਖ ਰਿਸਰਚ ਸੈਂਟਰ ਨੂੰ ਪ੍ਰਫੁਲਿਤ ਕਰਨ ਲਈ ਡਿਪਾਰਟਮੈਂਟ ਆਫ਼ ਵਰਲਡ ਰਿਲੀਜਨਜ਼ ਐਂਡ ਕਲਚਰ ਦੇ ਪ੍ਰੋਫ਼ੈਸਰ ਅਤੇ ਚੇਅਰਮੈਨ ਕਾਜ਼ੀ ਨੂਰੁਲ ਇਸਲਾਮ ਨੂੰ ਸਹਿਯੋਗ ਦਿੱਤਾ। ਇੰਡੀਅਨ ਕੌਂਸਲ ਆਫ਼ ਫ਼ਿਲਸੌਫੀਕਲ ਰਿਸਰਚ, ਦਿੱਲੀ ਵੱਲੋਂ ਨੈਸ਼ਨਲ ਲੈਕਚਰਾਰ ਨਿਯੁਕਤ ਹੋਣ ਉਪਰੰਤ ਉਨ੍ਹਾਂ ਨੇ ਭਾਰਤ ਦੀਆਂ ਵਿਭਿੰਨ ਯੂਨੀਵਰਸਿਟੀਆਂ ਵਿਖੇ ਸਿੱਖ ਧਰਮ ਅਤੇ ਦਰਸ਼ਨ ’ਤੇ ਵਿਸ਼ੇਸ਼ ਲੈਕਚਰ ਦਿੱਤੇ।

2007 ਵਿਚ ਡਾ. ਜਸਪਾਲ ਸਿੰਘ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਬਣੇ ਤਾਂ ਉਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਿਸ਼ੇਸ ਯਤਨ ਅਰੰਭ ਕੀਤੇ ਜਿਸ ਵਿਚ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਨੂੰ ਪ੍ਰਮੁੱਖ ਤੌਰ ’ਤੇ ਦੇਖਿਆ ਜਾਂਦਾ ਹੈ। ਉਨ੍ਹਾਂ ਨੇ 30 ਅਪਰੈਲ 2008 ਨੂੰ ਪੰਜਾਬੀ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਮੌਕੇ ਇਹ ਕਾਨਫਰੰਸ ਅਰੰਭ ਕੀਤੀ ਅਤੇ ਫਿਰ ਹਰ ਸਾਲ ਇਸ ਕਾਨਫ਼ਰੰਸ ਨੂੰ ਕਰਵਾਏ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਕਾਨਫ਼ਰੰਸ ਦਾ ਦੂਜਾ ਮਹੱਤਵਪੂਰਨ ਪਹਿਲੂ ਇਹ ਸੀ ਕਿ ਭਾਰਤ ਦੇ ਪੰਜਾਬੀ ਬਹ-ਗਿਣਤੀ ਇਲਾਕਿਆਂ ਵਿਚ ਇਸ ਦਾ ਆਯੋਜਨ ਹੋਣ ਲੱਗਿਆ ਅਤੇ ਸਥਾਨਕ ਪੰਜਾਬੀ ਵੱਸੋਂ ਪੰਜਾਬੀ ਯੂਨੀਵਰਸਿਟੀ ਦੇ ਸਮਾਗਮਾਂ ਵਿਚ ਸ਼ਾਮਲ ਹੋ ਕੇ ਮਾਣ ਮਹਿਸੂਸ ਕਰਨ ਲੱਗੀ। ਡਾ. ਜੋਧ ਸਿੰਘ ਨੂੰ ਇਸ ਕਾਨਫ਼ਰੰਸ ਦਾ ਚੀਫ਼ ਕੋਆਰਡੀਨੇਟਰ ਲਗਾਇਆ ਗਿਆ ਅਤੇ ਉਨ੍ਹਾਂ ਨੇ ਵਾਈਸ-ਚਾਂਸਲਰ ਦੀ ਅਗਵਾਈ ਅਧੀਨ ਧਨਬਾਦ, ਕਲਕੱਤਾ, ਇੰਦੌਰ, ਰਿਸ਼ੀਕੇਸ਼, ਬਨਾਰਸ, ਸ਼ਿਮਲਾ, ਗੰਗਾਨਗਰ ਆਦਿ ਵਿਖੇ ਸਫ਼ਲਤਾਪੂਰਵਕ ਕਾਨਫ਼ਰੰਸਾਂ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ।

ਪਹਿਲੀ ਅਗਸਤ 2019 ਤੱਕ ਡਾ. ਜੋਧ ਸਿੰਘ ਸਿੱਖ ਵਿਸ਼ਵਕੋਸ਼ ਵਿਭਾਗ ਦੇ ਮੁੱਖ ਸੰਪਾਦਕ ਵਜੋਂ ਕਾਰਜਸ਼ੀਲ ਰਹੇ ਅਤੇ ਉਨ੍ਹਾਂ ਦੀ ਸਰਪ੍ਰਸਤੀ ਅਧੀਨ ਪ੍ਰੋਫ਼ੈਸਰ ਹਰਬੰਸ ਸਿੰਘ ਵੱਲੋਂ ਅੰਗਰੇਜ਼ੀ ਭਾਸ਼ਾ ਵਿਚ ਤਿਆਰ ਕੀਤੇ ਗਏ ਨਸਾਈਕਲੋਪੀਡੀਆ ਆਫ਼ ਸਿੱਖਿਜ਼ਮ ਦੇ ਚਾਰ ਭਾਗਾਂ ਵਿਚੋਂ ਤਿੰਨ ਭਾਗਾਂ ਦਾ ਪੰਜਾਬੀ ਭਾਸ਼ਾ ਵਿਚ ਅਨੁਵਾਦ ਸੰਪੂਰਨ ਹੋ ਕੇ ਪਾਠਕਾਂ ਤੱਕ ਪਹੁੰਚ ਚੁੱਕਾ ਹੈ ਅਤੇ ਚੌਥੇ ਭਾਗ ’ਤੇ ਇਹ ਕਾਰਜ ਨਿਰੰਤਰ ਜਾਰੀ ਹੈ।

ਡਾ. ਜੋਧ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਭਿੰਨ ਅਹੁਦਿਆਂ ’ਤੇ ਕਾਰਜਸ਼ੀਲ ਰਹੇ। ਉਹ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਅਤੇ ਸਿੰਡੀਕੇਟ ਦੇ ਮੈਂਬਰ ਵੀ ਰਹੇ।

ਸਿੱਖ ਧਰਮ ਅਧਿਐਨ ਦੀਆਂ ਸੇਵਾਵਾਂ ਕਰਕੇ ਡਾ. ਜੋਧ ਸਿੰਘ ਨੂੰ ਕਈ ਸੰਸਥਾਵਾਂ ਵੱਲੋਂ ਸਨਮਾਨਿਤ ਗਿਆ। ਡਾ. ਜੋਧ ਸਿੰਘ ਦਾ ਸਮੁੱਚਾ ਜੀਵਨ ਸਿੱਖ ਅਧਿਐਨ ’ਤੇ ਕੇਂਦਰਿਤ ਰਿਹਾ ਹੈ। ਗੁਰਮਤਿ ਦਰਸ਼ਨ ਦਾ ਸੂਖ਼ਮਤਾ ਨਾਲ ਅਧਿਐਨ ਕਰਨ ਦਾ ਜਿਹੜਾ ਮਾਰਗ ਉਨ੍ਹਾਂ ਦੀ ਕਲਮ ਰਾਹੀਂ ਸਾਹਮਣੇ ਆਇਆ ਹੈ, ਵਿਦਿਆਰਥੀ ਅਤੇ ਖੋਜਾਰਥੀ ਉਸ ਤੋਂ ਹਮੇਸ਼ਾਂ ਪ੍ਰੇਰਨਾ ਲੈਂਦੇ ਰਹਿਣਗੇ।

 

ਡਾ. ਪਰਮਵੀਰ  ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Share: