ਅੰਮ੍ਰਿਤਸਰ : ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਤੇ ਮੌਜੂਦਾ ਸਮੱਸਿਆਵਾਂ ਦੇ ਹੱਲ ਵਾਸਤੇ ਸਮੁੱਚੀ ਸਿੱਖ ਕੌਮ ਨੂੰ ਖਾਲਸਾਈ ਨਿਸ਼ਾਨ ਹੇਠ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਗੁਰੂ ਦੇ ਸਿੱਖ ਹਨ ਅਤੇ ਅਕਾਲ ਤਖਤ ਨੂੰ ਆਪਸੀ ਜੰਗ ਦਾ ਅਖਾੜਾ ਨਹੀਂ ਬਣਨ ਦੇ ਸਕਦੇ ਸਨ। ਉਨ੍ਹਾਂ ਕਿਹਾ ਕਿ ਉਹ ਬਾਹਰੀ ਤਾਕਤਾਂ ਨਾਲ ਤਾਂ ਲੜ ਸਕਦੇ ਹਨ ਪਰ ਆਪਣਿਆਂ ਨਾਲ ਕੋਈ ਟਕਰਾਅ ਨਹੀਂ ਚਾਹੁੰਦੇ। ਇੱਥੇ ਅਕਾਲ ਤਖਤ ਦੇ ਸਕੱਤਰੇਤ ’ਚ ਅੱਜ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮੌਕੇ ਸਿੱਖ ਬੰਦੀਆਂ ਦੀ ਰਿਹਾਈ, ਧਰਮ ਪਰਿਵਰਤਨ ਨੂੰ ਰੋਕਣਾ, ਨਸ਼ਿਆਂ ਨੂੰ ਠੱਲ੍ਹ ਪਾਉਣਾ, ਨੌਜਵਾਨ ਪੀੜ੍ਹੀ ਨੂੰ ਬਾਣੀ ਤੇ ਬਾਣੇ ਨਾਲ ਜੋੜਨਾ ਅਹਿਮ ਕਾਰਜ ਹਨ। ਅਜਿਹੇ ਵੱਡੇ ਕਾਰਜਾਂ ਲਈ ਸਿੱਖ ਕੌਮ ਨੂੰ ਆਪਸੀ ਮੱਤਭੇਦ ਪਾਸੇ ਰੱਖ ਕੇ ਇਕਜੁੱਟ ਹੋਣਾ ਚਾਹੀਦਾ ਹੈ। ਸਮਾਗਮ ਦੌਰਾਨ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਵੱਲੋਂ ਸੰਦੇਸ਼ ਨਾ ਦੇਣ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਤੋਂ ਰੋਕੇ ਜਾਣ ਸਬੰਧੀ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਕਈ ਵਾਰ ਵੱਡੇ ਹਿੱਤਾਂ ਲਈ ਬਹੁਤ ਕੁਝ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਸ੍ਰੀ ਅਕਾਲ ਤਖਤ ਤੋਂ ਸਮੂਹ ਸਿੱਖ ਜਥੇਬੰਦੀਆਂ ਨੇ ਅਕਾਲ ਤਖਤ ਦੀ ਰਹਿਨੁਮਾਈ ਹੇਠ ਇਕਜੁੱਟ ਹੋ ਕੇ ਬੈਠਣ ਦਾ ਸੁਨੇਹਾ ਦਿੱਤਾ ਹੈ।
Posted inNews
ਅਕਾਲ ਤਖ਼ਤ ਨੂੰ ਜੰਗ ਦਾ ਅਖਾੜਾ ਨਹੀਂ ਬਣਨ ਦੇ ਸਕਦੇ: ਗੜਗੱਜ
