ਜਲੰਧਰ (ਰਾਜੇਸ਼ ਮਿੱਕੀ) ਪ੍ਰੈਸ ਐਂਡ ਮੀਡੀਆ ਕਲੱਬ (ਰਜਿ.) ਪੰਜਾਬ ਵੱਲੋਂ ਇੱਕ ਪਵਿੱਤਰ ਅਤੇ ਸੇਵਾਮਈ ਉਪਰਾਲਾ ਕਰਦਿਆਂ ਸਿੱਖ ਧਰਮ ਦੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਛਬੀਲ ਦਾ ਆਯੋਜਨ ਕੀਤਾ ਗਿਆ। ਇਹ ਛਬੀਲ ਤਹਿਸੀਲ ਕੰਪਲੈਕਸ, ਜਲੰਧਰ ਵਿਖੇ ਗੇਟ ਨੰਬਰ 4 ‘ਤੇ ਲਗਾਈ ਗਈ। ਛਬੀਲ ਰਾਹੀਂ ਗਰਮੀ ਦੇ ਮੌਸਮ ਵਿਚ ਆਉਣ-ਜਾਣ ਵਾਲਿਆਂ ਨੂੰ ਠੰਡਾ ਮਿਠਾ ਪਾਣੀ, ਅਤੇ ਸ਼ਰਬਤ ਵੰਡਿਆ ਗਿਆ।
ਇਸ ਛਬੀਲ ਵਿੱਚ ਪ੍ਰੈਸ ਐਂਡ ਮੀਡੀਆ ਕਲੱਬ (ਰਜਿ.) ਪੰਜਾਬ ਦੇ ਮੈਂਬਰਾਂ ਨੇ ਆਪਣੀ ਸਵੈਇੱਛਾ ਨਾਲ ਭਾਗ ਲਿਆ ਅਤੇ ਮਾਣਯੋਗ ਸੇਵਾ ਭਾਵ ਨਾਲ ਲੋਕਾਂ ਦੀ ਖ਼ਿਦਮਤ ਕੀਤੀ। ਸੇਵਾ ਦੇ ਦੌਰਾਨ ਕਲੱਬ ਦੇ ਮੈਂਬਰਾਂ ਨੇ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਉਸ ਮਹਾਨ ਪਰੰਪਰਾ ਨੂੰ ਅੱਗੇ ਵਧਾਇਆ ਜੋ ਸੇਵਾ, ਸਮਰਪਣ, ਅਤੇ ਸ਼ਹੀਦੀ ਦੇ ਰਾਹ ਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ। ਸੇਵਾ ਸਮਾਰੋਹ ਦੀ ਪੂਰੀ ਵਿਵਸਥਾ ਪ੍ਰੈਸ ਐਂਡ ਮੀਡੀਆ ਕਲੱਬ (ਰਜਿ.) ਪੰਜਾਬ ਵੱਲੋਂ ਸਵੈ-ਯਤਨਾਂ ਨਾਲ ਕੀਤੀ ਗਈ, ਜਿਸ ਵਿਚ ਕਲੱਬ ਦੇ ਮੈਂਬਰਾਂ ਨੇ ਖੁਦ ਯੋਗਦਾਨ ਦੇ ਕੇ ਇਹ ਛਬੀਲ ਲਗਾਈ।
ਕਲੱਬ ਦੇ ਪ੍ਰਧਾਨ ਸ. ਅੰਮ੍ਰਿਤਪਾਲ ਸਿੰਘ ਸਫਰੀ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਪ, ਤਿਆਗ ਅਤੇ ਸ਼ਹੀਦੀ ਰਾਹੀਂ ਜੋ ਅਮਨ, ਇਮਾਨਦਾਰੀ ਅਤੇ ਹਉਮੈ ਰਹਿਤ ਜੀਵਨ ਦੀ ਰਾਹਦਾਰੀ ਦੱਸੀ, ਉਸਦੀ ਯਾਦ ਵਿੱਚ ਕੀਤੀ ਇਹ ਸੇਵਾ ਕਲੱਬ ਵੱਲੋਂ ਇੱਕ ਨਿਮਾਣਾ ਜਤਨ ਸੀ। ਜਨਰਲ ਸਕੱਤਰ ਰੁਪਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਪ੍ਰੈਸ ਐਂਡ ਮੀਡੀਆ ਕਲੱਬ (ਰਜਿ.) ਪੰਜਾਬ ਦੇ ਮੈਂਬਰ ਅਤੇ ਪੱਤਰਕਾਰ ਹੋਣ ਦੇ ਨਾਤੇ ਸਾਡਾ ਫਰਜ਼ ਸਿਰਫ ਪੱਤਰਕਾਰਤਾ ਤੱਕ ਹੀ ਸੀਮਤ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ ਵੀ ਸਾਡੀ ਪਹਿਲ ਹੈ। ਉਹਨਾਂ ਕਿਹਾ ਕਿ ਭਵਿੱਖ ਵਿਚ ਵੀ ਕਲੱਬ ਵੱਲੋਂ ਇਸੇ ਤਰਾਂ ਸਮਾਜਿਕ ਅਤੇ ਧਾਰਮਿਕ ਕਾਰਜ ਕਰਵਾਉਂਦੇ ਰਹਾਂਗੇ, ਜੋ ਸਾਡੇ ਪੇਸ਼ੇ ਦੀ ਇਮਾਨਦਾਰੀ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਦੀ ਮਿਸਾਲ ਬਣਨ।
ਇਸ ਮੌਕੇ ਪ੍ਰੈਸ ਐਂਡ ਮੀਡੀਆ ਕਲੱਬ (ਰਜਿ.) ਪੰਜਾਬ ਦੇ ਪ੍ਰਧਾਨ ਸ. ਅੰਮ੍ਰਿਤਪਾਲ ਸਿੰਘ ਸਫਰੀ ਅਤੇ ਜਨਰਲ ਸਕੱਤਰ ਰੁਪਿੰਦਰ ਸਿੰਘ ਅਰੋੜਾ ਤੋਂ ਇਲਾਵਾ ਸ਼ੰਕਰ ਰਾਜਾ, ਕੈਸ਼ੀਅਰ, ਇੰਦਰਜੀਤ ਸਿੰਘ ਵਾਈਸ ਪ੍ਰਧਾਨ, ਸ੍ਰੀ ਗੌਰਵ ਕਾਂਤ, ਜੁੰਆਇੰਟ ਸਕੱਤਰ, ਸ੍ਰੀ ਰਾਜ ਕੁਮਾਰ ਕੌਲ, ਵਰਲਡ ਪੰਜਾਬੀ ਨਿਊਜ਼ ਤੋਂ ਮਨੀਸ਼ ਰਿਹਾਨ, ਰਾਜੇਸ਼ ਮਿੱਕੀ, ਸ. ਅਰਵਿੰਦਰ ਸਿੰਘ, ਦੈਨਿਕ ਜਲੰਧਰ ਨਿਊਜ਼ ਤੋਂ ਹਰਜੋਤ ਸ਼ਰਮਾ ਸ਼ਾਮਲ ਸਨ। ਇਸ ਮੌਕੇ ਜਰਨਲਿਸਟ ਪ੍ਰੈਸ ਕਲੱਬ ਦੇ ਸਰਪ੍ਰਸਤ, ਸ. ਜੇ ਐਸ ਸੰਧੂ, ਟਾਈਮ ਟੀਵੀ ਪੰਜਾਬ ਤੋਂ ਸੁਮਿਤ ਬੰਗੜ, ਗੁਰਪ੍ਰੀਤ ਸਿੰਘ, ਡਾਅਨ ਇੰਡੀਆ ਨਿਊਜ਼ ਤੋਂ ਅਨਿਲ ਵਰਮਾ, ਰੀਪਬਲਿਕ ਹੈਡਲਾਈਨ ਨਿਊਜ਼ ਤੋਂ ਦੀਪਕ ਸੈਣੀ ਅਤੇ ਹੋਰ ਪੱਤਰਕਾਰਾਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਪ੍ਰੈਸ ਐਂਡ ਮੀਡੀਆ ਕਲੱਬ (ਰਜਿ.) ਪੰਜਾਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਪ੍ਰੈਸ ਐਂਡ ਮੀਡੀਆ ਕਲੱਬ (ਰਜਿ.) ਪੰਜਾਬ ਦੇ ਪ੍ਰਧਾਨ ਸ. ਅੰਮ੍ਰਿਤਪਾਲ ਸਿੰਘ ਸਫਰੀ ਅਤੇ ਜਨਰਲ ਸਕੱਤਰ ਰੁਪਿੰਦਰ ਸਿੰਘ ਅਰੋੜਾ ਵੱਲੋਂ ਸਾਰਿਆਂ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਸਮਾਂ ਕੱਢ ਕੇ, ਦਿਲੋਂ ਯੋਗਦਾਨ ਪਾ ਕੇ, ਅਤੇ ਸੇਵਾ ਕਰਕੇ ਇਸ ਪਵਿੱਤਰ ਛਬੀਲ ਨੂੰ ਸਫਲ ਬਣਾਇਆ।