ਹਿਮਾਚਲ ਦੇ ਡੀਜੀਪੀ ਵੱਲੋਂ ਐੱਸਪੀ ਨੂੰ ਮੁਅੱਤਲ ਕਰਨ ਦੀ ਸਿਫਾਰਸ਼

ਹਿਮਾਚਲ ਪ੍ਰਦੇਸ਼ ਦੇ ਪੁਲੀਸ ਡਾਇਰੈਕਟਰ ਜਨਰਲ (ਡੀਜੀਪੀ) ਅਤੁਲ ਵਰਮਾ ਨੇ ਸ਼ਿਮਲਾ ਦੇ ਪੁਲੀਸ ਸੁਪਰਡੈਂਟ (ਐੱਸਪੀ) ਸੰਜੀਵ ਕੁਮਾਰ ਗਾਂਧੀ ਵੱਲੋਂ ਉਨ੍ਹਾਂ ਅਤੇ ਹੋਰ ਸੀਨੀਅਰ ਅਫਸਰਾਂ ਖ਼ਿਲਾਫ਼ ਲਾਏ ਗਏ ਦੋਸ਼ਾਂ ’ਤੇ ਸਖ਼ਤ ਇਤਰਾਜ਼ ਕਰਦਿਆਂ ਗਾਂਧੀ ਨੂੰ ਤੁਰੰਤ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਹੈ। ਵਧੀਕ ਮੁੱਖ ਸਕੱਤਰ (ਗ੍ਰਹਿ) ਨੂੰ ਲਿਖੇ ਪੱਤਰ ਵਿੱਚ ਡੀਜੀਪੀ ਨੇ ਕਿਹਾ ਕਿ ਗਾਂਧੀ ਨੇ ‘ਸੀਨੀਅਰ ਸਰਕਾਰੀ ਅਤੇ ਸੰਵਿਧਾਨਕ ਅਧਿਕਾਰੀਆਂ ਵਿਰੁੱਧ ਬੇਬੁਨਿਆਦ ਅਤੇ ਗੈਰ-ਵਾਜਬ ਦੋਸ਼ ਲਾਏ ਹਨ।’ ਡੀਜੀਪੀ ਨੇ ਕਿਹਾ ਕਿ ਗਾਂਧੀ ਨੂੰ ਐੱਚਪੀਪੀਸੀਐੱਲ ਇੰਜਨੀਅਰ ਵਿਮਲ ਨੇਗੀ ਦੀ ਮੌਤ ਦੀ ‘ਵਿਭਾਗੀ ਅਤੇ ਸੀਬੀਆਈ ਜਾਂਚ ਦੀ ਰਿਪੋਰਟ ਸਾਹਮਣੇ ਆਉਣ ਤੱਕ’ ਮੁਅੱਤਲ ਕਰ ਦੇਣਾ ਜਾਣਾ ਚਾਹੀਦਾ ਹੈ। ਡੀਜੀਪੀ ਨੇ ਸ਼ਿਮਲਾ ਦੇ ਐੱਸਪੀ ਵੱਲੋਂ ਕੀਤੇ ਗਏ ‘ਦੁਰਵਿਹਾਰ’ ਦੀਆਂ ਉਦਾਹਰਨਾਂ ਦਾ ਹਵਾਲਾ ਦਿੱਤਾ।

ਪੁਲੀਸ ਹੈੱਡਕੁਆਰਟਰ ਦੇ ਸੂਤਰਾਂ ਨੇ ਦੱਸਿਆ ਕਿ ਮੁੱਖ ਸਕੱਤਰ ਅਤੇ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਨੂੰ ਵੀ ਇਸੇ ਤਰ੍ਹਾਂ ਦੇ ਪੱਤਰ ਭੇਜੇ ਗਏ ਹਨ। ਇਸ ਪੱਤਰ ਦੇ ਨਾਲ ਐੱਸਪੀ ਦੀ ਮੀਡੀਆ ਨਾਲ ਗੱਲਬਾਤ ਦੀ ਵੀਡੀਓ ਵੀ ਭੇਜੀ ਗਈ ਹੈ, ਜਿਸ ਵਿੱਚ ਉਨ੍ਹਾਂ ਨੇ ਗੰਭੀਰ ਦੋਸ਼ ਲਾਏ ਸਨ। ਐੱਸਪੀ ਗਾਂਧੀ ਨੇ ਸ਼ਨਿਚਰਵਾਰ ਨੂੰ ਡੀਜੀਪੀ ’ਤੇ ਜਨਤਕ ਤੌਰ ’ਤੇ ਦੋਸ਼ ਲਾਏ ਸਨ ਕਿ ਉਨ੍ਹਾਂ ਨੇ ਵਿਮਲ ਨੇਗੀ ਮੌਤ ਮਾਮਲੇ ਦੀ ਸਿਟ ਜਾਂਚ ’ਤੇ ਸਵਾਲ ਉਠਾ ਕੇ ਗਲਤ ਇਰਾਦੇ ਨਾਲ ਗੁੰਮਰਾਹਕੁਨ ਸਟੇਟਸ ਰਿਪੋਰਟ ਦਾਇਰ ਕੀਤੀ ਹੈ ਅਤੇ ਕਈ ਮਾਮਲਿਆਂ ਵਿੱਚ ਜਾਂਚ ’ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਸਾਬਕਾ ਡੀਜੀਪੀ ਅਤੇ ਮੁੱਖ ਸਕੱਤਰ ’ਤੇ ਵੀ ਦੋਸ਼ ਲਾਏ ਸਨ। ਜ਼ਿਕਰਯੋਗ ਹੈ ਕਿ ਨੇਗੀ 10 ਮਾਰਚ ਨੂੰ ਲਾਪਤਾ ਹੋ ਗਿਆ ਸੀ ਅਤੇ 18 ਮਾਰਚ ਨੂੰ ਬਿਲਾਸਪੁਰ ’ਚੋਂ ਉਸ ਦੀ ਲਾਸ਼ ਮਿਲੀ ਸੀ। ਨੇਗੀ ਦੀ ਪਤਨੀ ਕਿਰਨ ਨੇਗੀ ਨੇ ਦੋਸ਼ ਲਾਇਆ ਸੀ ਕਿ ਨੇਗੀ ਦੇ ਸੀਨੀਅਰ ਅਧਿਕਾਰੀ ਪਿਛਲੇ ਛੇ ਮਹੀਨਿਆਂ ਤੋਂ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਉਸ ਨੇ ਇਸ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ।

Share: