ਦੇਸ਼ ’ਚ ਪੈਟਰੋਲ/ਡੀਜ਼ਲ ਦੀ ਕੋਈ ਕਮੀ ਨਹੀਂ: ਤੇਲ ਕੰਪਨੀਆਂ ਦਾ ਜਨਤਾ ਨੂੰ ਭਰੋਸਾ

ਦੇਸ਼ ’ਚ ਪੈਟਰੋਲ/ਡੀਜ਼ਲ ਦੀ ਕੋਈ ਕਮੀ ਨਹੀਂ: ਤੇਲ ਕੰਪਨੀਆਂ ਦਾ ਜਨਤਾ ਨੂੰ ਭਰੋਸਾ

ਨਵੀਂ ਦਿੱਲੀ : ਭਾਰਤ ਕੋਲ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ LPG ਦਾ ਕਾਫ਼ੀ ਸਟਾਕ ਹੈ ਅਤੇ ਇਸ ਸਬੰਧੀ ਘਬਰਾਉਣ ਤੇ ਘਬਰਾਹਟ ਵਿਚ ਆ ਕੇ ਖਰੀਦਦਾਰੀ ਦੀ ਕੋਈ ਲੋੜ ਨਹੀਂ ਹੈ। ਇਹ ਗੱਲ ਤੇਲ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਜਨਤਾ ਨੂੰ ਇਸ ਮੁਤੱਲਕ ਭਰੋਸਾ ਦਿੰਦਿਆਂ ਕਹੀ ਹੈ। ਸਰਕਾਰੀ ਮਾਲਕੀ ਵਾਲੀਆਂ ਤੇਲ ਕੰਪਨੀਆਂ – ਇੰਡੀਅਨ ਆਇਲ ਕਾਰਪੋਰੇਸ਼ਨ (Indian Oil Corporation – IOC), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (Bharat Petroleum Corporation Ltd – BPCL) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (Hindustan Petroleum Corporation Ltd – HPCL) ਨੇ ਵੱਖ-ਵੱਖ ਬਿਆਨਾਂ ਵਿੱਚ ਦੇਸ਼ ’ਚ ਲੋੜੀਂਦੇ ਸਟਾਕ ਦੀ ਉਪਲਬਧਤਾ ਅਤੇ ਸੁਚਾਰੂ ਸੰਚਾਲਨ ਪ੍ਰਬੰਧ ਹੋਣ ਦਾ ਭਰੋਸਾ ਦਿੱਤਾ ਹੈ।  ਉਨ੍ਹਾਂ ਨੇ ਇਹ ਬਿਆਨ ਸੋਸ਼ਲ ਮੀਡੀਆ ‘ਤੇ ਅਜਿਹੀਆਂ ਪੋਸਟਾਂ ਅਤੇ ਵੀਡੀਓਜ਼ ਵੱਡੇ ਪੱਧਰ ਉਤੇ ਵਾਇਰਲ ਹੋਣ ਤੋਂ ਬਾਅਦ ਦਿੱਤੇ, ਜਿਨ੍ਹਾਂ ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਵਧਣ ਕਾਰਨ ਪੈਟਰੋਲ ਪੰਪਾਂ ‘ਤੇ ਲੋਕਾਂ ਨੂੰ ਬਾਲਣ ਸਟਾਕ ਕਰਨ ਲਈ ਘਬਰਾਹਟ ਭਰੀ ਖ਼ਰੀਦਦਾਰੀ ਕਰਦਿਆਂ ਤੇ ਇਸ ਮਕਸਦ ਲਈ ਕਤਾਰਾਂ ਵਿੱਚ ਖੜ੍ਹੇ ਦਿਖਾਇਆ ਗਿਆ ਸੀ। IOC ਨੇ ਐਕਸ X ‘ਤੇ ਪਾਈ ਇੱਕ ਪੋਸਟ ਵਿੱਚ ਕਿਹਾ, ‘‘ਇੰਡੀਅਨ ਆਇਲ ਕੋਲ ਦੇਸ਼ ਭਰ ਵਿੱਚ ਬਾਲਣ ਸਟਾਕ ਕਾਫ਼ੀ ਹੈ ਅਤੇ ਸਾਡੀਆਂ ਸਪਲਾਈ ਲਾਈਨਾਂ ਸੁਚਾਰੂ ਢੰਗ ਨਾਲ ਕੰਮ ਕਰ ਰਹੀਆਂ ਹਨ।” ਇਸ ਵਿਚ ਕਿਹਾ ਗਿਆ ਹੈ, “ਘਬਰਾਉਣ ਦੀ ਖਰੀਦਦਾਰੀ ਦੀ ਕੋਈ ਲੋੜ ਨਹੀਂ ਹੈ, ਸਾਡੇ ਸਾਰੇ ਆਊਟਲੈਟਯ ‘ਤੇ ਬਾਲਣ ਅਤੇ LPG ਆਸਾਨੀ ਨਾਲ ਉਪਲਬਧ ਹਨ।” ਗ਼ੌਰਤਲਬ ਹੈ ਕਿ ਖ਼ਾਸਕਰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਸੂਬਿਆਂ ਜਿਵੇਂ ਜੰਮੂ-ਕਸ਼ਮੀਰ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਆਦਿ ਵਿਚ ਲੋਕਾਂ ’ਚ ਘਬਰਾਹਟ ਭਰੀ ਖ਼ਰੀਦਦਾਰੀ ਹੁੰਦੀ ਵਿੱਚ ਦੇਖੀ ਗਈ ਹੈ।

Share: