ਅਨੋਖੇ ਪਿੰਡ: ਸਿਆਸੀ ਖਹਿਬਾਜ਼ੀ ਤੋਂ ਪਰੇ

ਅਨੋਖੇ ਪਿੰਡ: ਸਿਆਸੀ ਖਹਿਬਾਜ਼ੀ ਤੋਂ ਪਰੇ

ਚੰਡੀਗਡ਼੍ਹ: ਪੰਜਾਬ ਵਿੱਚ ਇੱਦਾਂ ਦੇ ਪਿੰਡ ਵੀ ਹਨ ਜਿੱਥੇ ਨਾ ਕੋਈ ਸਿਆਸੀ ਖਹਿਬਾਜ਼ੀ ਹੈ ਅਤੇ ਨਾ ਹੀ ਕਦੇ ਵੋਟਾਂ ਪਈਆਂ ਹਨ। ਇਨ੍ਹਾਂ ਪਿੰਡਾਂ ’ਚ ਭਾਈਚਾਰੇ ਤੇ ਮੁਹੱਬਤ ਦੀ ਗੂੰਜ ਪੈਂਦੀ ਹੈ। ਜਦੋਂ ਭਲਕੇ ਸਮੁੱਚਾ ਦੇਸ਼ ਪੰਚਾਇਤ ਦਿਵਸ ਮਨਾ ਰਿਹਾ ਹੋਵੇਗਾ ਤਾਂ ਠੀਕ ਉਸ ਵੇਲੇ ਇਨ੍ਹਾਂ ਪਿੰਡਾਂ ਨੂੰ ਪੰਚਾਇਤ ਚੁਣਨ ਲਈ ਸਦਾ ਸਰਬਸੰਮਤੀ ਦਾ ਪੱਲਾ ਫੜਨ ’ਤੇ ਮਾਣ ਹੋਵੇਗਾ। ਇਹ ਪਿੰਡ ਵੋਟਾਂ ਦੇ ਜਾਲ ’ਚ ਨਹੀਂ ਫਸਦੇ। ਇਨ੍ਹਾਂ ਪਿੰਡਾਂ ਦੇ ਲੋਕ ਆਖਦੇ ਹਨ ਕਿ ਪੰਚਾਇਤੀ ਚੋਣਾਂ ਮੌਕੇ ਉਹ ਸਿਆਸਤ ਨੂੰ ਹਰਾਉਂਦੇ ਹਨ ਅਤੇ ਭਾਈਚਾਰੇ ਨੂੰ ਜਿਤਾਉਂਦੇ ਹਨ।

ਮੁਹਾਲੀ ਜ਼ਿਲ੍ਹੇ ਦਾ ਪਿੰਡ ਨੱਗਲ ਗੜ੍ਹੀਆਂ, ਆਕਾਰ ਪੱਖੋਂ ਤਾਂ ਛੋਟਾ ਹੈ ਪਰ ਇੱਥੋਂ ਦੇ ਲੋਕਾਂ ਦੇ ਫ਼ੈਸਲੇ ਵੱਡ ਆਕਾਰੀ ਹਨ। ਆਜ਼ਾਦੀ ਮਗਰੋਂ ਇਸ ਪਿੰਡ ’ਚ ਕਦੇ ਵੀ ਪੰਚਾਇਤੀ ਚੋਣ ਲਈ ਵੋਟਾਂ ਨਹੀਂ ਪਈਆਂ। ਇਸ ਪਿੰਡ ਦੀ ਸਿਫ਼ਤ ਹੈ ਕਿ ਇੱਕ ਚਿਹਰੇ ਨੂੰ ਸਿਰਫ਼ ਇੱਕੋ ਵਾਰ ਸਰਪੰਚੀ ਮਿਲਦੀ ਹੈ।

ਪਿੰਡ ਦੀ ਮਹਿਲਾ ਸਰਪੰਚ ਰਾਜਿੰਦਰ ਕੌਰ ਦੱਸਦੀ ਹੈ ਕਿ ਹੁਣ ਤੱਕ ਪੰਚਾਇਤ ਦੀ ਝੋਲੀ ਤਿੰਨ ਕੌਮੀ ਅਤੇ ਸਟੇਟ ਐਵਾਰਡ ਪੈ ਚੁੱਕੇ ਹਨ। ਫ਼ਾਜ਼ਿਲਕਾ ਦਾ ਪਿੰਡ ਬੁਰਹਾਨ ਦੀਨ ਵਾਲਾ (ਪੀਰ ਮੁਹੰਮਦ) ਜਿੱਥੋਂ ਦੇ ਬਜ਼ੁਰਗਾਂ ਨੇ ਸਰਬਸੰਮਤੀ ਦੀ ਐਸੀ ਮੋਹੜੀ ਗੱਡੀ ਕਿ ਅੱਜ ਤੱਕ ਲੋਕ ਬਜ਼ੁਰਗਾਂ ਦੇ ਬੋਲ ਪੁਗਾ ਰਹੇ ਹਨ।

ਪਿੰਡ ਦੀ ਸਰਪੰਚ ਪ੍ਰਕਾਸ਼ ਕੌਰ ਨੇ ਪੰਚਾਇਤ ਹਮੇਸ਼ਾ ਸਰਬਸੰਮਤੀ ਨਾਲ ਬਣਾਏ ਜਾਣ ਦੀ ਕਹਾਣੀ ’ਤੇ ਚਾਨਣਾ ਪਾਇਆ। ਉਹ ਦੱਸਦੀ ਹੈ ਕਿ ਚੋਣਾਂ ਮੌਕੇ ਪਿੰਡ ਦੇ ਲੋਕ ਪੰਚਾਇਤ ਘਰ ’ਚ ਇਕੱਠੇ ਹੋਣ ਮਗਰੋਂ ਸਰਬਸੰਮਤੀ ਨਾਲ ਪੰਚਾਇਤ ਚੁਣ ਕੇ ਘਰਾਂ ਨੂੰ ਚਲੇ ਜਾਂਦੇ ਹਨ।

ਪਿੰਡ ਪੁੰਜ ਦੀ ਸਰਪੰਚ ਹਰਪ੍ਰੀਤ ਕੌਰ ਦੱਸਦੀ ਹੈ ਕਿ ਇਹ ਸਮਝ ਲਓ ਕਿ ਪਿੰਡ ਨਿਮਰਤਾ ਦਾ ਏਨਾ ਪੁੰਜ ਹੈ ਕਿ ਸਿਆਸੀ ਸ਼ਰੀਕੇਬਾਜ਼ੀ ਤੋਂ ਦੂਰ ਹੀ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ’ਚ ਬ੍ਰਾਹਮਣ ਭਾਈਚਾਰੇ ਦੇ ਜ਼ਿਆਦਾ ਲੋਕ ਹਨ ਜਿਨ੍ਹਾਂ ਨੇ ਅੱਜ ਤੱਕ ਸਰਬਸੰਮਤੀ ਦੀ ਪਰੰਪਰਾ ’ਤੇ ਫੁੱਲ ਚੜ੍ਹਾਏ ਹਨ। ਬਰਨਾਲਾ ਦੇ ਪਿੰਡ ਲੀਲੋ ਦੇ ਲੋਕਾਂ ਦੀ ਲੀਲਾ ਵੀ ਨਿਆਰੀ ਹੈ ਜਿਨ੍ਹਾਂ ਨੇ ਕਦੇ ਪਿੰਡ ’ਚ ਠੇਕਾ ਨਹੀਂ ਖੁੱਲ੍ਹਣ ਦਿੱਤਾ। ਗ੍ਰਾਮ ਪੰਚਾਇਤ ਸ਼ਹਿਣਾ ਤੋਂ ਵੱਖ ਹੋ ਕੇ ਪਿੰਡ ਲੀਲੋ ਦੀ ਗ੍ਰਾਮ ਪੰਚਾਇਤ 1998 ’ਚ ਬਣੀ।

ਉਦੋਂ ਤੋਂ ਅੱਜ ਤੱਕ ਪਿੰਡ ’ਚ ਪੰਚਾਇਤੀ ਚੋਣ ਨਹੀਂ ਹੋਈ। ਪਿੰਡ ਲੀਲੋ ਦਾ ਸੁਰਜੀਤ ਸਿੰਘ ਕਲੇਰ 20 ਸਾਲ ਸਰਪੰਚ ਰਿਹਾ ਜਿਸ ਨੂੰ ਲੋਕਾਂ ਨੇ ਹਰੇਕ ਪੰਜ ਸਾਲ ਮਗਰੋਂ ਸਰਬਸੰਮਤੀ ਨਾਲ ਨਿਵਾਜਿਆ।

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਢਾਣੀ ਕ੍ਰਿਪਾਲ ਸਿੰਘ ਵਿੱਚ ਸਿਰਫ਼ ਜਨਰਲ ਵਰਗ ਦੇ ਲੋਕ ਹਨ। ਸਮੁੱਚਾ ਪਿੰਡ ਇੱਕੋ ਬਜ਼ੁਰਗ ਦੀ ਔਲਾਦ ਹੈ। ਢਾਣੀ ਕ੍ਰਿਪਾਲ ਸਿੰਘ ਨੂੰ ਸੰਯੁਕਤ ਪਰਿਵਾਰ ਦਾ ਦਿਓ ਕੱਦ ਨਮੂਨਾ ਵੀ ਕਿਹਾ ਜਾ ਸਕਦਾ ਹੈ। ਇਸ ਪਿੰਡ ਦਾ ਪਹਿਲਾ ਸਰਪੰਚ ਬਾਜ ਸਿੰਘ ਬਣਿਆ।

ਪਿੰਡ ਦੀ ਮੌਜੂਦਾ ਸਰਪੰਚ ਸੁਖਵਿੰਦਰ ਕੌਰ ਦਾ ਕਹਿਣਾ ਸੀ ਕਿ ਕਦੇ ਵੀ ਪਿੰਡ ਪੰਚਾਇਤੀ ਚੋਣਾਂ ਵਾਲੇ ਰਾਹ ਨਹੀਂ ਪਿਆ। ਇਵੇਂ ਹੀ ਭਾਈਚਾਰੇ ਦੀ ਸਾਂਝ ਦਾ ਇੱਕ ਨਾਮ ਹੈ ਬਸਤੀ ਨੱਥੇ ਸ਼ਾਹ ਜੋ ਬਲਾਕ ਮਮਦੋਟ ’ਚ ਪੈਂਦੀ ਹੈ। ਇਹ ਪਿੰਡ ਵੀ ਪੰਚਾਇਤੀ ਚੋਣਾਂ ਤੋਂ ਦੂਰ, ਸਰਬਸੰਮਤੀ ਦੇ ਨੇੜੇ ਹੈ। ਇਸ ਪਿੰਡ ਦੀ ਸਰਪੰਚੀ ਰਛਪਾਲ ਸਿੰਘ ਦੇ ਹਿੱਸੇ ਆਈ ਹੈ।

ਪੰਚਾਇਤ ਮੈਂਬਰ ਕੁਲਵੰਤ ਸਿੰਘ ਦੱਸਦੇ ਹਨ ਕਿ ਪਿੰਡ ਦੇ ਲੋਕ ਪੰਚਾਇਤੀ ਚੋਣਾਂ ਵੇਲੇ ਗੁਰੂ ਘਰ ’ਚ ਇਕੱਠੇ ਹੁੰਦੇ ਹਨ ਅਤੇ ਬਿਨਾਂ ਕਿਸੇ ਰੌਲੇ-ਰੱਪੇ ਤੋਂ ਸਰਬਸੰਮਤੀ ਨਾਲ ਪੰਚਾਇਤ ਚੁਣ ਲੈਂਦੇ ਹਨ। ਬਠਿੰਡਾ ਦੇ ਬਲਾਕ ਫੂਲ ਦੇ ਪਿੰਡ ਹਿੰਮਤਪੁਰਾ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਜਾਂਦੀ ਹੈ ਅਤੇ ਇੱਥੇ ਸਿਰਫ਼ ਇੱਕ ਵਾਰ ਹੀ ਵੋਟਾਂ ਪਈਆਂ ਸਨ।

ਇਸੇ ਤਰ੍ਹਾਂ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਠੇ ਗੱਜਣ ਸਿੰਘ ਵਾਲਾ ਨੇ ਵੀ ਸਰਬਸੰਮਤੀ ਨੂੰ ਆਪਣਾ ਧਰਮ ਸਮਝਿਆ ਹੋਇਆ ਹੈ। ਇਸ ਪਿੰਡ ’ਚ ਸਿਰਫ਼ ਇੱਕ ਵਾਰ ਪੰਚਾਇਤੀ ਵੋਟਾਂ ਪਈਆਂ ਹਨ। ਬਲਾਕ ਬਲਾਚੌਰ ਦਾ ਪਿੰਡ ਗੋਲੂਮਾਜਰਾ ਵੀ ਇਹੋ ਸੁਭਾਅ ਰੱਖਦਾ ਹੈ। ਸਿਆਸੀ ਧੜੇਬੰਦੀ ਤੇ ਰੰਜਸ਼ਾਂ ’ਚ ਫਸੇ ਪੰਜਾਬ ਦੇ ਪਿੰਡਾਂ ਲਈ ਸੱਚਮੁੱਚ ਇਹ ਪਿੰਡ ਰਾਹ ਦਸੇਰਾ ਹਨ ਜਿੱਥੇ ਸਮੁੱਚਾ ਪਿੰਡ ਜਿੱਤਦਾ ਹੈ।

Share: