ਰਾਜੋਆਣਾ ਮਾਮਲਾ: ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਜਥੇਬੰਦੀਆਂ ਨਾਲ ਮੀਟਿੰਗ

ਰਾਜੋਆਣਾ ਮਾਮਲਾ: ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਜਥੇਬੰਦੀਆਂ ਨਾਲ ਮੀਟਿੰਗ

ਅੰਮ੍ਰਿਤਸਰ : ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ੀ ਸਬੰਧੀ ਪਟੀਸ਼ਨ ਵਾਪਸ ਲੈਣ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਜਥੇਬੰਦੀਆਂ ਨਾਲ ਮੀਟਿੰਗਾਂ ਕਰ ਕੇ ਵਿਚਾਰ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਕੁਝ ਦਿਨ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਰਾਜੋਆਣਾ ਨੂੰ ਜੇਲ੍ਹ ਵਿੱਚ ਮਿਲ ਕੇ ਆਏ ਸਨ। ਇਸ ਸਬੰਧ ਵਿੱਚ ਅੱਜ ਸ੍ਰੀ ਧਾਮੀ ਵੱਲੋਂ ਸਿੱਖ ਧਾਰਮਿਕ ਜਥੇਬੰਦੀਆਂ ਦੇ ਵਫ਼ਦ ਨਾਲ ਮੀਟਿੰਗ ਕੀਤੀ ਹੈ। ਮੀਟਿੰਗ ਮਗਰੋਂ ਸ੍ਰੀ ਧਾਮੀ ਨੇ ਕਿਹਾ ਕਿ ਜਲਦੀ ਹੀ ਸਮੂਹ ਸਿੱਖ ਜਥੇਬੰਦੀਆਂ ਦੇ ਆਗੂਆਂ ਇਕੱਤਰਤਾ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸੱਦੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਰਾਜੋਆਣਾ ਦੇ ਮਾਮਲੇ ਵਿੱਚ 2012 ’ਚ ਪਾਈ ਪਟੀਸ਼ਨ ਵਾਪਸ ਲੈਣ ਸਬੰਧੀ ਫ਼ੈਸਲੇ ਵਾਸਤੇ ਕੌਮੀ ਰਾਏ ਬਣਾਉਣ ਦੀ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਬੈਠਕ ਵਿੱਚ ਸਾਂਝਾ ਸੁਝਾਅ ਪ੍ਰਾਪਤ ਹੋਇਆ ਹੈ ਕਿ ਸ੍ਰੀ ਰਾਜੋਆਣਾ ਸਬੰਧੀ ਪਟੀਸ਼ਨ ਵਾਪਸੀ ਦੇ ਫ਼ੈਸਲੇ ਲਈ ਕੌਮ ਦੀ ਆਮ ਰਾਏ ਲਾਜ਼ਮੀ ਹੈ। ਇਸ ਦੇ ਮੱਦੇਨਜ਼ਰ ਪੂਰੇ ਵਿਸ਼ਵ ਦਾ ਨੁਮਾਇੰਦਾ ਸਿੱਖ ਇਕੱਠ ਬੁਲਾਇਆ ਜਾਵੇਗਾ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਕੌਮੀ ਆਵਾਜ਼ ਦੇ ਮੱਦੇਨਜ਼ਰ ਪਟੀਸ਼ਨ ਦਾਇਰ ਕੀਤੀ ਸੀ ਪਰ ਦੁੱਖ ਦੀ ਗੱਲ ਹੈ ਕਿ ਲੰਬਾ ਸਮਾਂ ਬੀਤਣ ਮਗਰੋਂ ਵੀ ਸਰਕਾਰ ਦਾ ਇਸ ’ਤੇ ਨਕਾਰਾਤਮਕ ਰਵੱਈਆ ਹੈ। ਇਸ ਸਬੰਧੀ ਫ਼ੈਸਲੇ ਲਈ ਸ਼੍ਰੋਮਣੀ ਕਮੇਟੀ ਪੰਥ ਦੀ ਰਾਏ ਤੋਂ ਬਿਨਾਂ ਅੱਗੇ ਨਹੀਂ ਵਧ ਸਕਦੀ। ਇਹ ਮਾਮਲਾ ਕੌਮੀ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ, ਇਸ ਵਾਸਤੇ ਸਾਰੀਆਂ ਧਾਰਮਿਕ, ਰਾਜਸੀ, ਸਮਾਜਿਕ ਜਥੇਬੰਦੀਆਂ ਅਤੇ ਸਿੱਖ ਵਿਦਵਾਨਾਂ ਬੁੱਧੀਜੀਵੀਆਂ ਦੀ ਰਾਏ ਲਈ ਜਾਵੇਗੀ। ਇਹ ਸਮੁੱਚਾ ਕਾਰਜ ਬਿਨਾਂ ਦੇਰੀ ਕੀਤਾ ਜਾਵੇਗਾ।

Share: