ਨਵੀਂ ਦਿੱਲੀ : ਦਿੱਲੀ ਦੀ ਇਕ ਅਦਾਲਤ ਨੇ ਸੋਮਵਾਰ ਨੂੰ 26/11 ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਹੁਸੈਨ ਰਾਣਾ ਦੀ ਐੱਨਆਈਏ ਹਿਰਾਸਤ 12 ਦਿਨਾਂ ਲਈ ਵਧਾ ਦਿੱਤੀ। ਵਿਸ਼ੇਸ਼ ਐੱਨਆਈਏ ਜੱਜ ਚੰਦਰਜੀਤ ਸਿੰਘ ਨੇ ਰਾਣਾ ਦੀ ਪਿਛਲੀ 18 ਦਿਨਾਂ ਦੀ ਰਿਮਾਂਡ ਖਤਮ ਹੋਣ ਤੋਂ ਬਾਅਦ ਐੱਨਆਈਏ ਦੀ ਅਪੀਲ ’ਤੇ ਉਸਦੀ ਹਿਰਾਸਤ ਵਧਾ ਦਿੱਤੀ। ਇਸ ਦੌਰਾਨ ਰਾਣਾ ਨੂੰ ਸਖ਼ਤ ਸੁਰੱਖਿਆ ਵਿਚਕਾਰ ਆਪਣਾ ਚਿਹਰਾ ਢੱਕ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ।
ਸੀਨੀਅਰ ਵਕੀਲ ਦਯਾਨ ਕ੍ਰਿਸ਼ਨਨ ਅਤੇ ਵਿਸ਼ੇਸ਼ ਸਰਕਾਰੀ ਵਕੀਲ ਨਰਿੰਦਰ ਮਾਨ ਚੈਂਬਰ ਵਿਚ ਚੱਲ ਰਹੇ ਇਸ ਮਾਮਲੇ ਵਿਚ ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਨੁਮਾਇੰਦਗੀ ਕਰ ਰਹੇ ਹਨ। ਦਿੱਲੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਵਕੀਲ ਪੀਯੂਸ਼ ਸਚਦੇਵਾ ਰਾਣਾ ਦੀ ਨੁਮਾਇੰਦਗੀ ਕਰ ਰਹੇ ਹਨ। ਆਪਣੇ ਪਿਛਲੇ ਰਿਮਾਂਡ ਆਦੇਸ਼ ਵਿਚ ਅਦਾਲਤ ਨੇ ਐੱਨਆਈਏ ਨੂੰ ਹਰ 24 ਘੰਟਿਆਂ ਵਿੱਚ ਰਾਣਾ ਦੀ ਡਾਕਟਰੀ ਜਾਂਚ ਕਰਨ ਅਤੇ ਉਸਨੂੰ ਹਰ ਦੂਜੇ ਦਿਨ ਆਪਣੇ ਵਕੀਲ ਨੂੰ ਮਿਲਣ ਦੀ ਆਗਿਆ ਦੇਣ ਦਾ ਨਿਰਦੇਸ਼ ਦਿੱਤਾ। ਅਦਾਲਤ ਨੇ ਰਾਣਾ ਨੂੰ ਸਿਰਫ਼ ਇਕ “ਸਾਫਟ-ਟਿਪ ਪੈੱਨ” ਦੀ ਵਰਤੋਂ ਕਰਨ ਅਤੇ ਐਨਆਈਏ ਅਧਿਕਾਰੀਆਂ ਦੀ ਮੌਜੂਦਗੀ ਵਿਚ ਆਪਣੇ ਵਕੀਲ ਨੂੰ ਮਿਲਣ ਦੀ ਆਗਿਆ ਦਿੱਤੀ, ਜੋ ਸੁਣਨਯੋਗ ਦੂਰੀ ਤੋਂ ਪਾਰ ਹੋਣਗੇ। ਆਖਰੀ ਮੌਕੇ ’ਤੇ ਬਹਿਸ ਦੌਰਾਨ ਐੱਨਆਈਏ ਨੇ ਕਿਹਾ ਕਿ ਰਾਣਾ ਦੀ ਹਿਰਾਸਤ ਸਾਜ਼ਿਸ਼ ਦੇ ਪੂਰੇ ਦਾਇਰੇ ਨੂੰ ਇਕੱਠਾ ਕਰਨ ਲਈ ਜ਼ਰੂਰੀ ਸੀ ਅਤੇ ਕਿਹਾ ਕਿ ਉਸਨੂੰ 17 ਸਾਲ ਪਹਿਲਾਂ ਵਾਪਰੀਆਂ ਘਟਨਾਵਾਂ ਦਾ ਪਤਾ ਲਗਾਉਣ ਲਈ ਵੱਖ-ਵੱਖ ਥਾਵਾਂ ’ਤੇ ਲਿਜਾਣ ਦੀ ਲੋੜ ਸੀ।