ਪ੍ਰਯਾਗਰਾਜ : ਮਹਾਂਕੁੰਭ ’ਚ ਅੱਜ ਕੇਂਦਰੀ ਮੰਤਰੀਆਂ ਨਿਤਿਨ ਗਡਕਰੀ ਅਤੇ ਧਰਮੇਂਦਰ ਪ੍ਰਧਾਨ, ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਤੇ ਉੱਤਰ ਪ੍ਰਦੇਸ਼ ਦੇ ਮੰਤਰੀ ਰਾਕੇਸ਼ ਸਚਾਨ, ਯੋਗੇਂਦਰ ਉਪਾਧਿਆਏ ਤੇ ਦਇਆਸ਼ੰਕਰ ਨੇ ਤ੍ਰਿਵੇਣੀ ਸੰਗਮ ’ਚ ਇਸ਼ਨਾਨ ਕੀਤਾ।
ਸੰਗਮ ’ਚ ਪਤਨੀ ਸਣੇ ਇਸ਼ਨਾਨ ਕਰਨ ਤੋਂ ਬਾਅਦ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੀਡੀਆ ਨੂੰ ਕਿਹਾ, ‘ਗੰਗਾ ’ਚ ਇਸ਼ਨਾਨ ਤੇ ਦਰਸ਼ਨ ਪੂਜਾ ਬਹੁਤ ਵਧੀਆ ਹੋਏ। ਸਾਡੇ ਸ਼ਹਿਰ ਨਾਗਪੁਰ ਤੋਂ ਹਜ਼ਾਰਾਂ ਦੀ ਗਿਣਤੀ ’ਚ ਲੋਕ ਆਪਣੀਆਂ ਗੱਡੀਆਂ ਲੈ ਕੇ ਇੱਥੇ ਆ ਰਹੇ ਹਨ। ਸਾਨੂੰ ਲਗਦਾ ਹੈ ਕਿ ਗੰਗਾ ਮਾਂ ਦਾ ਆਸ਼ੀਰਵਾਦ ਸਭ ਨੂੰ ਮਿਲੇਗਾ।’ ਉਨ੍ਹਾਂ ਮਹਾਂਕੁੰਭ ਲਈ ਕੀਤੇ ਗਏ ਪ੍ਰਬੰਧਾਂ ਦੀ ਵੀ ਸ਼ਲਾਘਾ ਕੀਤੀ। ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੇ ਸੰਗਮ ’ਚ ਇਸ਼ਨਾਨ ਕਰਨ ਮਗਰੋਂ ਕਿਹਾ, ‘ਸੰਗਮ ’ਚ ਇਸ਼ਨਾਨ ਕਰਕੇ ਆਸ਼ੀਰਵਾਦ ਪ੍ਰਾਪਤ ਕਰਨਾ ਬਹੁਤ ਖੁਸ਼ਕਿਸਮਤੀ ਦੀ ਗੱਲ ਹੈ। ਮਹਾਂਕੁੰਭ ਸਿਰਫ਼ ਇੱਕ ਧਾਰਮਿਕ ਮੇਲਾ ਨਹੀਂ ਬਲਕਿ ਭਾਰਤ ਦੀ ਅਧਿਆਤਮਿਕ ਊਰਜਾ ਤੇ ਏਕਤਾ ਦਾ ਸਭ ਤੋਂ ਵੱਡਾ ਸੰਗਮ ਹੈ।’ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨੇ ਕਿਹਾ ਕਿ ਉਨ੍ਹਾਂ ਨੂੰ ਸੰਗਮ ’ਚ ਇਸ਼ਨਾਨ ਕਰਕੇ ਵੱਖਰੀ ਤਰ੍ਹਾਂ ਦਾ ਅਹਿਸਾਸ ਹੋ ਰਿਹਾ ਹੈ। ਦੇਸ਼ ਵਿਦੇਸ਼ ਤੋਂ ਇੱਥੇ ਆ ਕੇ ਇਸ਼ਨਾਨ ਕਰ ਰਹੇ ਲੋਕਾਂ ਨੂੰ ਉਨ੍ਹਾਂ ਵੱਲੋਂ ਵਧਾਈ।
ਇਸੇ ਤਰ੍ਹਾਂ ਮਹਾਂਕੁੰਭ ਦੇ ਪ੍ਰਮੁੱਖ ਇਸ਼ਨਾਨ ਲੰਘਣ ਦੇ ਬਾਵਜੂਦ ਸ਼ਰਧਾਲੂਆਂ ਦੀ ਗਿਣਤੀ ਘਟਣ ਦਾ ਕੋਈ ਸੰਕੇਤ ਦਿਖਾਈ ਨਹੀਂ ਦੇ ਰਿਹਾ ਅਤੇ ਅੱਜ ਸ਼ਾਮ ਤੱਕ ਅਨੁਮਾਨਿਤ ਤੌਰ ’ਤੇ 1.36 ਕਰੋੜ ਲੋਕਾਂ ਨੇ ਸੰਗਮ ’ਚ ਇਸ਼ਨਾਨ ਕੀਤਾ। ਮੇਲਾ ਪ੍ਰਸ਼ਾਸਨ ਅਨੁਸਾਰ 13 ਜਨਵਰੀ ਨੂੰ ਮਹਾਂਕੁੰਭ ਸ਼ੁਰੂ ਹੋਣ ਤੋਂ ਬਾਅਦ ਸੰਗਮ ’ਚ ਇਸ਼ਨਾਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 52.83 ਕਰੋੜ ਤੋਂ ਪਾਰ ਹੋ ਗਈ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਮਹਾਂਕੁੰਭ ਦਾ ਹਵਾਈ ਸਰਵੇਖਣ ਕੀਤਾ।
ਮੱਧ ਪ੍ਰਦੇਸ਼-ਉੱਤਰ ਪ੍ਰਦੇਸ਼ ਸਰਹੱਦ ’ਤੇ ਆਵਾਜਾਈ ਵਧੀ
ਰੀਵਾ (ਮੱਧ ਪ੍ਰਦੇਸ਼): ਮੱਧ ਪ੍ਰਦੇਸ਼ ਦੇ ਰੀਵਾ ਤੋਂ ਪ੍ਰਯਾਗਰਾਜ ਦੇ ਮਹਾਂਕੁੰਭ ਵੱਲ ਜਾਣ ਵਾਲੇ ਵਾਹਨਾਂ ਦੀ ਗਿਣਤੀ ’ਚ ਪਿਛਲੇ 24 ਘੰਟਿਆਂ ਅੰਦਰ ਵਾਧਾ ਦਰਜ ਕੀਤਾ ਗਿਆ ਹੈ ਜਿਸ ਮਗਰੋਂ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਰੀਵਾ ਜ਼ਿਲ੍ਹੇ ਦੇ ਚੱਕਘਾਟ ਸਰਹੱਦ ਤੋਂ ਹਰ ਘੰਟੇ ਤਕਰੀਬਨ ਇੱਕ ਹਜ਼ਾਰ ਵਾਹਨ ਪ੍ਰਯਾਗਰਾਜ ਵੱਲ ਵਧ ਰਹੇ ਹਨ ਜਦਕਿ ਤਕਰੀਬਨ 800 ਵਾਹਨ ਉੱਥੋਂ ਵਾਪਸ ਆ ਰਹੇ ਹਨ। ਰੀਵਾ ਜ਼ਿਲ੍ਹੇ ਦੀ ਚੱਕਘਾਟ ਸਰਹੱਦ ਤੋਂ ਤਕਰੀਬਨ 45 ਕਿਲੋਮੀਟਰ ਦੂਰ ਪ੍ਰਯਾਗਰਾਜ ਸਥਿਤ ਹੈ। ਪ੍ਰਸ਼ਾਸਨ ਨੇ ਆਵਾਜਾਈ ਕੰਟਰੋਲ ਕਰਨ ਲਈ ਪਾਰਕਿੰਗ ਦੇ ਪ੍ਰਬੰਧ ਕੀਤੇ ਹਨ।