ਵਿਦਾਇਗੀ ਪਾਰਟੀ ਲਈ 35 ਲਗਜ਼ਰੀ ਕਾਰਾਂ ਦੇ ਕਾਫਲੇ ’ਚ ਪੁੱਜੇ ਵਿਦਿਆਰਥੀ

ਵਿਦਾਇਗੀ ਪਾਰਟੀ ਲਈ 35 ਲਗਜ਼ਰੀ ਕਾਰਾਂ ਦੇ ਕਾਫਲੇ ’ਚ ਪੁੱਜੇ ਵਿਦਿਆਰਥੀ

ਸੂਰਤ : ਪੁਲੀਸ ਨੇ 12ਵੀਂ ਜਮਾਤ ਦੇ ਅਜਿਹੇ ਵਿਦਿਆਰਥੀਆਂ ਦੇ ਇਕ ਸਮੂਹ ਦੇ ਮਾਪਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਿਹੜੇ ਲਗਜ਼ਰੀ ਕਾਰਾਂ ਦੇ ਕਾਫਲੇ ਵਿੱਚ ਸਕੂਲ ਦੀ ਵਿਦਾਇਗੀ ਪਾਰਟੀ ਵਿੱਚ ਗਏ ਸਨ ਅਤੇ ਰਸਤੇ ’ਚ ਸਟੰਟ ਕਰ ਰਹੇ ਸਨ। ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ।

ਅਧਿਕਾਰੀ ਨੇ ਕਿਹਾ ਕਿ ਘੱਟੋ ਘੱਟ 22 ਕਾਰਾਂ ਜ਼ਬਤ ਕੀਤੀਆਂ ਗਈਆਂ ਹਨ। ਇਹ ਕਾਰਵਾਈ 7 ਫਰਵਰੀ ਨੂੰ ਸ਼ਹਿਰ ਦੀ ਸੜਕ ’ਤੇ ਇਕ ਸਕੂਲ ਦੇ ਘੱਟ ਉਮਰ ਦੇ ਲੜਕਿਆਂ ਵੱਲੋਂ ਬੀਐੱਮਡਬਲਿਊ, ਮਰਸਿਡੀਜ਼ ਤੇ ਪੌਰਸ਼ ਵਰਗੀਆਂ ਕਾਰਾਂ ਚਲਾਉਣ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੀਤੀ ਗਈ। ਉਨ੍ਹਾਂ ਵਿੱਚੋਂ ਕੁਝ ਨੂੰ ਖ਼ਤਰਨਾਕ ਤਰੀਕੇ ਨਾਲ ਕਾਰ ਦੇ ਦਰਵਾਜ਼ਿਆਂ ’ਤੇ ਬੈਠੇ ਜਾਂ ‘ਸਨਰੂਫ’ ਤੋਂ ਆਪਣਾ ਸਿਰ ਬਾਹਰ ਕੱਢਦੇ ਹੋਏ ਅਤੇ ਹੱਥਾਂ ਵਿੱਚ ‘ਸਮੋਕ ਗੰਨ’ ਫੜੇ ਦੇਖਿਆ ਗਿਆ। ਪੁਲੀਸ ਮੁਤਾਬਕ, ਉਹ ਸ਼ਹਿਰ ਦੇ ਓਲਪਾਡ ਇਲਾਕੇ ਵਿੱਚ ਫਾਊਂਟੇਨਹੈੱਡ ਸਕੂਲ ਵਿੱਚ ਇਕ ਵਿਦਾਇਗੀ ਸਮਾਰੋਹ ’ਚ ਸ਼ਾਮਲ ਹੋਣ ਜਾ ਰਹੇ ਸਨ।

ਵੀਡੀਓ ਸਾਹਮਣੇ ਆਉਣ ’ਤੇ ਲੋਕਾਂ ਨੇ ਇਸ ਦੀ ਆਲੋਚਨਾ ਕੀਤੀ, ਜਿਸ ਤੋਂ ਬਾਅਦ ਸਕੂਲ ਪ੍ਰਬੰਧਨ ਨੇ ਸਪੱਸ਼ਟ ਕੀਤਾ ਕਿ ਵਿਦਿਆਰਥੀਆਂ ਨੂੰ ਸਾਫ਼ ਤੌਰ ’ਤੇ ਵਾਹਨ ਚਲਾ ਕੇ ਸਕੂਲ ਨਾ ਆਉਣ ਲਈ ਕਿਹਾ ਗਿਆ ਸੀ, ਭਾਵੇਂ ਕਿ ਉਨ੍ਹਾਂ ਕੋਲ ਡਰਾਈਵਿੰਗ ਲਾਇਸੈਂਸ ਵੀ ਹੋਵੇ।

ਡੀਸੀਪੀ ਆਰਪੀ ਬਰੋਟ ਨੇ ਕਿਹਾ ਕਿ ਮਾਮਲੇ ਦੇ ਸਬੰਧ ਵਿੱਚ ਬੁੱਧਵਾਰ ਨੂੰ ਪਾਲ ਪੁਲੀਸ ਥਾਣੇ ਵਿੱਚ ਛੇ ਐੱਫਆਈਆਰਜ਼ ਦਰਜ ਕੀਤੀਆਂ ਗਈਆਂ। ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ, ‘‘ਅਸੀਂ 35 ਵਿੱਚੋਂ 26 ਕਾਰਾਂ ਦੀ ਪਛਾਣ ਕੀਤੀ ਹੈ ਅਤੇ ਹੁਣ ਤੱਕ ਉਨ੍ਹਾਂ ’ਚੋਂ 22 ਨੂੰ ਜ਼ਬਤ ਕੀਤਾ ਹੈ। ਉਨ੍ਹਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਵੀਡੀਓ ਵਿੱਚ ਤਿੰਨ ਵਿਦਿਆਰਥੀਆਂ ਨੂੰ ਗੱਡੀ ਚਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ ਜਦਕਿ ਹੋਰ ਕਾਰਾਂ ਨੂੰ ਚਾਲਕ ਚਲਾ ਰਹੇ ਸਨ। ਇਨ੍ਹਾਂ ਤਿੰਨੋਂ ਵਿਦਿਆਰਥੀਆਂ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹਨ।’’ ਬਰੋਟ ਨੇ ਕਿਹਾ ਕਿ ਇਨ੍ਹਾਂ ਤਿੰਨੋਂ ਲੜਕਿਆਂ ਦੇ ਮਾਪਿਆਂ ਖ਼ਿਲਾਫ਼ ਬਿਨਾਂ ਲਾਇਸੈਂਸ ਤੋਂ ਗੱਡੀ ਚਲਾਉਣ ਦੇਣ ਲਈ ਭਾਰਤੀ ਨਿਆਂ ਸੰਹਿਤਾ ਦੀ ਧਾਰਾ 125 (ਦੂਜਿਆਂ ਦੀ ਸੁਰੱਖਿਆ ਜਾਂ ਮਨੁੱਖੀ ਜੀਵਨ ਨੂੰ ਖ਼ਤਰੇ ਵਿੱਚ ਪਾਉਣ ਵਾਲੀ ਕਾਰਵਾਈ) ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਬਰੋਡ ਨੇ ਕਿਹਾ, ‘‘ਅਸੀਂ ਸਟੰਟ ਕਰਨ ਜਿਵੇਂ ਕਿ ਦਰਵਾਜ਼ਿਆਂ ’ਤੇ ਬੈਠਣ ਦੇ ਮਾਮਲੇ ਵਿੱਚ ਸ਼ਾਮਲ ਤਿੰਨ ਕਾਰਾਂ ਦੇ ਚਾਲਕਾਂ ਖ਼ਿਲਾਫ਼ ਵੀ ਐੱਫਆਈਆਰਜ਼ ਦਰਜ ਕੀਤੀਆਂ ਹਨ। ਉਨ੍ਹਾਂ ਖ਼ਿਲਾਫ਼ ਧਾਰਾ 281 (ਲਾਪ੍ਰਵਾਹੀ ਨਾਲ ਗੱਡੀ ਚਲਾਉਣ) ਤਹਿਤ ਕੇਸ ਦਰਜ ਕੀਤਾ ਗਿਆ ਹੈ।’’

Share: