ਬੰਗਲੂਰੂ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਤਬਦੀਲੀ ਦੇ ਕ੍ਰਾਂਤੀਕਾਰੀ ਦੌਰ ਵਿੱਚੋਂ ਲੰਘ ਰਿਹਾ ਹੈ ਅਤੇ ਦੇਸ਼ ਦੇ ਲੜਾਕੂ ਜਹਾਜ਼, ਮਿਜ਼ਾਈਲ ਪ੍ਰਣਾਲੀ, ਜਲ ਸੈਨਾ ਦੇ ਜੰਗੀ ਬੇੜੇ ਨਾ ਸਿਰਫ਼ ਸਾਡੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ ਸਗੋਂ ਪੂਰੀ ਦੁਨੀਆਂ ਲਈ ਖਿੱਚ ਦਾ ਕੇਂਦਰ ਵੀ ਬਣੇ ਹੋਏ ਹਨ।
ਰਾਜਨਾਥ ਨੇ ਇੱਥੇ ‘ਏਅਰੋ ਇੰਡੀਆ 2025’ ਦੇ ‘ਮੇਕ ਇਨ ਇੰਡੀਆ’ ਪ੍ਰੋਗਰਾਮ ਅਤੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਏਅਰੋ ਇੰਡੀਆ ਨੇ ਜੋ ਉੱਚਾਈਆਂ ਹਾਸਲ ਕੀਤੀਆਂ ਹਨ, ਉਹ ਨਾ ਸਿਰਫ਼ ਵਿਲੱਖਣ ਹਨ, ਸਗੋਂ ਇਤਿਹਾਸਕ ਵੀ ਹਨ।’’ ਉਨ੍ਹਾਂ ਕਿਹਾ, ‘‘ਮੈਂ ਪਿਛਲੇ ਤਿੰਨ ਦਿਨ ਤੋਂ ਇਸ ਪ੍ਰੋਗਰਾਮ ਵਿੱਚ ਵਿਅਕਤੀਗਤ ਤੌਰ ’ਤੇ ਮੌਜੂਦ ਹਾਂ ਅਤੇ ਜੇਕਰ ਮੈਂ ਆਪਣੇ ਅਨੁਭਵ ਨੂੰ ਤਿੰਨ ਸ਼ਬਦਾਂ ਵਿੱਚ ਪ੍ਰਗਟ ਕਰਨਾ ਹੋਵੇ ਤਾਂ ਇਹ ਹੈ ਊਰਜਾ, ਊਰਜਾ, ਊਰਜਾ।’’ ਉਨ੍ਹਾਂ ਕਿਹਾ, “ਅਸੀਂ ਯੇਲਹੰਕਾ ਵਿੱਚ ਜੋ ਕੁੱਝ ਵੀ ਦੇਖਿਆ, ਉਹ ਊਰਜਾ ਦਾ ਪ੍ਰਗਟਾਵਾ ਹੈ ਅਤੇ ਇਹ ਊਰਜਾ ਤੇ ਉਤਸ਼ਾਹ ਨਾ ਸਿਰਫ਼ ਹਿੱਸਾ ਲੈਣ ਵਾਲੇ ਭਾਰਤੀਆਂ, ਸਗੋਂ ਪੂਰੀ ਦੁਨੀਆਂ ਵਿੱਚ ਵੀ ਦੇਖਿਆ ਜਾ ਸਕਦਾ ਹੈ। ਸਾਡੇ ਉੱਦਮੀਆਂ, ਸਾਡੇ ‘ਸਟਾਰਟਅੱਪਸ’ ਅਤੇ ਨਵੀਆਂ ਕਾਢਾਂ ਕੱਢਣ ਵਾਲਿਆਂ ਵਿੱਚ ਜੋ ਉਤਸ਼ਾਹ ਦੇਖਿਆ ਗਿਆ, ਉਹ ਸ਼ਲਾਘਾਯੋਗ ਹੈ।’’
ਰੱਖਿਆ ਮੰਤਰੀ ਨੇ ਕਿਹਾ ਕਿ ਦੇਸ਼ ਬਦਲਾਅ ਦੇ ਕ੍ਰਾਂਤੀਕਾਰੀ ਦੌਰ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ, ‘‘ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਇਤਿਹਾਸਕ ਤੌਰ ’ਤੇ ਆਪਣੀਆਂ ਰੱਖਿਆ ਲੋੜਾਂ ਲਈ ਦਰਾਮਦ ’ਤੇ ਨਿਰਭਰ ਰਿਹਾ ਹੈ। ਜੇਕਰ ਮੈਂ ਇੱਕ ਦਹਾਕੇ ਪਹਿਲਾਂ ਦੀ ਗੱਲ ਕਰਾਂ ਤਾਂ ਸਾਡੇ ਦੇਸ਼ ਵਿੱਚ 65 ਤੋਂ 70 ਫੀਸਦ ਰੱਖਿਆ ਸਾਜ਼ੋ-ਸਾਮਾਨ ਦਰਾਮਦ ਕੀਤਾ ਜਾਂਦਾ ਸੀ।’’ ਉਨ੍ਹਾਂ ਕਿਹਾ, ‘‘ਜੇਕਰ ਅਸੀਂ ਅੱਜ ਦੀ ਸਥਿਤੀ ਨੂੰ ਵੇਖੀਏ ਤਾਂ ਤੁਸੀਂ ਇਸ ਨੂੰ ਹੱਲ ਜਾਂ ਚਮਤਕਾਰ ਆਖ ਸਕਦੇ ਹੋ, ਪਰ ਅੱਜ ਦੇਸ਼ ਵਿੱਚ ਲਗਪਗ ਇੰਨੇ ਹੀ ਫੀਸਦ ਰੱਖਿਆ ਸਾਜ਼ੋ-ਸਾਮਾਨ ਤਿਆਰ ਹੋ ਰਿਹਾ ਹੈ।’’
ਰਾਜਨਾਥ ਨੇ ਕਿਹਾ, ‘‘’ਅੱਜ ਅਸੀਂ ਅਜਿਹੇ ਮੋੜ ’ਤੇ ਖੜ੍ਹੇ ਹਾਂ ਜਿੱਥੇ ਲੜਾਕੂ ਜਹਾਜ਼, ਮਿਜ਼ਾਈਲ ਸਿਸਟਮ, ਜਲ ਸੈਨਾ ਦੇ ਜੰਗੀ ਬੇੜੇ ਜਾਂ ਅਜਿਹੇ ਕਈ ਉਪਕਰਨ ਅਤੇ ਪਲੇਟਫਾਰਮ ਨਾ ਸਿਰਫ ਸਾਡੀਆਂ ਸਰਹੱਦਾਂ ਦੀ ਰੱਖਿਆ ਕਰ ਰਹੇ ਹਨ, ਸਗੋਂ ਪੂਰੀ ਦੁਨੀਆਂ ਲਈ ਖਿੱਚ ਦਾ ਕੇਂਦਰ ਵੀ ਬਣ ਰਹੇ ਹਨ।’’ ਉਨ੍ਹਾਂ ਕਿਹਾ, “ਅੱਜ ਅਸੀਂ ਛੋਟੇ ਤੋਪਖਾਨਿਆਂ ਤੋਂ ਲੈ ਕੇ ਬ੍ਰਹਮੋਸ ਅਤੇ ਹਵਾਈ ਮਿਜ਼ਾਈਲ ਪ੍ਰਣਾਲੀ ਵਰਗੇ ਵੱਡੇ ਪਲੇਟਫਾਰਮਾਂ ਤੱਕ ਸਭ ਕੁੱਝ ਕਈ ਦੇਸ਼ਾਂ ਨੂੰ ਬਰਾਮਦ ਕਰ ਰਹੇ ਹਾਂ। ਇਸ ਨਾਲ ਨਾ ਸਿਰਫ਼ ਸਾਡੀ ਰੱਖਿਆ ਬਰਾਮਦ ਵਧ ਰਹੀ ਹੈ, ਸਗੋਂ ਵਿਸ਼ਵ ਪੱਧਰ ’ਤੇ ਵੱਖ-ਵੱਖ ਦੇਸ਼ਾਂ ਨਾਲ ਸਾਡੀਆਂ ਨਵੀਆਂ ਭਾਈਵਾਲੀਆਂ ਵੀ ਵਿਕਸਤ ਤੇ ਮਜ਼ਬੂਤ ਹੋ ਰਹੀਆਂ ਹਨ।’’ ਉਨ੍ਹਾਂ ਕਿਹਾ ਕਿ ਇਸ ਦਾ ਸਿਹਰਾ ਹਿੱਤਧਾਰਕਾਂ ਦੀ ਦ੍ਰਿੜ੍ਹ ਇੱਛਾਸ਼ਕਤੀ, ਦ੍ਰਿੜ੍ਹ ਵਿਸ਼ਵਾਸ ਅਤੇ ਭਰੋਸੇ ਨੂੰ ਜਾਂਦਾ ਹੈ। -ਪੀਟੀਆਈ
ਜਲ ਸੈਨਾ ਮੁਖੀ ਵੱਲੋਂ ਘਰੇਲੂ ਉਦਯੋਗ ਜਗਤ ਨੂੰ ਮਿਲ ਕੇ ਕੰਮ ਕਰਨ ਦਾ ਸੱਦਾ
ਬੰਗਲੁਰੂ: ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਨੇ ਸਮੁੰਦਰੀ ਹਵਾਈ ਖੇਤਰ ਵਿੱਚ ਹਰ ਪੱਧਰ ’ਤੇ ਸਮਰੱਥਾ ਵਧਣ ਦਾ ਦਾਅਵਾ ਕਰਦਿਆਂ ਘਰੇਲੂ ਉਦਯੋਗ ਜਗਤ ਨੂੰ ਸੱਦਾ ਦਿੱਤਾ ਕਿ ਉਹ ਮਸਲਿਆਂ ਦੇ ਹੱਲ ਲਈ ਜਲ ਸੈਨਾ ਨਾਲ ਮਿਲ ਕੇ ਕੰਮ ਕਰਨ। ਐਡਮਿਰਲ ਤ੍ਰਿਪਾਠੀ ਨੇ ਕਿਹਾ ਕਿ ਸਮੁੰਦਰੀ ਹਵਾਈ ਖੇਤਰ ਵਿੱਚ ਹਰ ਪੱਧਰ ’ਤੇ ਸਮਰੱਥਾ ਵਧੀ ਹੈ ਅਤੇ ਘਰੇਲੂ ਉਦਯੋਗ ਲਈ ਵੀ ਬਹੁਤ ਸਾਰੇ ਮੌਕੇ ਵਧ ਰਹੇ ਹਨ। ਇੱਥੇ ਏਅਰੋ ਇੰਡੀਆ ਵਿੱਚ ਕਰਵਾਏ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਵਿਸ਼ਾਲ ਮੌਕਿਆਂ ਦਾ ਪੂਰਾ ਲਾਹਾ ਲੈਣ ਲਈ ਮੈਂ ਘਰੇਲੂ ਉਦਯੋਗ ਨੂੰ ਖੋਜਾਂ, ਦੇਸ ਪੱਧਰੀ ਤੇ ਏਕੀਕ੍ਰਿਤ ਹੱਲਾਂ ਵਿੱਚ ਸਾਡੇ ਨਾਲ ਮਿਲਾ ਕੇ ਕੰਮ ਕਰਨ ਦਾ ਸੱਦਾ ਦਿੰਦਾ ਹਾਂ।’’ -ਪੀਟੀਆਈ
ਭਵਿੱਖੀ ਜੰਗ ਨਾਲ ਸਿਰਫ਼ ਟੈਕਨਾਲੌਜੀ ਨੂੰ ਜੋੜਨਾ ਹੀ ਹੱਲ ਨਹੀਂ: ਜਨਰਲ ਚੌਹਾਨ
ਬੰਗਲੁਰੂ: ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਅਨਿਲ ਚੌਹਾਨ ਨੇ ਅੱਜ ਕਿਹਾ ਕਿ ਭਵਿੱਖੀ ਜੰਗ ਨਾਲ ਟੈਕਨਾਲੌਜੀ ਨੂੰ ਜੋੜਨਾ ਹੀ ਜੰਗ ਜਿੱਤਣ ਦਾ ਇਕਲੌਤਾ ਹੱਲ ਨਹੀਂ ਹੈ। ਉਨ੍ਹਾਂ ਤਕਨੀਕੀ ਪ੍ਰਗਤੀ ਦੇ ਪੂਰਕ ਵਜੋਂ ਨਵੇਂ ਸੰਕਲਪਾਂ ਅਤੇ ਸਿਧਾਂਤਾਂ ਨੂੰ ਵਿਕਸਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਏਅਰੋ ਇੰਡੀਆ ਸ਼ੋਅ ਦੌਰਾਨ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਚੌਹਾਨ ਨੇ ਕਿਹਾ, ‘‘ਭਵਿੱਖੀ ਜੰਗ ਨਾਲ ਟੈਕਨਾਲੌਜੀ ਨੂੰ ਜੋੜਨਾ ਜਿੱਤ ਪ੍ਰਾਪਤ ਕਰਨ ਦੇ ਹੱਲ ਦਾ ਸਿਰਫ਼ ਇੱਕ ਹਿੱਸਾ ਹੈ। ਜੇਕਰ ਤੁਸੀਂ ਜਿੱਤਣਾ ਚਾਹੁੰਦੇ ਹੋ ਤਾਂ ਤੁਹਾਨੂੰ ਨਵੀਆਂ ਧਾਰਨਾਵਾਂ ਵਿਕਸਤ ਕਰਨੀਆਂ ਹੋਣਗੀਆਂ, ਨਵੇਂ ਸਿਧਾਂਤ ਘੜਨੇ ਪੈਣਗੇ।’’